ਚੰਡੀਗੜ੍ਹ: ਦੀਵਾਲੀ ਤੋਂ ਪਹਿਲਾਂ ਹਰ ਮੁਲਾਜ਼ਮ ਨੂੰ ਆਪਣੀ-ਆਪਣੀ ਕੰਪਨੀ ਤੋਂ ਆਸ ਹੁੰਦੀ ਹੈ ਕਿ ਉਨ੍ਹਾਂ ਨੂੰ ਦੀਵਾਲੀ ਤੋਂ ਪਹਿਲਾਂ ਤਨਖ਼ਾਹ, ਬੋਨਸ ਅਤੇ ਕੋਈ ਤੋਹਫ਼ਾ ਜ਼ਰੂਰ ਮਿਲੇ। ਅਜਿਹੀ ਹੀ ਆਸ ਸਰਕਾਰੀ ਮੁਲਾਜ਼ਮਾਂ ਨੂੰ ਵੀ ਹੁੰਦੀ ਹੈ। 31 ਅਕਤੂਬਰ ਨੂੰ ਸਭ ਤੋਂ ਵੱਡਾ ਤਿਉਹਾਰ ਦੀਵਾਲੀ ਮਨਾਇਆ ਜਾਵੇਗਾ। ਇਸੇ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ ਵੀ ਇੱਕ ਵੱਡਾ ਫੈਸਲਾ ਲਿਆ। ਸਰਕਾਰ ਨੇ ਸੂਬੇ ਦੇ ਮੁਲਾਜ਼ਮਾਂ ਨੂੰ ਇਸ ਵਾਰ 30 ਅਕਤੂਬਰ ਨੂੰ ਹੀ ਤਨਖਾਹ ਦੇਣ ਦਾ ਫੈਸਲਾ ਕੀਤਾ ਸੀ , ਜੋ ਅੱਜ ਪੂਰਾ ਹੋਣ ਜਾ ਰਿਹਾ ਹੈ। ਇਸ ਸਬੰਧੀ ਸਰਕਾਰ ਨੇ ਨੋਟਿਸ ਜਾਰੀ ਕਰਕੇ ਸਾਰੇ ਵਿਭਾਗਾਂ ਨੂੰ ਆਦੇਸ਼ ਦਿੱਤਾ ਕਿ ਸਾਰੇ ਹੀ ਮੁਲਜ਼ਾਮਾਂ ਦੀ ਤਨਖਾਹ 30 ਅਕਤੂਬਰ ਦਿੱਤੀ ਜਾਵੇ।
ਕਰੋੜਾਂ 'ਚ ਸਰਕਾਰ ਦਾ ਤਨਖਾਹ ਬਜਟ
ਗੌਰਤਲਬ ਹੈ ਕਿ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀ ਗਿਣਤੀ ਲੱਖਾਂ ਦੇ ਵਿੱਚ ਹੈ। ਇਸ 'ਚ ਸਰਕਾਰ ਦੇ ਰੈਗੂਲਰ, ਕੰਟਰੈਕਟ, ਅਡਹਾੱਕ ਜਾਂ ਡੇਲੀਬੇਸ ਦੇ ਮੁਲਾਜ਼ਮ ਵੀ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਪੰਜਾਬ ਦੇ ਕਈ ਅਰਧ-ਸਰਕਾਰੀ ਅਦਾਰੇ ਵੀ ਹਨ। ਇੰਨ੍ਹਾਂ ਨੂੰ ਹਰ ਮਹੀਨੇ ਮਿਲਣ ਵਾਲੀ ਤਨਖਾਹ ਲੱਗਭਗ ਤਿੰਨ ਸੋ ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ। ਉਥੇ ਹੀ ਇਸ ਦੀਵਾਲੀ ਸਰਕਾਰ ਵਲੋਂ ਮੁਲਾਜ਼ਮਾਂ ਨੂੰ ਤਨਖਾਹ ਦੇ ਨਾਲ ਬੋਨਸ ਜਾਂ ਡੀਏ 'ਚ ਵਾਧਾ ਕਰਕੇ ਕੁਝ ਦਿੱਤਾ ਜਾਂਦਾ ਹੈ ਜਾਂ ਨਹੀਂ ਇਹ ਤਾਂ ਤਨਖਾਹ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ।
ਦੀਵਾਲੀ ਤੋਂ ਪਹਿਲਾਂ ਤਨਖਾਹ
ਸਰਕਾਰ ਵਲੋਂ ਦੀਵਾਲੀ ਤੋਂ ਪਹਿਲਾਂ ਤਨਖਾਹ ਦੇਣ ਦਾ ਐਲਾਨ ਜ਼ਰੂਰ ਕੀਤਾ ਗਿਆ ਹੈ ਪਰ ਕਿਤੇ ਨਾ ਕਿਤੇ ਮੁਲਾਜ਼ਮ ਹਾਲੇ ਵੀ ਸਰਕਾਰ ਤੋਂ ਨਾਖੁਸ਼ ਲੱਗ ਰਹੇ ਹਨ। ਜਿਸ ਦੇ ਚੱਲਦੇ ਉਨ੍ਹਾਂ ਵਲੋਂ ਸਰਕਾਰ ਦੇ ਖਿਲਾਫ਼ ਪ੍ਰਦਰਨ ਵੀ ਕੀਤੇ ਜਾ ਰਹੇ ਹਨ। ਸਰਕਾਰ ਨੇ ਦੀਵਾਲੀ ਦੇ ਮੱਦੇਨਜ਼ਰ ਤਨਖਾਹ 30 ਅਕਤੂਬਰ ਨੂੰ ਦੇਣ ਦਾ ਐਲਾਨ ਕੀਤਾ ਹੈ, ਜੋ ਆਮ ਮਹੀਨਿਆਂ ਤੋਂ ਦੋ ਦਿਨ ਪਹਿਲਾਂ ਤਨਖਾਹ ਮਿਲ ਰਹੀ ਹੈ ਤੇ ਮੁਲਾਜ਼ਮਾਂ ਆਪਣੇ ਪਰਿਵਾਰਾਂ ਨਾਲ ਦੀਵਾਲੀ ਮਨਾ ਸਕਦੇ ਹਨ। ਉਥੇ ਹੀ ਡੀਏ ਦੇ ਵਾਧੇ ਨੂੰ ਲੈ ਕੇ ਲਗਾਤਾਰ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਮੁਲਾਜ਼ਮਾਂ ਨੂੰ ਦਿੱਤਾ ਜਾ ਰਿਹਾ ਡੀਏ 38 ਪ੍ਰਤੀਸ਼ਤ ਹੈ, ਜਦੋਂ ਕਿ ਹੋਰਨਾਂ ਸੂਬਿਆਂ ਵਿੱਚ ਸਰਕਾਰੀ ਮੁਲਾਜ਼ਮਾਂ ਨੂੰ ਦਿੱਤਾ ਜਾ ਰਿਹਾ ਡੀਏ 53 ਪ੍ਰਤੀਸ਼ਤ ਹੈ। ਜਿਸ ਕਾਰਨ ਮੁਲਾਜ਼ਮਾਂ ਦੀ ਸਰਕਾਰ ਪ੍ਰਤੀ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ।
ਡੀਏ ਦੀ ਮੰਗ ਨੂੰ ਲੈਕੇ ਪ੍ਰਦਰਸ਼ਨ
ਕਾਬਿਲੇਗੌਰ ਹੈ ਕਿ ਪਹਿਲਾਂ ਸੂਬੇ ਭਰ ਦੇ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਵੱਲੋਂ ਇਕ ਤਰੀਕ ਨੂੰ ਤਨਖਾਹ ਦਿੱਤੀ ਜਾਂਦੀ ਸੀ। ਜਿਸ ਦੇ ਚੱਲਦੇ ਇਸ ਵਾਰ ਸਿਰਫ਼ ਦੋ ਦਿਨ ਪਹਿਲਾਂ ਉਨ੍ਹਾਂ ਦੀ ਤਨਖਾਹ ਆ ਰਹੀ ਹੈ। ਇਸ ਨੂੰ ਲੈਕੇ ਵੀ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇੱਕ ਜਾਂ ਦੋ ਦਿਨ ਪਹਿਲਾਂ ਤਨਖਾਹ ਮਿਲਣ ਨਾਲ ਮਸਲੇ ਹੱਲ ਨਹੀਂ ਹੋਣੇ, ਸਗੋਂ ਸਰਕਾਰ ਦੂਜੇ ਸੂਬਿਆਂ ਦੇ ਬਰਾਬਰ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਡੀਏ ਦੇਣਾ ਸ਼ੁਰੂ ਕਰੇ। ਉਥੇ ਹੀ ਮੁਲਾਜ਼ਮਾਂ ਦੀ ਇਸ ਮੰਗ ਨੂੰ ਲੈਕੇ ਸੂਬੇ ਭਰ 'ਚ ਲਗਾਤਾਰ ਸਰਕਾਰੀ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤੇ ਜਾ ਰਹੇ ਹਨ।