ਅੰਮ੍ਰਿਤਸਰ: ਸਾਇਬਰ ਠੱਗਾਂ ਵਲੋਂ ਲੋਕਾਂ ਨਾਲ ਠੱਗੀ ਮਾਰਨ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਹਨ। ਜਿਸ 'ਚ ਕਈ ਵਾਰ ਉਹ ਲੋਕਾਂ ਨੂੰ ਬੇਵਕੂਫ ਬਣਾ ਕੇ ਉਨ੍ਹਾਂ ਦੇ ਬੈਂਕ ਖਾਤੇ ਤੱਕ ਖਾਲੀ ਕਰ ਦਿੰਦੇ ਹਨ। ਕਈ ਵਾਰ ਅਜਿਹਾ ਵੀ ਹੁੰਦਾ ਕਿ ਕੋਈ ਵਿਅਕਤੀ ਚੁਸਤ ਤੇ ਚਲਾਕ ਹੁੰਦਾ ਜੋ ਠੱਗਾਂ ਦੀਆਂ ਗੱਲਾਂ 'ਚ ਨਹੀਂ ਆਉਂਦਾ। ਇਸ 'ਚ ਸਾਇਬਰ ਠੱਗਾਂ ਵਲੋਂ ਜਿਆਦਾਤਰ ਲੋਕਾਂ ਨੂੰ ਵਟਸਐਪ ਕਾਲ ਕਰਕੇ ਠੱਗਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜੋ ਉਨ੍ਹਾਂ ਨੂੰ ਟਰੇਸ ਨਾ ਕੀਤਾ ਜਾ ਸਕੇ।
ਸਮਾਜਸੇਵੀ ਨੂੰ ਠੱਗਾਂ ਦਾ ਫੋਨ: ਅਜਿਹੀਆਂ ਹੀ ਫੋਨ ਕਾਲਾਂ ਅੰਮ੍ਰਿਤਸਰ ਦੇ ਸਮਾਜ ਸੇਵੀ ਇੰਜ. ਪਵਨ ਸ਼ਰਮਾ ਨੂੰ ਵੀ ਆਈਆਂ। ਜਿਸ 'ਚ ਉਨ੍ਹਾਂ ਨੂੰ ਇੱਕ ਕਾਲ ਆਈ, ਜਿਸ 'ਚ ਠੱਗ ਵਲੋਂ ਰਿਸ਼ਤੇਦਾਰ ਬਣ ਕੇ ਪਲਾਟ ਖਰੀਦਣ ਦੇ ਬਦਲੇ ਪੈਸੇ ਖਾਤੇ 'ਚ ਟ੍ਰਾਂਸਫਰ ਕਰਨ ਦੀ ਗੱਲ ਆਖੀ ਤੇ ਪਵਨ ਕੁਮਾਰ ਤੋਂ ਉਨ੍ਹਾਂ ਦਾ ਬੈਂਕ ਖਾਤਾ ਮੰਗ ਰਿਹਾ ਸੀ, ਜਦਕਿ ਉਨ੍ਹਾਂ ਨੇ ਆਪਣਾ ਖਾਤਾ ਸਾਂਝਾ ਨਹੀਂ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਇੱਕ ਹੋਰ ਵਟਸਐਪ ਕਾਲ ਆਈ, ਜਿਸ 'ਚ ਸਾਹਮਣੇ ਵਾਲੇ ਠੱਗ ਨੇ ਕਿਸੇ ਪੁਲਿਸ ਅਫ਼ਸਰ ਦੀ ਫੋਟੋ ਲਾਈ ਹੋਈ ਸੀ ਤੇ ਉਸ ਦਾ ਕਹਿਣਾ ਸੀ ਕਿ ਤੁਹਾਡੇ ਬੇਟੇ ਦੇ ਸਬੰਧ ਗੈਂਗਸਟਰਾਂ ਨਾਲ ਹੈ ਅਤੇ ਅਸੀਂ ਇਸ ਨੂੰ ਫੜ ਲਿਆ ਹੈ। ਜੇਕਰ ਤੁਸੀਂ ਆਪਣੇ ਬੇਟੇ ਨੂੰ ਛਡਵਾਉਣਾ ਚਾਹੁੰਦੇ ਹੋ ਤਾਂ ਪੈਸਿਆਂ ਦਾ ਲੈਣ ਦੇਣ ਕਰਕੇ ਇਸ ਮਾਮਲੇ ਨੂੰ ਰਫ਼ਾ-ਦਫ਼ਾ ਕੀਤਾ ਜਾ ਸਕਦਾ ਹੈ, ਜਦਕਿ ਪਵਨ ਕੁਮਾਰ ਦਾ ਹਾਲੇ ਤੱਕ ਵਿਆਹ ਹੀ ਨਹੀਂ ਹੋਇਆ ਹੁੰਦਾ।
ਭੋਲੇ-ਭਾਲੇ ਲੋਕਾਂ ਨੂੰ ਲੁੱਟਦੇ ਨੇ ਠੱਗ: ਇਸ 'ਚ ਗੱਲਬਾਤ ਕਰਦਿਆਂ ਸਮਾਜ ਸੇਵੀ ਪਵਨ ਸ਼ਰਮਾ ਨੇ ਕਿਹਾ ਕਿ ਅਜਿਹੀਆਂ ਫੋਨ ਕਾਲਾਂ ਕਈ ਲੋਕਾਂ ਨੂੰ ਰੋਜ਼ਾਨਾ ਹੀ ਆਉਂਦੀਆਂ ਹਨ। ਇਸ 'ਚ ਉਨ੍ਹਾਂ ਨੂੰ ਸੁਚੇਤ ਹੋਣ ਦੀ ਲੋੜ ਹੈ, ਕਿਉਂਕਿ ਕਈ ਵਾਰ ਠੱਗ ਲੋਕਾਂ ਨੂੰ ਡਰਾ ਧਮਕਾ ਦੇ ਪੈਸੇ ਲੈ ਲੈਂਦੇ ਹਨ। ਉਨ੍ਹਾਂ ਕਿਹਾ ਕਿ ਇੰਨ੍ਹਾਂ ਮਾਮਲਿਆਂ ਸਰਕਾਰਾਂ ਨਾਕਾਮਯਾਬ ਸਾਬਤ ਹੋਈਆਂ ਹਨ, ਜੋ ਅਜਿਹੀਆਂ ਫੇਕ ਕਾਲਾਂ ਨੂੰ ਰੋਕ ਨਹੀਂ ਪਾ ਰਹੀ। ਸਮਾਜ ਸੇਵੀ ਪਵਨ ਨੇ ਕਿਹਾ ਕਿ ਸੂਬੇ 'ਚ ਕਈ ਲੋਕਾਂ ਨੂੰ ਅਜਿਹੀਆਂ ਕਾਲਾਂ ਆਉਂਦੀਆਂ ਹਨ ਕਿ ਤੁਹਾਡਾ ਬੱਚਾ ਅਸੀਂ ਕਿਸੇ ਵੱਡਾ ਕੇਸ 'ਚ ਫੜ ਲਿਆ ਹੈ ਤੇ ਜੇਕਰ ਤੁਸੀਂ ਇਸ ਨੂੰ ਛਡਵਾਉਣਾ ਚਾਹੁੰਦੇ ਹੋ ਤਾਂ ਮਾਮਲਾ ਪੈਸੇ ਦੇਕੇ ਹੱਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਭੋਲੇ-ਭਾਲੇ ਲੋਕ ਠੱਗਾਂ ਦੀਆਂ ਇੰਨ੍ਹਾਂ ਗੱਲਾਂ 'ਚ ਆ ਜਾਂਦੇ ਹਨ, ਜਦਕਿ ਉਨ੍ਹਾਂ ਦੇ ਬੱਚੇ ਸਕੂਲ, ਕਾਲਜ ਜਾਂ ਕਿਸੇ ਹੋਰ ਕੰਮ 'ਚ ਉਸ ਸਮੇਂ ਲੱਗੇ ਹੁੰਦੇ ਹਨ।
ਸੋਸ਼ਲ ਮੀਡੀਆ ਦੀ ਸੁਚੇਤ ਰਹਿ ਕੇ ਵਰਤੋਂ: ਉਨ੍ਹਾਂ ਕਿਹਾ ਕਿ ਠੱਗਾਂ ਵਲੋਂ ਵਟਸਐਪ ਕਾਲ ਤਾਂ ਕੀਤੀ ਜਾਂਦੀ ਹੈ ਕਿ ਉਨ੍ਹਾਂ ਦਾ ਆਈਪੀ ਅਡਰੈਸ ਪੁਲਿਸ ਨੂੰ ਪਤਾ ਨਾ ਲੱਗ ਸਕੇ। ਉਨ੍ਹਾਂ ਕਿਹਾ ਕਿ ਬੇਸ਼ੱਕ ਪੁਲਿਸ ਇਸ ਮਾਮਲੇ 'ਚ ਕੰਮ ਤਾਂ ਕਰ ਰਹੀ ਹੈ ਪਰ ਪੂਰੀ ਤਰ੍ਹਾਂ ਸਫ਼ਲ ਨਹੀਂ ਹੋ ਪਾ ਰਹੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੁਚੇਤ ਹੋਣ ਅਤੇ ਕਿਸੇ ਵੀ ਤਰ੍ਹਾਂ ਦਾ ਆਪਣਾ ਦਸਤਾਵੇਜ਼ ਕਿਸੇ ਨਾਲ ਸ਼ੇਅਰ ਨਾ ਕਰਨ। ਉਨ੍ਹਾਂ ਕਿਹਾ ਕਿ ਜੇ ਤੁਹਾਨੂੰ ਕੋਈ ਅਜਿਹੀ ਕਾਲ ਆਉਂਦੀ ਹੈ ਤਾਂ ਤੁਸੀਂ ਆਪਣੇ ਨਜ਼ਦੀਕੀ ਸਾਇਬਰ ਸੈਲ ਬ੍ਰਾਂਚ ਕੋਲ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਇਸ ਦੇ ਨਾਲ ਹੀ ਸਮਾਜਸੇਵੀ ਪਵਨ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਜੋ ਵੀ ਫੋਨ ਆਉਂਦੇ ਹਨ, ਉਨ੍ਹਾਂ 'ਤੇ ਕੰਟਰੀ ਕੋਡ ਭਾਰਤ ਤੋਂ ਬਾਹਰ ਦਾ ਹੁੰਦਾ ਹੈ ਅਤੇ ਸਾਨੂੰ ਵੀ ਚਾਹੀਦਾ ਕਿ ਸੋਸ਼ਲ ਮੀਡੀਆ ਤੇ ਕਿਸੇ ਵੀ ਅਜਿਹੇ ਵਿਅਕਤੀ ਦੀ ਕਾਲ ਨਾ ਚੁੱਕੀਏ, ਜਿਸ ਨੂੰ ਅਸੀਂ ਜਾਣਦੇ ਹੀ ਨਾ ਹੋਈਏ।
ਲੋਕਾਂ ਨੂੰ ਖੁਦ ਸੁਚੇਤ ਹੋਣ ਦੀ ਲੋੜ: ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਅਜਿਹੀ ਐਪ ਅਸੀਂ ਫੋਨ 'ਚ ਨਾ ਭਰੀਏ, ਜਿਸ ਨਾਲ ਕਿ ਸਾਡਾ ਡਾਟਾ ਚੋਰੀ ਹੋਣ ਦਾ ਡਰ ਹੋਵੇ। ਉਨ੍ਹਾਂ ਕਿਹਾ ਕਿ ਹੁਣ ਸਮਾਂ ਅਜਿਹਾ ਆ ਗਿਆ ਹੈ ਕਿ ਠੱਗ ਆਰਟੀਫਿਸ਼ਲ ਇੰਟੈਲੀਜੈਂਸ ਨਾਲ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਤੁਹਾਨੂੰ ਕੋਈ ਅਜਿਹੀ ਕਾਲ ਆਉਂਦੀ ਹੈ ਤਾਂ ਤੁਸੀਂ ਤੁਰੰਤ ਇਸ ਦੀ ਜਾਣਕਾਰੀ ਪੁਲਿਸ ਨੂੰ ਦਿਓ ਤਾਂ ਜੋ ਸਮਾਂ ਰਹਿੰਦੇ ਬੱਚਤ ਹੋ ਸਕੇ। ਉਨ੍ਹਾਂ ਕਿਹਾ ਕਿ ਪੁਲਿਸ ਕੋਲ ਉਸ ਲੈਵਲ ਦਾ ਸਿਸਟਮ ਨੀ ਕਿ ਇਸ 'ਤੇ ਠੱਲ ਪਾਈ ਜਾ ਸਕੇ, ਜਿਸ ਲਈ ਸਾਨੂੰ ਖੁਦ ਹੀ ਸੁਚੇਤ ਹੋਣਾ ਪਵੇਗਾ।