ਬਠਿੰਡਾ: ਪੰਜਾਬ-ਹਰਿਆਣਾ ਦੀ ਖਨੌਰੀ ਹੱਦ ਉਤੇ ਲੱਗੇ ਕਿਸਾਨ ਮੋਰਚੇ ਵਿੱਚ ਇਕ ਹੋਰ ਕਿਸਾਨ ਦੀ ਮੌਤ ਹੋ ਗਈ। ਦੇਰ ਰਾਤ ਖਨੌਰੀ ਹੱਦ ‘ਤੇ ਕਿਸਾਨ ਅੰਦੋਲਨ ਦੌਰਾਨ ਬਠਿੰਡਾ ਜ਼ਿਲ੍ਹੇ ਦੇ ਇਕ ਕਿਸਾਨ ਦੀ ਅੱਥਰੂ ਗੈਸ ਕਰਕੇ ਮੌਤ ਹੋ ਗਈ ਹੈ। ਮ੍ਰਿਤਕ ਕਿਸਾਨ ਦੀ ਪਛਾਣ ਦਰਸ਼ਨ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਅਮਰਗੜ੍ਹ ਵਜੋਂ ਹੋਈ ਹੈ। ਇਸ ਘਟਨਾ ਦਾ ਪਤਾ ਚੱਲਦੇ ਹੀ ਬਠਿੰਡਾ ਦੇ ਪਿੰਡ ਅਮਰਗੜ੍ਹ ਵਿਖੇ ਸੋਗ ਦੀ ਲਹਿਰ ਫੈਲ ਗਈ ਅਤੇ ਵੱਡੀ ਗਿਣਤੀ ਵਿੱਚ ਪਰਿਵਾਰਿਕ ਸੱਕੇ ਸਬੰਧੀ ਦਰਸ਼ਨ ਸਿੰਘ ਦੇ ਘਰ ਸੋਗ ਪ੍ਰਗਟ ਕਰਨ ਲਈ ਪਹੁੰਚਣ ਲੱਗੇ।
ਅੱਥਰੂ ਗੈਸ ਕਰਕੇ ਗਈ ਜਾਨ: ਮ੍ਰਿਤਕ ਦਰਸ਼ਨ ਸਿੰਘ ਦੇ ਭਤੀਜੇ ਹਰਜੱਸ ਸਿੰਘ ਨੇ ਦੱਸਿਆ ਕਿ 12 ਫ਼ਰਵਰੀ ਨੂੰ ਦਰਸ਼ਨ ਸਿੰਘ ਕਿਸਾਨੀ ਅੰਦੋਲਨ ਵਿੱਚ ਸ਼ਾਮਿਲ ਹੋਣ ਲਈ ਘਰੋਂ ਗਏ ਸਨ ਅਤੇ ਉਸ ਦਿਨ ਤੋਂ ਹੀ ਖਨੌਰੀ ਵਿਖੇ ਲਗਾਤਾਰ ਮੌਜੂਦ ਸਨ। ਬੀਤੇ ਦਿਨੀ ਹਰਿਆਣਾ ਪੁਲਿਸ ਅਤੇ ਸੁਰੱਖਿਆ ਬਲਾਂ ਵੱਲੋਂ ਅੱਥਰੂ ਗੈਸ ਦੇ ਗੋਲੇ ਸੱਟੇ ਜਾਣ ਤੋਂ ਬਾਅਦ ਦਰਸ਼ਨ ਸਿੰਘ ਦੀ ਤਬੀਅਤ ਖਰਾਬ ਹੋ ਗਈ ਅਤੇ ਉਨ੍ਹਾਂ ਦੇ ਮੂੰਹ ਵਿੱਚੋਂ ਝੱਗ ਆਉਣ ਲੱਗੀ ਜਿਸ ਤੋਂ ਬਾਅਦ ਉਨਾਂ ਨੂੰ ਹਸਪਤਾਲ ਲਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।
ਥੌੜੇ ਦਿਨ ਪਹਿਲਾਂ ਕੀਤਾ ਪੁੱਤ ਦਾ ਵਿਆਹ: ਭਤੀਜੇ ਹਰਜੱਸ ਸਿੰਘ ਨੇ ਦੱਸਿਆ ਕਿ ਕਰੀਬ 15 ਦਿਨ ਪਹਿਲਾਂ ਹੀ ਦਰਸ਼ਨ ਸਿੰਘ ਵੱਲੋਂ ਆਪਣੇ ਇਕਲੌਤੇ ਬੇਟੇ ਦਾ ਵਿਆਹ ਕੀਤਾ ਸੀ ਅਤੇ ਵਿਆਹ ਕਰਨ ਉਪਰੰਤ ਹੀ ਉਹ ਕਿਸਾਨ ਅੰਦੋਲਨ ਵਿੱਚ ਚਲੇ ਗਏ ਸਨ। ਦਰਸ਼ਨ ਸਿੰਘ ਦੀ ਇੱਕ ਲੜਕੀ ਦਾ ਵਿਆਹ ਕਰੀਬ ਅੱਠ ਸਾਲ ਪਹਿਲਾਂ ਹੋਇਆ ਸੀ ਅਤੇ ਹੁਣ ਦਰਸ਼ਨ ਸਿੰਘ ਤੇ ਕਰੀਬ 10 ਲੱਖ ਰੁਪਏ ਦਾ ਕਰਜ਼ਾ ਸੀ ਅਤੇ ਅੱਠ ਏਕੜ ਜਮੀਨ ਦਾ ਮਾਲਕ ਸੀ। ਹਰਜੱਸ ਸਿੰਘ ਨੇ ਸਰਕਾਰਾਂ ਨੂੰ ਅਪੀਲ ਕੀਤੀ ਕਿ ਕਿਸਾਨਾਂ ਦੀਆਂ ਮੰਗਾਂ ਜਲਦ ਤੋਂ ਜਲਦ ਮੰਨੀਆਂ ਜਾਣ, ਕਿਉਂਕਿ ਆਏ ਦਿਨ ਆ ਰਹੀਆਂ ਲਾਸ਼ਾਂ ਕਾਰਨ ਘਰਾਂ ਦੇ ਘਰ ਬਰਬਾਦ ਹੋ ਰਹੇ ਹਨ।