ਫਰੀਦਕੋਟ: ਪੰਚਾਇਤੀ ਚੋਣਾਂ ਦੌਰਾਨ ਗੁਰਪ੍ਰੀਤ ਦੇ ਕਤਲ ਮਾਮਲੇ 'ਚ ਪੁਲਿਸ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਹੁਣ ਪੁਲਿਸ ਵੱਲੋਂ ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਸ਼ੱਕੀ ਸ਼ੂਟਰਾਂ ਦੇ ਸਕੈੱਚ ਜਾਰੀ ਕੀਤੇ ਗਏ ਹਨ। ਪੁਲਿਸ ਇਸ ਮਾਮਲੇ ਵਿੱਚ ਹੁਣ ਤੱਕ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਫੜੇ ਗਏ ਤਿੰਨੋਂ ਮੁਲਜ਼ਮ ਰਿਮਾਂਡ 'ਤੇ ਹਨ। ਅੱਜ ਪੰਜ ਦਿਨ ਦੇ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਦੋਬਾਰਾ ਫਰੀਦਕੋਟ ਦੀ ਅਦਾਲਤ ਚ ਪੇਸ਼ ਕੀਤਾ ਗਿਆ ਜਿੱਥੇ ਪੁਲਿਸ ਦੁਆਰਾ ਇਸ ਮਾਮਲੇ 'ਚ ਹੋਰ ਪੁੱਛਗਿੱਛ ਕਰਨ ਲਈ ਪੰਜ ਦਿਨ ਦਾ ਹੋਰ ਰਿਮਾਂਡ ਮੰਗਿਆ ਗਿਆ ਸੀ ਪਰ ਮਾਨਯੋਗ ਅਦਾਲਤ ਵੱਲੋਂ ਰਿਮਾਂਡ 'ਚ ਤਿੰਨ ਦਿਨ ਦਾ ਹੋਰ ਵਾਧਾ ਕਰ ਦਿੱਤਾ ਗਿਆ। ਮੁਲਜ਼ਮ ਦਾ ਮੋਟਰਸਾਈਕਲ ਜੈਤੋ ਤੋਂ ਬਰਾਮਦ ਹੋਇਆ ਹੈ। ਲੋਕ ਐਸਐਸਪੀ ਦੇ ਮੋਬਾਈਲ ਨੰਬਰ 98158 00445, ਕੋਟਕਪੂਰਾ ਦੇ ਸਦਰ ਥਾਣੇ ਦੇ ਐਸਐਚਓ ਨੂੰ 94176 46822 ਅਤੇ ਥਾਣਾ ਕੋਟਕਪੂਰਾ ਦੇ ਮੁਨਸ਼ੀ ਨੂੰ 75270 17035 ’ਤੇ ਸੂਚਨਾ ਦੇ ਸਕਦੇ ਹਨ।

ਕਤਲ 'ਚ ਛੇ ਵਿਅਕਤੀ ਨਾਮਜ਼ਦ
ਦੱਸ ਦਈਏ ਕਿ 9 ਅਕਤੂਬਰ ਨੂੰ ਗੁਰਪ੍ਰੀਤ ਸਿੰਘ ਦਾ ਕਤਲ ਹੋਇਆ ਸੀ। ਇਸ ਕਤਲ 'ਚ ਵਿਦੇਸ਼ ਬੈਠੇ ਗੈਂਗਸਟਰ ਅਰਸ਼ਦੀਪ ਸਿੰਘ ਡੱਲਾ ਅਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਲਾਲ ਸਿੰਘ ਸਮੇਤ ਛੇ ਵਿਅਕਤੀਆਂ ਨੂੰ ਕਤਲ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। ਇੱਕ ਪਾਸੇ ਪੁਲਿਸ ਵੱਲੋਂ ਅੰਮ੍ਰਿਤਪਾਲ ਦੇ ਨਾਮ ਇਸ ਕਤਲ ਨਾਲ ਜੋੜਿਆ ਜਾ ਰਿਹਾ ਤਾਂ ਦੂਜੇ ਪਾਸੇ ਮ੍ਰਿਤਕ ਦੇ ਪਰਿਵਾਰ ਵੱਲੋਂ ਅੰਮ੍ਰਿਤਪਾਲ 'ਤੇ ਧਮਕੀਆਂ ਦੇਣ ਦੇ ਇਲਜ਼ਾਮ ਲਗਾਏ ਗਏ ਹਨ। ਪੀੜਤ ਪਰਿਵਾਰ ਨੇ ਆਖਿਆ ਕਿ ਪੁਲਿਸ ਵੱਲੋਂ ਅੰਮ੍ਰਿਤਪਾਲ ਦਾ ਨਾਮ ਲਏ ਜਾਣ ਤੋਂ ਸਾਨੂੰ ਵੀ ਇਸ ਕਤਲ 'ਚ ਅੰਮ੍ਰਿਤਪਾਲ ਅਤੇ ਉਸ ਦੇ ਸਮੱਰਥਕਾਂ ਦਾ ਹੱਥ ਲੱਗ ਰਿਹਾ ਹੈ।

ਕੀ ਹੈ ਪੂਰਾ ਮਾਮਲਾ
ਕਾਬਲੇਜ਼ਿਕਰ ਹੈ ਕਿ ਗੁਰਪ੍ਰੀਤ ਦਾ 9 ਅਕਤੂਬਰ ਨੂੰ ਕਤਲ ਕਰ ਦਿੱਤਾ ਗਿਆ ਸੀ। ਉਸ ਸਮੇਂ ਗੁਰਪ੍ਰੀਤ ਸਿੰਘ ਸਰਪੰਚ ਦੇ ਅਹੁਦੇ ਲਈ ਆਪਣੇ ਸਮਰਥੱਕ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਕੇ ਘਰ ਪਰਤ ਰਿਹਾ ਸੀ ਤਾਂ ਬਾਈਕ ਸਵਾਰ ਕਾਤਲਾਂ ਨੇ ਗੋਲੀਆਂ ਚਲਾ ਕੇ ਗੁਰਪ੍ਰੀਤ ਸਿੰਘ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਇਸ ਗੋਲੀਬਾਰੀ ਵਿੱਚ ਗੁਰਪ੍ਰੀਤ ਸਿੰਘ ਨੂੰ ਚਾਰ ਗੋਲੀਆਂ ਲੱਗੀਆਂ, ਗੋਲੀ ਲੱਗਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਗੰਭੀਰ ਜ਼ਖ਼ਮੀ ਹਾਲਤ ਵਿੱਚ ਗੁਰਪ੍ਰੀਤ ਸਿੰਘ ਨੂੰ ਇਲਾਜ ਲਈ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮਾਮਲੇ ਵਿੱਚ ਐਸਆਈਟੀ ਦਾ ਗਠਨ ਕੀਤਾ ਗਿਆ।

- ਗੁਰਪ੍ਰੀਤ ਹਰੀਨੋਂ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ, ਮ੍ਰਿਤਕ ਦਾ ਪਰਿਵਾਰ ਆਇਆ ਸਾਹਮਣੇ, ਵੱਧਣਗੀਆਂ ਅੰਮ੍ਰਿਤਪਾਲ ਦੀਆਂ ਮੁਸ਼ਕਿਲਾਂ!
- ਗੁਰਪ੍ਰੀਤ ਦੇ ਕਤਲ 'ਚ ਵੱਡਾ ਖੁਲਾਸਾ, ਕਾਤਲ ਦੀ ਆਡੀਓ ਹੋਈ ਵਾਇਰਲ, ਅੰਮ੍ਰਿਤਪਾਲ ਬਾਰੇ ਵੀ ਆਖੀ ਵੱਡੀ ਗੱਲ
- ਗੁਰਪ੍ਰੀਤ ਸਿੰਘ ਹਰੀਨੋਂ ਕਤਲ 'ਚ ਐੱਮਪੀ ਅੰਮ੍ਰਿਤਪਾਲ ਦਾ ਨਾਮ ਆਇਆ ਸਾਹਮਣੇ, ਅਰਸ਼ ਡੱਲਾ ਵੀ ਕਤਲ 'ਚ ਸ਼ਾਮਿਲ, ਡੀਜੀਪੀ ਨੇ ਕੀਤੇ ਵੱਡੇ ਖੁਲਾਸੇ