ਅੰਮ੍ਰਿਤਸਰ: ਇੱਕ ਪਾਸੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਬਾਦਲ ਨੂੰ ਤਨਖਾਹੀਆ ਲਗਾਇਆ ਗਿਆ ਸੀ ਅਤੇ ਕਈ ਅਕਾਲੀ ਲੀਡਰਾਂ ਨੂੰ ਤਲਬ ਕੀਤਾ ਗਿਆ ਸੀ। ਉਸ ਮਾਮਲੇ ਵਿੱਚ ਹਾਲੇ ਤੱਕ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦੁਬਾਰਾ ਮੀਟਿੰਗ ਕਰਕੇ ਕੋਈ ਫੈਸਲਾ ਨਹੀਂ ਸੁਣਾਇਆ ਗਿਆ। ਹੁਣ ਪੰਜਾਬ ਦੇ ਚਾਰ ਜ਼ਿਲ੍ਹਿਆਂ ਦੇ ਵਿੱਚ ਜ਼ਿਮਣੀ ਚੋਣਾਂ ਹੋਣ ਜਾ ਰਹੀਆਂ ਹਨ। ਜਿਸ ਦੇ ਚੱਲਦਿਆਂ ਅਕਾਲੀ ਦਲ ਦਾ ਇੱਕ ਵਫ਼ਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਮੁਲਾਕਾਤ ਕਰਨ ਪਹੁੰਚਿਆਂ ਅਤੇ ਜ਼ਿਮਨੀ ਚੋਣਾਂ ਨੂੰ ਲੈ ਕੇ ਅਰਜੋਈ ਕੀਤੀ ਗਈ ਹੈ। ਸਿੰਘ ਸਾਹਿਬ ਨਾਲ ਮੁਲਾਕਾਤ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਸਮੇਤ ਸੀਨੀਅਰ ਆਗੂ ਗੁਲਜ਼ਾਰ ਸਿੰਘ ਰਣੀਕੇ, ਇਕਬਾਲ ਸਿੰਘ ਝੂੰਦਾਂ, ਹੀਰਾ ਸਿੰਘ ਗਾਬੜੀਆ, ਡਾਕਟਰ ਦਲਜੀਤ ਸਿੰਘ ਚੀਮਾ, ਅਰਸ਼ਦੀਪ ਸਿੰਘ ਕਲੇਰ ਅਤੇ ਜਨਮੇਜਾ ਸਿੰਘ ਸੇਖੋਂ ਹਾਜ਼ਰ ਸਨ।
ਸਿੱਖ ਸੰਸਥਾਵਾਂ 'ਤੇ ਵੱਡੇ ਹਮਲੇ
ਸਿੰਘ ਸਾਹਿਬ ਨਾਲ ਮੁਲਾਕਾਤ ਕਰਨ ਤੋਂ ਬਾਅਦ ਅਕਾਲੀ ਦਲ ਦੇ ਬੁਲਾਰੇ ਦਲਜੀਤ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਵਿੱਚ ਉਹਨਾਂ ਦੇ ਵਫਦ ਨੇ ਜਥੇਦਾਰ ਸਾਹਿਬ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਾਡੀ ਸਿੱਖ ਸੰਸਥਾਵਾਂ 'ਤੇ ਵੱਡੇ ਹਮਲੇ ਹੋ ਰਹੇ ਹਨ ਅਤੇ ਸਾਡੇ ਜਿੰਨੇ ਵੀ ਤਖ਼ਤ ਸਾਹਿਬਾਨ ਹਨ। ਭਾਵੇਂ ਦਿੱਲੀ ਸਿੱਖ ਕਮੇਟੀ ਹੈ, ਉਸਦੇ ਉੱਪਰ ਆਰਐਸਐਸ ਵੱਲੋਂ ਵੱਡੀ ਸਾਜਿਸ਼ ਰਚੀ ਜਾ ਰਹੀ ਹੈ ਤੇ ਐਸਜੀਪੀਸੀ 'ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਐਸਜੀਪੀਸੀ ਦੇ ਮੈਂਬਰਾਂ 'ਤੇ ਦਬਾਅ
ਦਲਜੀਤ ਚੀਮਾ ਨੇ ਦੱਸਿਆ ਕਿ ਹਰਿਆਣੇ ਵਿੱਚ ਵੀ ਐਸਜੀਪੀਸੀ ਭੰਗ ਕੀਤੀ ਗਈ ਸੀ। ਇਸ ਤੋਂ ਪਹਿਲਾਂ ਐਸਜੀਪੀਸੀ ਵਿੱਚ ਦਖਲ ਅੰਦਾਜੀ ਕਰਨ ਦੀ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਗਈ। ਹੁਣ ਉਨ੍ਹਾਂ ਵੱਲੋਂ ਵਿਰੋਧੀ ਧਿਰ ਤੋਂ ਬੀਬੀ ਜਗੀਰ ਕੌਰ ਨੂੰ ਐਸਜੀਪੀਸੀ ਦੀਆਂ ਚੋਣਾਂ ਵਿੱਚ ਖੜੇ ਕਰਕੇ ਉਨ੍ਹਾਂ ਦਾ ਸਾਥ ਦੇਣ ਲਈ ਆਪ ਵਿਧਾਇਕਾਂ ਵੱਲੋਂ ਐਸਜੀਪੀਸੀ ਦੇ ਮੈਂਬਰਾਂ 'ਤੇ ਦਬਾਅ ਵੀ ਪਾਇਆ ਜਾ ਰਿਹਾ ਹੈ। ਜਿਸ ਦੇ ਉਨ੍ਹਾਂ ਕੋਲੋਂ ਕਈ ਸਬੂਤ ਹਨ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਮਿਲ ਕੇ ਐਸਜੀਪੀਸੀ ਵਿੱਚ ਦਖਲ ਅੰਦਾਜ਼ੀਆਂ ਕਰਕੇ ਹਮਲੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਇਨ੍ਹਾਂਂ ਸਾਜ਼ਿਸ਼ਾਂ ਦੇ ਖਿਲਾਫ ਲੜਦਾ ਆਇਆ ਹੈ ਅਤੇ ਅਗਲੇ ਸਮੇਂ ਵੀ ਲੜਦਾ ਰਹੇਗਾ।
ਜਥੇਦਾਰ ਨਾਲ ਮੀਟਿੰਗ
ਦਲਜੀਤ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲਿਆਂ ਤੋਂ ਬਿਨਾਂ ਕੋਈ ਵੀ ਕੰਮ ਨਹੀਂ ਕਰਦਾ। ਉਨ੍ਹਾਂ ਨੇ ਕਿਹਾ ਕਿ ਹੁਣ ਪੰਜਾਬ ਵਿੱਚ ਅਚਾਨਕ ਜ਼ਿਮਨੀ ਚੋਣਾਂ ਦਾ ਐਲਾਨ ਹੋਇਆ ਹੈ। ਜਿਸ ਬਾਬਤ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਮੀਟਿੰਗ ਕਰਨ ਪਹੁੰਚੇ ਸਨ। ਕਿਹਾ ਕਿ ਅਕਾਲੀ ਦਲ ਦੇ ਵੱਡੇ ਆਗੂ ਸੁਖਬੀਰ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਨਖਾਹੀਆ ਕਰਾਰ ਹੋਣ ਤੋਂ ਬਾਅਦ ਉਹ ਘਰ ਵਿੱਚ ਬੈਠ ਗਏ ਅਤੇ ਕਿਸੇ ਵੀ ਪ੍ਰੋਗਰਾਮ ਵਿੱਚ ਉਨ੍ਹਾਂ ਨੇ ਹਿੱਸਾ ਨਹੀਂ ਲਿਆ ਪਰ ਪੰਜਾਬ ਵਾਸੀ ਚਾਹੁੰਦੇ ਹਨ ਕਿ ਇਹ ਸਰਕਾਰੀ ਤੰਤਰ ਦੇ ਖਿਲਾਫ ਲੜਿਆ ਜਾਵੇ।
ਪਾਰਟੀ ਪੂਰੀ ਡੱਟ ਕੇ ਮੁਕਾਬਲਾ ਕਰੇਗੀ
ਦਲਜੀਤ ਚੀਮਾ ਨੇ ਕਿਹਾ ਕਿ ਸਾਨੂੰ ਇਕੱਲਿਆਂ ਇਹ ਲੜਾਈ ਲੜਨ ਦੇ ਵਿੱਚ ਮੁਸ਼ਕਿਲ ਆ ਰਹੀ ਹੈ। ਇਸ ਦੇ ਲਈ ਅਸੀਂ ਜ਼ਿਮਨੀ ਚੋਣਾਂ ਲੜਨ ਦੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕਰਨ ਪਹੁੰਚੇ ਹਾਂ। ਉਨ੍ਹਾਂ ਨੇ ਕਿਹਾ ਕਿ ਜਦੋਂ ਸਾਡਾ ਜਰਨੈਲ ਸਾਡੇ ਪਿੱਛੇ ਹੋਵੇਗਾ ਤੇ ਪਾਰਟੀ ਪੂਰੀ ਡੱਟ ਕੇ ਮੁਕਾਬਲਾ ਕਰੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਅਸਥਾਨ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਹੋਇਆ ਸੀ। ਇੱਕ ਵਾਰ ਫਿਰ ਸਾਨੂੰ ਇੱਥੋਂ ਆਸ਼ੀਰਵਾਦ ਮਿਲੇ ਅਜਿਹੀ ਅਸੀਂ ਕਾਮਨਾ ਕਰਦੇ ਹਾਂ। ਉਨ੍ਹਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਤੋਂ ਬਿਨਾਂ ਪੁੱਛੇ ਅਸੀਂ ਕੋਈ ਵੀ ਫੈਸਲਾ ਨਹੀਂ ਲਵਾਂਗੇ। ਉਨ੍ਹਾਂ ਕਿਹਾ ਕਿ ਕਿਉਂਕਿ ਗਿੱਦੜਬਾਹਾ ਸੁਖਬੀਰ ਸਿੰਘ ਬਾਦਲ ਦਾ ਪੁਰਾਣਾ ਹਲਕਾ ਹੈ ਅਤੇ ਸਾਰਾ ਸਾਰਾ ਗਿੱਦੜਬਾਹਾ ਹਲਕਾ ਇੱਛੁਕ ਹੈ ਕਿ ਸੁਖਬੀਰ ਬਾਦਲ ਚੋਣ ਲੜਨ। ਇਸ ਲਈ ਅਸੀਂ ਐਂਮਰਜੈਂਸੀ ਮੁਲਾਕਾਤ ਕਰਕੇ ਸਮੁੱਚੇ ਗਿੱਦੜਬਾਹਾ ਹਲਕੇ ਦੀ ਸੰਗਤ ਦੀ ਮੰਗ ਸਿੰਘ ਸਾਹਿਬ ਅੱਗੇ ਰੱਖੀ ਹੈ।