ਬਰਨਾਲਾ: ਦਿਵਾਲੀ ਦੇ ਤਿਉਹਾਰ ਮੌਕੇ ਬਰਨਾਲਾ ਸ਼ਹਿਰ ਵਿੱਚ ਰੌਣਕ ਦੇਖਣ ਨੂੰ ਮਿਲ ਰਹੀ ਹੈ। ਸ਼ਹਿਰ ਦੀਆਂ ਦੁਕਾਨਾਂ ਤੋਂ ਲੋਕ ਜੰਮ ਕੇ ਖਰੀਦਦਾਰੀ ਕਰ ਰਹੇ ਹਨ। ਬਰਨਾਲਾ ਵਿਖੇ ਦੀਵਾਲੀ ਦੇ ਮੱਦੇਨਜ਼ਰ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਤਿਆਰ ਹੈ। ਪਟਾਖੇ ਵੇਚਣ ਲਈ ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ। ਬਰਨਾਲਾ ਸ਼ਹਿਰ ਵਿੱਚ ਬਾਬਾ ਕਾਲਾ ਮਹਿਰ ਸਟੇਡੀਅਮ ਵਿੱਚ ਪਟਾਕੇ ਵੇਚੇ ਜਾਣਗੇ। ਦੱਸ ਦੇਈਏ ਕਿ ਦੁਕਾਨਾਂ ਉਪਰ ਪਟਾਕੇ ਵੇਚਣ 'ਤੇ ਮਨਾਹੀ ਕੀਤੀ ਗਈ ਹੈ। ਉੱਥੇ ਹੀ ਬਰਨਾਲਾ ਪੁਲਿਸ ਪ੍ਰਸ਼ਾਸ਼ਨ ਨੇ ਪੁਖਤਾ ਸੁਰੱਖਿਆ ਪ੍ਰਬੰਧ ਹੋਣ ਦਾ ਦਾਅਵਾ ਕੀਤਾ ਹੈ।
ਪਟਾਖੇ ਵੇਚਣ ਲਈ ਜਗ੍ਹਾਵਾਂ ਸੀਮਤ
ਦੱਸ ਦੇਈਏ ਕਿ ਇਸ ਮੌਕੇ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੇ ਕਿਹਾ ਹੈ ਕਿ ਬਰਨਾਲਾ ਸ਼ਹਿਰ ਵਿੱਚ ਦਿਵਾਲੀ ਦੇ ਮੱਦੇਨਜ਼ਰ ਪਟਾਕੇ ਵੇਚਣ ਲਈ ਥਾਵਾਂ ਸੀਮਤ ਕੀਤੀਆਂ ਗਈਆਂ ਹਨ। ਖੁੱਲ੍ਹੀਆਂ ਥਾਵਾਂ ਉਪਰ ਪਟਾਕੇ ਲੋਕ ਖਰੀਦ ਸਕਦੇ ਹਨ। ਜਦਕਿ ਦੁਕਾਨਾਂ ਵਿੱਚ ਪਟਾਕੇ ਵੇਚਣ ਦੀ ਮਨਾਹੀ ਰਹੇਗੀ। ਡਿਪਟੀ ਕਮਿਸ਼ਨਰ ਬਰਨਾਲਾ ਨੇ ਲੋਕਾਂ ਨੂੰ ਪਟਾਖਿਆਂ ਦੀ ਘੱਟ ਵਰਤੋਂ ਕਰਨ ਦੀ ਅਪੀਲ ਕੀਤੀ ਤਾਂ ਕਿ ਪ੍ਰਦੂਸ਼ਨ ਨੂੰ ਹੋਣ ਤੋਂ ਰੋਕਿਆ ਜਾ ਸਕੇ। ਡਿਪਟੀ ਕਮਿਸ਼ਨਰ ਬਰਨਾਲਾ ਨੇ ਕਿਹਾ ਕਿ ਰਾਤ 10 ਵਜੇ ਤੱਕ ਹੀ ਪਟਾਕੇ ਚਲਾਉਣ ਦੀ ਇਜਾਜ਼ਤ ਹੈ। ਉਨ੍ਹਾਂ ਨੇ ਬਰਨਾਲਾ ਵਾਸੀਆਂ ਨੂੰ ਤਿਉਹਾਰ ਮੌਕੇ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ।
ਮਾਹੌਲ ਖਰਾਬ ਕਰਨ ਵਾਲਿਆਂ 'ਤੇ ਕਾਨੂੰਨੀ ਕਾਰਵਾਈ ਹੋਵੇਗੀ
ਉੱਥੇ ਹੀ ਇਸ ਸਬੰਧੀ ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਕਿਹਾ ਕਿਹਾ ਕਿ ਦਿਵਾਲੀ ਦੇ ਤਿਉਹਾਰਾਂ ਦੇ ਮੱਦੇਨਜ਼ਰ ਬਰਨਾਲਾ ਵਿੱਚ ਸੁਰੱਖਿਆ ਦੇ ਪ੍ਰਬੰਧ ਬਹੁਤ ਵਧੀਆ ਕੀਤੇ ਗਏ ਹਨ। ਜਿਸ ਸਬੰਧੀ ਥਾਣਿਆਂ ਦੇ ਐਸਐਚਓ ਅਤੇ ਪੁਲਿਸ ਪਾਰਟੀਆਂ ਲਗਾਤਾਰ ਗਸ਼ਤ ਕਰਨਗੀਆਂ। ਇਸ ਤੋਂ ਇਲਾਵਾ ਨਾਕਾਬੰਦੀ ਵੀ ਅਲੱਗ-ਅਲੱਗ ਜਗ੍ਹਾ ਰਹੇਗੀ। ਉਨ੍ਹਾਂ ਕਿਹਾ ਕਿ ਬਰਨਾਲਾ ਵਿਧਾਨ ਸਭਾ ਦੀ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਚੋਣ ਜ਼ਾਬਤਾ ਲੱਗਿਆ ਹੋਇਆ ਹੈ। ਜਿਸ ਲਈ ਬਰਨਾਲਾ ਵਿੱਚ ਸੁਰੱਖਿਆ ਫੋਰਸਾਂ ਬਹੁਤ ਹਨ। ਕਿਸੇ ਵੀ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨੂੰ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਦਿਵਾਲੀ ਮੌਕੇ ਹੁੱਲੜਬਾਜ਼ੀ ਨਹੀਂ ਕਰਨ ਦਿੱਤੀ ਜਾਵੇਗੀ ਅਤੇ ਜੋ ਵਿਅਕਤੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ, ਉਨ੍ਹਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।