ਬਠਿੰਡਾ: ਨਗਰ ਨਿਗਮ ਬਠਿੰਡਾ ਵੱਲੋਂ ਟਰੈਫਿਕ ਵਿੱਚ ਸੁਧਾਰਾਂ ਨੂੰ ਲੈ ਕੇ ਚਲਾਈ ਗਈ ਟੋ ਵੈਨ ਨੂੰ ਲੈ ਕੇ ਪ੍ਰਦਰਸ਼ਨ ਕਰਨ ਵਾਲੇ ਵਪਾਰੀਆਂ ਵੱਲੋਂ ਮੇਅਰ ਖਿਲਾਫ ਵਰਤੇ ਗਏ ਅਪ-ਸ਼ਬਦਾਂ ਨੂੰ ਲੈ ਕੇ ਨਗਰ ਨਿਗਮ ਦੇ ਕੌਂਸਲਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸੇ ਰੋਸ ਦੇ ਚੱਲਦਿਆਂ ਅੱਜ ਵੱਡੀ ਗਿਣਤੀ ਵਿੱਚ ਨਗਰ ਨਿਗਮ ਵਿੱਚ ਇਕੱਠੇ ਹੋਏ ਕੌਂਸਲਰਾਂ ਵੱਲੋਂ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਬਠਿੰਡਾ ਨੂੰ ਸ਼ਿਕਾਇਤ ਦਿੰਦੇ ਹੋਏ ਅਪ-ਸ਼ਬਦ ਬੋਲਣ ਵਾਲੇ ਵਪਾਰੀ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਮੇਅਰ ਖਿਲਾਫ਼ ਭੱਦੀ ਭਾਸ਼ਾ ਦਾ ਦੋਸ਼
ਇਸ ਸਬੰਧੀ ਕੌਂਸਲਰ ਹਰਵਿੰਦਰ ਲੱਡੂ ਨੇ ਕਿਹਾ ਕਿ ਲੋਕਤੰਤਰ ਵਿੱਚ ਹਰ ਇੱਕ ਨੂੰ ਅਧਿਕਾਰ ਹੈ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰੇ, ਪਰ ਇਹ ਕਿਸੇ ਨੂੰ ਕੋਈ ਅਧਿਕਾਰ ਨਹੀਂ ਕਿ ਜਨਤਕ ਇਕੱਠ ਦੌਰਾਨ ਸੰਵਿਧਾਨਿਕ ਅਹੁਦੇ 'ਤੇ ਬੈਠੇ ਵਿਅਕਤੀ ਖਿਲਾਫ ਅਪਸ਼ਬਦ ਬੋਲੇ ਜਾਣ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਵਪਾਰੀ ਵੱਲੋਂ ਐਸਸੀ-ਬੀਸੀ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ।
ਡੀਸੀ ਤੇ ਐਸਐਸਪੀ ਨੂੰ ਸ਼ਿਕਾਇਤ
ਉਹਨਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਵਪਾਰੀ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਤਾਂ ਆਉਂਦੇ ਦਿਨਾਂ ਵਿੱਚ ਕੋਈ ਲੰਬੇ ਸੰਘਰਸ਼ ਦਾ ਐਲਾਨ ਵੀ ਕਰ ਸਕਦੇ ਹਾਂ। ਕੌਂਸਲਰ ਨੇ ਕਿਹਾ ਕਿ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਕਿ ਇੱਕ ਸੰਵਿਧਾਨਿਕ ਅਹੁਦੇ 'ਤੇ ਬੈਠੇ ਵਿਅਕਤੀ ਖਿਲਾਫ ਅਪਸ਼ਬਦ ਬੋਲੇ ਜਾਣ।
ਬੀਤੇ ਦਿਨੀਂ ਧਰਨੇ ਦੌਰਾਨ ਭਖਿਆ ਸੀ ਮਾਮਲਾ
ਇੱਥੇ ਦੱਸਣਯੋਗ ਹੈ ਕਿ 7 ਅਕਤੂਬਰ ਨੂੰ ਬਠਿੰਡਾ ਦੇ ਵਪਾਰੀਆਂ ਵੱਲੋਂ ਨਗਰ ਨਿਗਮ ਖਿਲਾਫ ਟੋ ਵੈਨ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਪ੍ਰਦਰਸ਼ਨ ਦੌਰਾਨ ਵਪਾਰੀ ਅਮਿਤ ਕਪੂਰ ਵੱਲੋਂ ਨਗਰ ਨਿਗਮ ਦੇ ਕਾਰਜਕਾਰੀ ਮੇਅਰ ਅਸ਼ੋਕ ਕੁਮਾਰ ਖਿਲਾਫ ਅਪ-ਸ਼ਬਦ ਬੋਲੇ ਗਏ ਸਨ। ਉਥੇ ਹੀ ਵਪਾਰੀ ਵਲੋਂ ਬੋਲੇ ਗਏ ਅਪ-ਸ਼ਬਦਾਂ ਕਾਰਨ ਨਗਰ ਨਿਗਮ ਦੇ ਕੌਂਸਲਰਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਇਸੇ ਵਿਰੋਧ ਦੇ ਚੱਲਦੇ ਅੱਜ ਵਪਾਰੀ ਅਮਿਤ ਕਪੂਰ ਖਿਲਾਫ ਪੁਲਿਸ ਨੂੰ ਸ਼ਿਕਾਇਤ ਨਗਰ ਨਿਗਮ ਦੇ ਕੌਂਸਲਰਾਂ ਵੱਲੋਂ ਦਿੱਤੀ ਗਈ ਹੈ।