ਮੋਹਾਲੀ: ਬੀਤੇ ਦਿਨੀਂ SGPC ਦੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ SGPC ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੇ ਖਿਲਾਫ਼ ਭੱਦੀ ਸ਼ਬਦਾਵਲੀ ਵਰਤੀ ਸੀ। ਮੀਡੀਆ ਵਿੱਚ ਇਹ ਮਾਮਲਾ ਆਉਣ ਮਗਰੋਂ ਮਹਿਲਾ ਕਮਿਸ਼ਨ ਨੇ ਇਸ 'ਤੇ ਹਰਜਿੰਦਰ ਸਿੰਘ ਧਾਮੀ ਨੂੰ ਆਪਣਾ ਜਵਾਬ ਦੇਣ ਦਾ ਨੋਟਿਸ ਜਾਰੀ ਕੀਤਾ ਸੀ। ਜਿਸ 'ਚ ਸੋਮਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਪੰਜਾਬ ਮਹਿਲਾ ਕਮਿਸ਼ਨ ਨੂੰ ਆਪਣਾ ਸਪੱਸ਼ਟੀਕਰਨ ਦਿੱਤਾ ਗਿਆ ਸੀ। ਇਸ 'ਚ ਹੁਣ ਬੀਬੀ ਜਗੀਰ ਕੌਰ ਵਲੋਂ ਵੀ ਮਹਿਲਾ ਕਮਿਸ਼ਨ ਚੇਅਰਮੈਨ ਨੂੰ ਮਿਲ ਕੇ ਆਪਣਾ ਪੱਖ ਰੱਖਿਆ ਗਿਆ ਹੈ।
ਮਹਿਲਾ ਕਮਿਸ਼ਨ ਅੱਗੇ ਪੇਸ਼ ਹੋਏ ਬੀਬੀ ਜਗੀਰ ਕੌਰ
ਇਸ ਸਬੰਧੀ ਬੀਬੀ ਜਗੀਰ ਕੌਰ ਨੇ ਕਿਹਾ ਕਿ ਪਿਛਲੇ ਦਿਨੀਂ ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਉਨ੍ਹਾਂ ਖਿਲਾਫ਼ ਜੋ ਭੱਦੀ ਸ਼ਬਦਾਵਲੀ ਵਰਤੀ ਸੀ, ਉਸ 'ਚ ਉਹ ਆਪਣਾ ਪੱਖ ਰੱਖਣ ਤੇ ਸ਼ਿਕਾਇਤ ਦੇਣ ਲਈ ਇਥੇ ਆਏ ਸੀ। ਉਨ੍ਹਾਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਮਹਿਲਾਵਾਂ ਦੇ ਮਾਣ ਤੇ ਸਤਿਕਾਰ ਨੂੰ ਬਹਾਲ ਰੱਖਣ ਲਈ ਸਰਕਾਰ ਨੇ ਮਹਿਲਾ ਕਮਿਸ਼ਨ ਬਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਜਿਹੀ ਮਹਾਨ ਸੰਸਥਾ ਹੋਵੇ ਤੇ ਉਸ ਦੇ ਪ੍ਰਧਾਨ ਵਲੋਂ ਅਜਿਹੀ ਬਿਆਨਬਾਜ਼ੀ ਕੀਤੀ ਜੋ ਬਹੁਤ ਹੀ ਮੰਦਭਾਗਾ ਹੈ।
ਪ੍ਰਧਾਨ ਧਾਮੀ ਖਿਲਾਫ਼ ਕਾਰਵਾਈ ਦੀ ਮੰਗ
ਬੀਬੀ ਜਗੀਰ ਕੌਰ ਨੇ ਕਿਹਾ ਕਿ ਇਸ ਸ਼ਬਦਾਵਲੀ ਨਾਲ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਪਦਵੀ ਦਾ ਕਿੰਨਾ ਨੁਕਸਾਨ ਹੋਇਆ ਹੋਵੇਗਾ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਕਿੰਨੀ ਠੇਸ ਪਹੁੰਚੀ ਹੋਵੇਗੀ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਸੰਸਥਾ ਜਿਸ ਨੇ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਅੱਗੇ ਤੋਰਨਾ ਤੇ ਪ੍ਰਚਾਰਨਾ ਸੀ, ਜਿਸ 'ਚ ਗੁਰੂ ਸਾਹਿਬ ਨੇ ਮਹਿਲਾਵਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਹੈ ਪਰ ਉਸ ਸੰਸਥਾ ਦੇ ਮੁਖੀ ਵਲੋਂ ਅਜਿਹੀ ਸ਼ਬਦਾਵਲੀ ਵਰਤੀ ਬਹੁਤ ਹੀ ਗਲਤ ਹੈ ਤੇ ਮੁਆਫ਼ੀਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਹੋਇਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਮਹਿਲਾ ਕਮਿਸ਼ਨ ਦੇ ਦਫ਼ਤਰ 'ਚ ਤਲਬ ਕੀਤਾ ਗਿਆ ਹੋਵੇ ਤੇ ਉਹ ਖੁਦ ਗਲਤੀ ਮੰਨ ਕੇ ਗਿਆ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਜਿਸ ਨੇ ਉਸ ਕੁਰਸੀ ਦਾ ਅਪਮਾਨ ਕੀਤਾ ਹੈ, ਉਸ ਨੂੰ ਇੰਝ ਹੀ ਨਹੀਂ ਛੱਡਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਕਾਨੂੰਨੀ ਕਾਰਵਾਈ ਕਰਨਾ ਮਹਿਲਾ ਕਮਿਸ਼ਨ ਦਾ ਫਰਜ਼ ਬਣਦਾ ਹੈ ਤੇ ਉਹ ਆਪਣੀ ਕਾਰਵਾਈ ਕਰਨਗੇ।
ਲੀਗਲ ਸਲਾਹ ਲੈਕੇ ਕਾਰਵਾਈ ਕਰੇਗਾ ਕਮਿਸ਼ਨ
ਇਸ ਮਾਮਲੇ 'ਚ ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਮੈਨ ਰਾਜ ਲਾਲੀ ਗਿੱਲ ਦਾ ਕਹਿਣਾ ਕਿ ਬੀਬੀ ਜਗੀਰ ਕੌਰ ਨੂੰ ਵੀ ਆਪਣਾ ਪੱਖ ਰੱਖਣ ਲਈ ਬੁਲਾਇਆ ਗਿਆ ਸੀ। ਜਿਸ 'ਚ ਉਨ੍ਹਾਂ ਕਿਹਾ ਕਿ ਇਹ ਗੁਨਾਹ ਮੁਆਫ਼ੀ ਦੇ ਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਬੀਬੀ ਜਗੀਰ ਕੌਰ ਦਾ ਕਹਿਣਾ ਕਿ ਉਹ ਬਹੁਤ ਜਿਆਦਾ ਸ਼ਰਮਿੰਦਾ ਹਨ ਕਿ ਇਸ ਕੁਰਸੀ ਦੀ ਬੇਅਦਬੀ ਹੋਈ ਹੈ ਤੇ ਇਸ 'ਚ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ। ਚੇਅਰਮੈਨ ਰਾਜ ਲਾਲੀ ਗਿੱਲ ਦਾ ਕਹਿਣਾ ਕਿ ਉਨ੍ਹਾਂ ਵਲੋਂ ਇਸ ਮਾਮਲੇ 'ਚ ਲੀਗਲ ਸਲਾਹ ਲੈਕੇ ਅਗਲੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ।
ਸੁਖਬੀਰ ਬਾਦਲ ਦੇ ਅਸਤੀਫ਼ੇ 'ਤੇ ਚਰਚਾ ਵੇਲੇ ਵਰਤੇ ਭੱਦੇ ਬੋਲ
ਦਰਅਸਲ ਸ਼੍ਰੋਮਣੀ ਕਮੇਟੀ ਪ੍ਰਧਾਨ ਵਕੀਲ ਹਰਜਿੰਦਰ ਸਿੰਘ ਧਾਮੀ ਨੇ ਇੱਕ ਵੈਬ ਚੈਨਲ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ SGPC ਦੇ ਤਿੰਨ ਵਾਰ ਪ੍ਰਧਾਨ ਰਹਿ ਚੁੱਕੇ ਬੀਬੀ ਜਗੀਰ ਕੌਰ ਦੇ ਖਿਲਾਫ਼ ਭੱਦੀ ਸ਼ਬਦਾਵਲੀ ਵਰਤੀ ਸੀ। ਫੋਨ ਰਿਕਾਰਡਿੰਗ ਵਿੱਚ ਵਕੀਲ ਧਾਮੀ ਅਤੇ ਪੱਤਰਕਾਰ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਦੀ ਚਰਚਾ ਹੋ ਰਹੀ ਸੀ ਕਿ ਅਚਾਨਕ ਬੀਬੀ ਜਗੀਰ ਕੌਰ ਦਾ ਜ਼ਿਕਰ ਆਉਂਦਿਆਂ ਹੀ SGPC ਪ੍ਰਧਾਨ ਨੇ ਬੀਬੀ ਖਿਲਾਫ਼ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਦਿਆਂ ਭੱਦੀ ਸ਼ਬਦਾਵਲੀ ਬੋਲੀ। ਉਨ੍ਹਾਂ ਦੀ ਇਹ ਆਡੀਓ ਤੇਜ਼ੀ ਨਾਲ ਮੀਡੀਆ ਵਿੱਚ ਵਾਇਰਲ ਹੋਈ ਜਿਸ ਤੋਂ ਬਾਅਦ ਪੰਜਾਬ ਮਹਿਲਾ ਕਮਿਸ਼ਨ ਨੇ ਸੂ-ਮੋਟੋ ਤਹਿਤ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਨੋਟਿਸ ਜਾਰੀ ਕੀਤਾ ਸੀ।
ਸ੍ਰੀ ਅਕਾਲ ਤਖਤ ਸਾਹਿਬ ਤੋਂ ਮੰਗੀ ਮਾਫ਼ੀ
ਇਸ ਤੋਂ ਪਹਿਲਾਂ ਲੰਘੇ ਸ਼ਨੀਵਾਰ ਨੂੰ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਮਾਫ਼ੀਨਾਮਾ ਸੌਂਪਿਆ ਸੀ। ਉਨ੍ਹਾਂ ਬੀਬੀ ਜਗੀਰ ਕੌਰ ਪ੍ਰਤੀ ਵਰਤੇ ਮਾੜੇ ਬੋਲਾਂ ਲਈ ਮਾਫ਼ੀ ਮੰਗੀ ਅਤੇ ਕਿਹਾ ਕਿ ਬਤੌਰ SGPC ਪ੍ਰਧਾਨ ਉਨ੍ਹਾਂ ਦੇ ਮੂੰਹੋਂ ਨਿਕਲੇ ਭੱਦੇ ਬੋਲ ਉਨ੍ਹਾਂ ਨੂੰ ਨਹੀਂ ਸੋਭਦੇ ਅਤੇ ਉਹ ਇਸ ਲਈ ਮਾਫ਼ੀ ਮੰਗਦੇ ਹਨ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਸੀ ਕਿ ਉਹ ਬੀਬੀ ਜਗੀਰ ਕੌਰ ਅਤੇ ਸਾਰੀਆਂ ਔਰਤਾਂ ਕੋਲੋਂ ਇਸ ਕਾਰੇ ਲਈ ਮਾਫ਼ੀ ਮੰਗਦੇ ਹਨ।