ਬਠਿੰਡਾ: ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਅਤੇ ਤਿੰਨ ਵਾਰ ਦੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅੱਜ ਬਠਿੰਡਾ ਦੀ ਉੜੀਆ ਕਲੋਨੀ ਪੁੱਜੇ। ਜਿਨ੍ਹਾਂ ਨੇ ਅੱਗ ਹਾਦਸੇ ਦੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। ਇਸ ਦੌਰਾਨ ਉਨ੍ਹਾਂ ਇਸ ਹਾਦਸੇ ਵਿੱਚ ਦੋ ਸਕੀਆਂ ਭੈਣਾਂ ਦੀ ਮੌਤ ਦਾ ਦਰਦ ਹੰਢਾ ਰਹੇ ਪਰਿਵਾਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਦਿਲਾਸਾ ਵੀ ਦਿੱਤਾ। ਇਸ ਦੌਰਾਨ ਉਨ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਬਠਿੰਡਾ ਸ਼ਹਿਰੀ ਦੇ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਅਤੇ ਹੋਰ ਲੀਡਰਸ਼ਿਪ ਮੌਜੂਦ ਸੀ।
ਕੇਜਰੀਵਾਲ 'ਤੇ ਪੰਜਾਬ ਦਾ ਪੈਸਾ ਬਰਬਾਦ: ਇਸ ਮੌਕੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੀੜਤ ਪਰਿਵਾਰਾਂ ਦੀ ਹਰ ਤਰ੍ਹਾਂ ਦੀ ਮਦਦ ਕਰੇਗਾ, ਉਨ੍ਹਾਂ ਮੌਜੂਦਾ ਸੀਐੱਮ ਭਗਵੰਤ ਮਾਨ ਸਰਕਾਰ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਕੇਜਰੀਵਾਲ 'ਤੇ ਪੰਜਾਬ ਦਾ ਪੈਸਾ ਬਰਬਾਦ ਕਰਨ ਵਾਲੇ ਭਗਵੰਤ ਮਾਨ ਨੂੰ ਪੰਜਾਬੀਆਂ ਦੀ ਕੋਈ ਚਿੰਤਾ ਨਹੀਂ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਉਕਤ ਪਰਿਵਾਰਾਂ ਦੀ ਜਲਦੀ ਤੋਂ ਜਲਦੀ ਆਰਥਿਕ ਸਹਾਇਤਾ ਕਰੇ ਤਾਂ ਜੋ ਇਹ ਪਰਿਵਾਰ ਇਸ ਹਾਦਸੇ ਤੋਂ ਉਭਰ ਸਕਣ।
10 ਘਰ ਸੜ ਕੇ ਸਵਾਹ: ਹਸਿਮਰਤ ਕੌਰ ਬਾਦਲ ਨੇ ਕਿਹਾ ਕਿ ਬਠਿੰਡਾ ਸ਼ਹਿਰੀ ਦੇ ਵਿਧਾਇਕ ਨੇ ਪੀੜਤ ਪਰਿਵਾਰਾਂ ਨੂੰ 25-25 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ, ਜੋ ਕਿ ਬਹੁਤ ਘੱਟ ਰਕਮ ਹੈ ਅਤੇ ਇਸ ਰਕਮ ਨਾਲ ਤਰਪਾਲ ਵੀ ਨਹੀਂ ਖਰੀਦੀ ਜਾ ਸਕਦੀ। ਉਨ੍ਹਾਂ ਕਿਹਾ ਕਿ ਬੀਤੇ ਦਿਨ ਵਾਪਰੇ ਇਸ ਭਿਆਨਕ ਹਾਦਸੇ ਵਿੱਚ ਝੁੱਗੀਆਂ ਦੇ ਰੂਪ ਵਿੱਚ ਬਣੇ 10 ਘਰ ਸੜ ਕੇ ਸਵਾਹ ਹੋ ਗਏ ਅਤੇ ਘਰੇਲੂ ਸਮਾਨ ਵੀ ਸੜ ਕੇ ਸੁਆਹ ਹੋ ਗਿਆ। ਇਸ ਲਈ 25-25 ਹਜ਼ਾਰ ਰੁਪਏ ਦੇਣ ਦਾ ਐਲਾਨ ਸ਼ਰਮਨਾਕ ਹੈ। ਸਰਕਾਰ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ ਅਤੇ ਸਰਕਾਰ ਨੂੰ ਹੁਣ ਤੱਕ ਉਕਤ ਪਰਿਵਾਰਾਂ ਦੀ ਦੇਖਭਾਲ ਕਰਨੀ ਚਾਹੀਦੀ ਸੀ। ਸੂਚਨਾ ਮਿਲੀ ਹੈ ਕਿ ਉੜੀਆ ਕਲੋਨੀ ਨੂੰ ਜਾਣ ਵਾਲਾ ਪੁਲ ਤੰਗ ਹੈ, ਜਿਸ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਨਹੀਂ ਲੰਘ ਸਕਦੀਆਂ ਅਤੇ ਉਕਤ ਇਲਾਕਾ ਵਾਸੀਆਂ ਵੱਲੋਂ ਪੁਲ ਨੂੰ ਚੌੜਾ ਕਰਨ ਦੀ ਮੰਗ ਵੀ ਉਠਾਈ ਗਈ ਸੀ, ਪਰ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ।
- ਲੁਧਿਆਣਾ ਦੇ ਸਾਬਕਾ ਵਿਧਾਇਕ ਨੇ AAP ਦੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ, ਲੋਕ ਸਭਾ ਟਿਕਟ ਨਾ ਮਿਲਣ ਤੋਂ ਸੀ ਨਾਰਾਜ਼ - AAP Leader Resigned
- ਚੋਣ ਪ੍ਰਚਾਰ ਦੌਰਾਨ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਭਾਜਪਾ ਉਮੀਦਵਾਰ ਮੰਨਾ ਦਾ ਤਿੱਖਾ ਵਿਰੋਧ - Lok Sabha Elections
- ਲੋਕ ਸਭਾ ਚੋਣਾਂ ਦਾ ਭਖਿਆ ਮਾਹੌਲ, ਗੁਰਦੁਆਰਾ ਸਾਹਿਬ ਨਤਮਸਤਕ ਹੋ ਕੇ ਹਰਸਿਮਰਤ ਕੌਰ ਬਾਦਲ ਨੇ ਸ਼ੁਰੂ ਕੀਤਾ ਚੋਣ ਪ੍ਰਚਾਰ - Lok Sabha Elections
ਘਟੀਆ ਸਰਕਾਰ: ਉਨ੍ਹਾਂ ਕਿਹਾ ਕਿ ਜੇਕਰ 20-50 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਪੁਲ ਨੂੰ ਚੌੜਾ ਕਰ ਦਿੱਤਾ ਜਾਂਦਾ ਤਾਂ ਸ਼ਾਇਦ ਦੋ ਲੜਕੀਆਂ ਦੀ ਜਾਨ ਬਚਾਈ ਜਾ ਸਕਦੀ ਸੀ, ਪਰ ਇਸ ਅਯੋਗ ਸਰਕਾਰ ਨੇ ਇਹ ਪੈਸਾ ਸਿਰਫ਼ ਕੇਜਰੀਵਾਲ ਦੀ ਖ਼ੁਸ਼ੀ ਲਈ ਖ਼ਰਚ ਕਰਨਾ ਮੁਨਾਸਿਬ ਸਮਝਿਆ, ਜੋ ਕੇਜਰੀਵਾਲ ਨੂੰ ਹਵਾਈ ਸਫਰ ਕਰਵਾਉਣ ਲਈ ਕਰਜ਼ਾ ਲੈ ਰਹੀ ਹੈ ਅਤੇ ਹੁਣ ਜਦੋਂ ਕੇਜਰੀਵਾਲ ਜੇਲ੍ਹ 'ਚ ਹੈ। ਹੁਣ ਡਰਾਮੇ ਕਰ ਕੇ ਪੈਸੇ ਦੀ ਬਰਬਾਦੀ ਕੀਤੀ ਜਾ ਰਹੀ ਹੈ, ਜਿਸ ਤੋਂ ਸਪੱਸ਼ਟ ਹੈ ਕਿ ਮੁੱਖ ਮੰਤਰੀ ਆਪਣੀ ਕੁਰਸੀ ਬਚਾਉਣ ਲਈ ਆਪਣੇ ਆਕਾ ਕੇਜਰੀਵਾਲ ਦੀ ਆਓ ਭਗਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਸਰਕਾਰ ਵੱਲੋਂ ਬਣਦੀਆਂ ਸਹੂਲਤਾਂ ਹਰ ਕੀਮਤ 'ਤੇ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਜੇਕਰ ਹੁਣ ਵੀ ਇਸ ਸਰਕਾਰ ਨੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਇਸ ਤੋਂ ਘਟੀਆ ਸਰਕਾਰ ਨਹੀਂ ਹੋ ਸਕਦੀ।