ਬਠਿੰਡਾ: ਪਿਛਲੇ ਕਰੀਬ ਇੱਕ ਹਫਤੇ ਵਿੱਚ ਲਗਾਤਾਰ ਨੌਜਵਾਨਾਂ ਦੀਆਂ ਹੋਈਆਂ ਪੰਜ ਮੌਤਾਂ ਨੇ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲ ਖੜੇ ਕਰ ਦਿੱਤੇ ਹਨ। ਇਹਨਾਂ ਪੰਜ ਮੌਤਾਂ ਨੂੰ ਜਿੱਥੇ ਨਸ਼ੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ, ਉਥੇ ਹੀ ਆਮ ਪਬਲਿਕ ਵਿੱਚ ਨਸ਼ੇ ਦੇ ਵੱਧ ਰਹੇ ਪ੍ਰਕੋਪ ਨੂੰ ਵੇਖਦਿਆਂ ਰੋਸ ਵੱਧਦਾ ਜਾ ਰਿਹਾ ਸੀ। ਲਗਾਤਾਰ ਹੋਈਆਂ ਮੌਤਾਂ ਤੋਂ ਬਾਅਦ ਐਸਐਸਪੀ ਬਠਿੰਡਾ ਦੀਪਕ ਪਾਰਿਕ ਨੇ ਕਿਹਾ ਕਿ ਨਸ਼ੇ ਖਿਲਾਫ ਬਠਿੰਡਾ ਪੁਲਿਸ ਵੱਲੋਂ ਵੱਡੇ ਪੱਧਰ 'ਤੇ ਕਾਰਵਾਈ ਕੀਤੀ ਗਈ ਹੈ ਅਤੇ ਪਿਛਲੇ ਕਈ ਦਿਨਾਂ ਵਿੱਚ ਵੱਡੀ ਗਿਣਤੀ ਵਿੱਚ ਨਸ਼ਾ ਤਸਕਰਾਂ ਨੂੰ ਜਿੱਥੇ ਗ੍ਰਿਫਤਾਰ ਕੀਤਾ ਗਿਆ ਹੈ, ਉੱਥੇ ਹੀ ਨਸ਼ਾ ਵੀ ਬਰਾਮਦ ਕੀਤਾ ਗਿਆ ਹੈ।
ਐਸਐਸਪੀ ਨੇ ਦੱਸੀ ਸਾਰੀ ਗੱਲ: ਪਿਛਲੇ ਦਿਨੀ ਹੋਈਆਂ ਨੌਜਵਾਨਾਂ ਦੀਆਂ ਮੌਤਾਂ ਸਬੰਧੀ ਟਿੱਪਣੀ ਕਰਦੇ ਹੋਏ ਐਸਐਸਪੀ ਬਠਿੰਡਾ ਨੇ ਕਿਹਾ ਕਿ ਜਿਆਦਾਤਰ ਮਾਮਲਿਆਂ ਵਿੱਚ ਪੁਲਿਸ ਨੂੰ ਮੌਤ ਸਬੰਧੀ ਰਿਪੋਰਟ ਹੀ ਨਹੀਂ ਕੀਤੀ ਜਾਂਦੀ। ਕਈ ਵਾਰ ਇਹ ਹੁੰਦਾ ਹੈ ਕਿ ਕਿਸੇ ਸਮਾਜ ਸੇਵੀ ਸੰਸਥਾ ਵੱਲੋਂ ਨੌਜਵਾਨ ਦੀ ਲਾਸ਼ ਕੋਲੋਂ ਕੁਝ ਬਰਾਮਦ ਹੋਣ ਤੋਂ ਬਾਅਦ ਉਸ ਨੂੰ ਨਸ਼ੇ ਨਾਲ ਜੋੜ ਦਿੱਤਾ ਜਾਂਦਾ ਹੈ ਪਰ ਅਜਿਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕਈ ਮਾਮਲਿਆਂ ਵਿੱਚ ਪੋਸਟਮਾਰਟਮ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ ਕਿ ਮ੍ਰਿਤਕ ਨੌਜਵਾਨ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਿਤ ਸਨ ਅਤੇ ਉਹਨਾਂ ਦਾ ਇਲਾਜ ਚੱਲ ਰਿਹਾ ਸੀ। ਇਸ ਤੋਂ ਇਲਾਵਾ ਇੱਕ ਦੋ ਮਾਮਲਿਆਂ ਵਿੱਚ ਗਰਮੀ ਲੱਗਣ ਕਾਰਨ ਮੌਤ ਹੋਣ ਦਾ ਵੀ ਸਮਾਚਾਰ ਮਿਲਿਆ ਹੈ।
ਲੋਕਾਂ ਤੋਂ ਸਹਿਯੋਗ ਕਰਨ ਦੀ ਅਪੀਲ: ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੁਲਿਸ ਵੱਲੋਂ ਲਗਾਤਾਰ ਨਸ਼ੇ ਖਿਲਾਫ ਵੱਡੇ ਪੱਧਰ 'ਤੇ ਮੁਹਿੰਮ ਛੇੜੀ ਹੋਈ ਹੈ ਅਤੇ ਅਜਿਹੀ ਕੋਈ ਘਟਨਾ ਵਾਪਰਨ 'ਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਮੌਤ ਦੇ ਕਾਰਨਾਂ ਦਾ ਪਤਾ ਲਗਇਆ ਜਾ ਸਕੇ। ਉੱਥੇ ਹੀ ਨੌਜਵਾਨ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਫਰੋਲੇ ਜਾ ਸਕਣ ਤਾਂ ਜੋ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਲੋਕਾਂ 'ਤੇ ਸਖ਼ਤ ਕਾਰਵਾਈ ਕੀਤੀ ਜਾ ਸਕੇ ਕਿਉਂਕਿ ਸਮਾਜ ਨੂੰ ਨਸ਼ਾ ਮੁਕਤ ਕਰਨ ਲਈ ਆਮ ਪਬਲਿਕ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਹੈ।
ਨਸ਼ੇ ਨੂੰ ਖਤਮ ਕਰਨ ਲਈ ਕੋਸ਼ਿਸ਼ਾਂ ਜਾਰੀ: ਐਸਐਸਪੀ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਬੈਠਕਾਂ ਦਾ ਦੌਰ ਜਾਰੀ ਹੈ ਅਤੇ ਇਹਨਾਂ ਬੈਠਕਾਂ ਰਾਹੀਂ ਜਿੱਥੇ ਨੌਜਵਾਨ ਜੋ ਨਸ਼ੇ ਦੀ ਦਲਦਲ ਵਿੱਚ ਧਸੇ ਹੋਏ ਹਨ, ਉਹਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਖੁੱਲ ਕੇ ਸਾਹਮਣੇ ਆਉਣ ਤਾਂ ਜੋ ਪੁਲਿਸ ਪ੍ਰਸ਼ਾਸਨ ਉਹਨਾਂ ਦਾ ਇਲਾਜ ਕਰਵਾ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਨਸ਼ੇ ਦੇ ਕਾਰੋਬਾਰ ਕਰਨ ਵਾਲੇ ਲੋਕਾਂ ਦੇ ਨਾਮ ਉਜਾਗਰ ਕਰਨ ਤਾਂ ਜੋ ਪੁਲਿਸ ਉਹਨਾਂ ਖਿਲਾਫ ਸਖ਼ਤ ਐਕਸ਼ਨ ਲੈ ਸਕੇ ਅਤੇ ਉਹਨਾਂ ਨੂੰ ਸਲਾਖਾਂ ਪਿੱਛੇ ਭੇਜਿਆ ਜਾ ਸਕੇ।
- ਅੰਮ੍ਰਿਤਪਾਲ ਸਿੰਘ ਦੇ ਸਹੁੰ ਚੁੱਕ ਸਮਾਗਮ ਨੂੰ ਲੈ ਕੇ ਪਿੰਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ - Amritpal Singh oath ceremony
- ਲੁਧਿਆਣਾ ਦੀਆਂ ਡਾਈਗ ਫੈਕਟਰੀਆਂ ਬੰਦ, ਕਾਰੋਬਾਰੀਆਂ ਨੇ ਦਿੱਤਾ ਸਰਕਾਰ ਅਤੇ ਪ੍ਰਸ਼ਾਸਨ ਨੂੰ 15 ਜੁਲਾਈ ਤੱਕ ਦਾ ਅਲਟੀਮੇਟਮ - Dye factories of Ludhiana closed
- ਜੇ ਤੁਸੀਂ ਵੀ ਕਰਦੇ ਹੋ ਟਰੈਫਿਕ ਨਿਯਮਾਂ ਦੀ ਉਲੰਘਣਾ ਤਾਂ ਹੋ ਜਾਓ ਸਾਵਧਾਨ; ਤੁਹਾਡੇ ਘਰ ਵੀ ਆ ਸਕਦਾ ਹੈ ਚਲਾਨ, ਪੜ੍ਹੋ ਖ਼ਬਰ - Action on violation traffic rules