ਚੰਡੀਗੜ੍ਹ: ਪੰਜਾਬੀ ਸਾਹਿਤ ਜਗਤ ਦੇ ਲਈ ਅੱਜ ਦਾ ਦਿਨ ਕਾਲੀ ਸਵੇਰ ਸਾਬਿਤ ਹੋਇਆ ਹੈ। ਪਦਮਸ਼੍ਰੀ ਸੁਰਜੀਤ ਪਾਤਰ ਸਦਾ ਲਈ ਦੁਨੀਆਂ ਨੂੰ ਅਲਵਿਦਾ ਆਖ ਗਏ। ਉਹਨਾਂ ਦੇ ਦੇਹਾਂਤ ਨਾਲ ਸਾਹਿਤ ਅਤੇ ਕਲਾ ਜਗਤ ਵਿੱਚ ਸੋਗ ਦੀ ਲਹਿਰ ਹੈ। ਉਹਨਾਂ ਦੇ ਪਰਿਵਾਰ ਦੇ ਨਾਲ ਨਾਲ ਉਹਨਾਂ ਨਾਲ ਕੰਮ ਕਰਨ ਵਾਲੇ, ਉਹਨਾਂ ਨੁੰ ਪਸੰਦ ਕਰਨ ਵਾਲੇ ਤਾਂ ਅੱਜ ਸੋਗ ਵਿੱਹ ਹੈ ਹੀ। ਉਥੇ ਹੀ ਪੰਜਾਬ ਦੀਆਂ ਨਾਮਵਰ ਸ਼ਖਸੀਅਤਾਂ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਮੁੱਖ ਮੰਤਰੀ ਮਾਨ ਨੇ ਜਤਾਇਆ ਦੁੱਖ: ਸੁਰਜੀਤ ਪਾਤਰ ਦੇ ਦੇਹਾਂਤ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਫਸੋਸ ਜ਼ਾਹਿਰ ਕਰਦੇ ਹੋਏ ਸੋਸ਼ਲ ਮੀਡੀਆ ਪੋਸਟ ਸਾਂਝੀ ਕੀਤੀ ਹੈ। ਜਿਸ ਵਿੱਚ ਉਹਨਾਂ ਲਿਖਿਆ ਕਿ 'ਪੰਜਾਬੀ ਬੋਲੀ ਦੇ ਮਾਣਮੱਤੇ ਪੁੱਤ ਸੁਰਜੀਤ ਪਾਤਰ ਸਾਹਬ ਦੇ ਅਚਾਨਕ ਚਲੇ ਜਾਣ 'ਤੇ ਬਹੁਤ ਦੁੱਖ ਹੋਇਆ..ਪੰਜਾਬੀ ਮਾਂ ਬੋਲੀ ਦਾ ਵਿਹੜਾ ਅੱਜ ਸੁੰਨਾਂ ਹੋ ਗਿਆ..
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਜਤਾਇਆ ਦੁੱਖ: ਸੁਰਜੀਤ ਪਾਤਰ ਦੇ ਦੇਹਾਂਤ 'ਤੇ ਸੁਖਬੀਰ ਬਾਦਲ ਪਾਤਰ ਸਾਹਿਬ ਦੀ ਕਵਿਤਾ ਦੇ ਬੋਲ ਲਿਖਦੇ ਹਨ ਕਿ “ਕੋਈ ਡਾਲੀਆਂ 'ਚੋਂ ਲੰਘਿਆ ਹਵਾ ਬਣਕੇ” ਮਾਂ ਬੋਲੀ ਪੰਜਾਬੀ ਦੇ ਲਾਡਲੇ ਪੁੱਤਰ, ਮਹਾਨ ਕਵੀ ਤੇ ਇਸ ਸਦੀ 'ਚ ਸਾਹਿਤ ਦੇ ਯੁੱਗ ਪੁਰਸ਼ ਸ਼੍ਰੀ ਸੁਰਜੀਤ ਪਾਤਰ ਜੀ ਦੇ ਅਕਾਲ ਚਲਾਣੇ ਨਾਲ ਸਾਹਿਤ ਦੀ ਦੁਨੀਆ ਵਿਚ ਅਜਿਹਾ ਖਲਾਅ ਪੈਦਾ ਹੋ ਗਿਆ ਹੈ ਜਿਸਨੁੰ ਭਰਨਾ ਬਹੁਤ ਹੀ ਮੁਸ਼ਕਿਲ ਹੋਵੇਗਾ। ਉਹਨਾਂ ਕਿਹਾ ਕਿ ਪਰਿਵਾਰ ਅਤੇ ਉਹਨਾਂ ਦੇ ਬੇਸ਼ੁਮਾਰ ਚਾਹੁਣ ਵਾਲਿਆਂ ਨਾਲ ਦਿਲ ਦੀਆਂ ਗਹਿਰਾਈਆਂ ਤੋਂ ਦੁੱਖ ਤੇ ਹਮਦਰਦੀ ਦਾ ਪ੍ਰਗਟਾਵਾ ਕਰਦਾ ਹਾਂ ਤੇ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਕਿ ਉਹ ਪਾਤਰ ਸਾਹਿਬ ਦੀ ਪਾਵਨ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਤੇ ਉਹਨਾਂ ਦੇ ਪਰਿਵਾਰ ਤੇ ਦੁਨੀਆਂ ਦੇ ਕੋਨੇ ਕੋਨੇ ਵਿਚ ਉਹਨਾਂ ਦੇ ਚਾਹੁਣ ਵਾਲਿਆਂ ਨੂੰ ਇਸ ਸਦਮੇ ਨੂੰ ਬਰਦਾਸ਼ਤ ਕਰਨ ਦਾ ਬਲ ਬਖ਼ਸ਼ਣ।
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਤਾਇਆ ਦੁੱਖ: ਸੁਰਜੀਤ ਪਾਤਰ ਦੇ ਦੇਹਾਂਤ 'ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਉਹਨਾਂ ਦੀ ਮਸ਼ਹੂਰ ਕਵਿਤਾ 'ਮੈਂ ਰਾਹਾਂ 'ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਨੇ! ਦੇ ਬੋਲ ਲਿਖੇ ਅਤੇ ਦੁਖ ਜ਼ਾਹਿਰ ਕੀਤਾ। ਉਹਨਾਂ ਕਿਹਾ ਕਿ ਅੱਜ ਇੱਕ ਯੁਗ ਦਾ ਅੰਤ ਹੋਇਆ ਹੈ।
ਕਾਂਗਰਸ ਦੇ ਪੰਜਾਬ ਪ੍ਰਧਾਨ ਨੇ ਕੀਤਾ ਅਫਸੋਸ ਪ੍ਰਗਟ: ਰਾਜਾ ਵੜਿੰਗ ਨੇ ਲਿਖਿਆ ਕਿ 'ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਉਸ ਨੂੰ ਦੁਨੀਆਂ ਦੇ ਨਕਸ਼ੇ ‘ਤੇ ਚਮਕਾਉਣ ਵਾਲੇ ਸਾਡੇ ਬਹੁਤ ਹੀ ਹਰਮਨ ਪਿਆਰੇ ਪਦਮ ਸ਼੍ਰੀ ਸ.ਸੁਰਜੀਤ ਪਾਤਰ ਜੀ ਦਾ ਅਕਾਲ ਚਲਾਣਾ ਕਰ ਜਾਣਾ ਜਿੱਥੇ ਬਹੁਤ ਹੀ ਦੁੱਖਦਾਈ ਹੈ ਉੱਥੇ ਹੀ ਪੰਜਾਬੀ ਸਾਹਿਤ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਇਸ ਦੁੱਖ ਦੀ ਘੜੀ ‘ਚ ਮੇਰੀ ਪਰਿਵਾਰ ਨਾਲ ਡੂੰਘੀ ਸੰਵੇਦਨਾ ਹੈ। ਵਾਹਿਗੁਰੂ ਜੀ ਨੂੰ ਨੇਕ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ।'
ਹਰਸਿਮਰਤ ਕੌਰ ਬਾਦਲ ਨੇ ਜਤਾਇਆ ਦੁੱਖ: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦੁੱਖ ਜਾਹਿਰ ਕਰਦਿਆਂ ਕਿਹਾ ਕਿ 'ਇਹ ਦੱਸਦਿਆਂ ਬਹੁਤ ਹੀ ਅਫ਼ਸੋਸ ਮਹਿਸੂਸ ਕਰ ਰਹੀ ਹਾਂ ਕਿ ਇਸ ਸਦੀ ਦੇ ਸਿਰਮੌਰ ਤੇ ਮਹਾਨ ਸ਼ਾਇਰ ਸੁਰਜੀਤ ਪਾਤਰ ਜੀ ਸਾਨੂੰ ਅਲਵਿਦਾ ਆਖ ਗਏ ਹਨ । ਸ਼ਾਂਤ ਚਿੱਤ, ਮਿਲਣਸਾਰ ਤੇ ਬਹੁਤ ਨਿੱਘੇ ਸੁਭਾਅ ਦੇ ਮਾਲਕ ਸੁਰਜੀਤ ਪਤਾਰ ਜੀ ਦਾ ਇੰਝ ਅਚਾਨਕ ਸਦੀਵੀਂ ਵਿਛੋੜਾ ਦੇ ਜਾਣਾ ਬਹੁਤ ਹੀ ਦੁਖਦਾਈ ਹੈ । ਅਕਾਲ ਪੁਰਖ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ।'
- ਪੰਜਾਬ ਦੇ ਉੱਘੇ ਕਵੀ ਸੁਰਜੀਤ ਪਾਤਰ ਦਾ ਦੇਹਾਂਤ, 79 ਸਾਲ ਦੀ ਉਮਰ 'ਚ ਲਏ ਆਖਰੀ ਸਾਹ - Surjit Patar passed away
- ਜੀਤ ਮਹਿੰਦਰ ਸਿੱਧੂ ਦੀ ਨਾਮਜ਼ਦਗੀ ਭਰਵਾਓਣ ਪਹੁੰਚੇ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਸ਼੍ਰੋਮਣੀ ਅਕਾਲੀ ਦਲ 'ਤੇ ਵੱਡਾ ਸਿਆਸੀ ਵਾਰ - Jeet Mahendra Sidhu fill nomination
- ਮਰਹੂਮ ਕਵੀ ਸੁਰਜੀਤ ਪਾਤਰ ਨੇ ਪੰਜਾਬ ਦੇ ਕਾਵਿ ਜਗਤ ਨੂੰ ਦਿੱਤੀ ਸੀ ਨਵੀਂ ਉਡਾਣ, ਕਈ ਕਵਿਤਾਵਾਂ ਪੂਰੇ ਵਿਸ਼ਵ 'ਚ ਹਨ ਮਸ਼ਹੂਰ - Patars contribution to poetry
ਜ਼ਿਕਰਯੋਗ ਹੈ ਕਿ ਪੰਜਾਬ ਦੇ ਉੱਘੇ ਕਵੀ ਅਤੇ ਸ਼ਾਇਰ ਸੁਰਜੀਤ ਪਾਤਰ ਅੱਜ 79 ਸਾਲ ਦੀ ਉਮਰ ਵਿੱਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਸੁਰਜੀਤ ਪਾਤਰ ਨੇ ਆਪਣੀ ਕਲਾ ਦੇ ਨਾਲ ਸਮਾਜ ਦੇ ਹਰ ਪਹਿਲੂ ਨੂੰ ਛੂਹਿਆ ਅਤੇ ਪੰਜਾਬ ਦੇ ਕਾਵਿ ਅਤੇ ਸਾਹਿਤ ਜਗਤ ਨੂੰ ਨਵੀਂ ਉਡਾਣ ਦਿੱਤੀ।