ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਹਲਕੇ ਤੋਂ ਉਮੀਦਵਾਰ ਐਨ ਕੇ ਸ਼ਰਮਾ ਨੇ ਅੱਜ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪੀ ਐਸ ਪੀ ਸੀ ਐਲ) ਵਿੱਚ 7 ਹਜ਼ਾਰ ਕਰੋੜ ਰੁਪਏ ਦਾ ਵੱਡਾ ਘਪਲਾ ਬੇਨਕਾਬ ਕੀਤਾ। ਤੱਥਾਂ ਸਮੇਤ ਅੰਕੜੇ ਜਾਰੀ ਕਰਕੇ ਦੱਸਿਆ ਕਿ ਕਿਵੇਂ ਆਮ ਲੋਕਾਂ ਨੂੰ ਲੁੱਟ ਕੇ ਇਹ ਪੈਸਾ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਦੀ ਜੇਬ ਵਿੱਚ ਜਾ ਰਿਹਾ ਹੈ। ਅੱਜ ਪਟਿਆਲਾ ਮੀਡੀਆ ਕਲੱਬ ਵਿਚ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਤੇ ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ ਤੇ ਪਾਵਰਕਾਮ ਆਊਟਸੋਰਸ ਟੈਕਨਿਕਲ ਆਫਿਸ ਵਰਕਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸਿਮਰਨਜੀਤ ਸਿੰਘ ਹਿੱਸੋਵਾਲ ਦੇ ਨਾਲ ਮਿਲ ਕੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਨ ਕੇ ਸ਼ਰਮਾ ਨੇ ਦੱਸਿਆ ਕਿ ਪੀਐਸਪੀਸੀਐਲ ਵਿੱਚ ਦਿੱਲੀ ਦੀਆਂ ਕੰਪਨੀਆਂ ਟੈਲੀਪਰਮਾਰਮੈਂਸ ਗਲੋਬਲ ਪ੍ਰਾਈਵੇਟ ਲਿਮਟਿਡ ਅਤੇ ਵਿਜ਼ਨ ਪਲੱਸ ਸਕਿਊਰਿਟੀ ਕੰਟਰੋਲ ਪ੍ਰਾਈਵੇਟ ਲਿਮਟਿਡ ਰਾਹੀਂ 8 ਹਜ਼ਾਰ ਦੇ ਕਰੀਬ ਮੁਲਾਜ਼ਮ ਆਊਟਸੋਰਸ ਰਾਹੀਂ ਰੱਖਿਆ ਗਿਆ ਹੈ।
'ਮੁਲਾਜ਼ਮਾਂ ਨੂੰ ਈਪੀਐਫ ਤੇ ਉਨ੍ਹਾਂ ਦੀ ਪੂਰੀ ਤਨਖਾਹ ਦੇਣਾ ਬਣਦਾ ਹੈ': ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਾਜ਼ਮਾਂ ਦੀ ਕਾਗਜ਼ਾਂ ਵਿਚ ਤਨਖਾਹ ਡੀ ਸੀ ਰੇਟ ’ਤੇ ਕਰੀਬਨ 11409 ਰੁਪਏ ਦੱਸੀ ਗਈ ਹੈ ਜਦੋਂ ਕਿ ਅਸਲ ਵਿੱਚ ਇਨ੍ਹਾਂ ਨੂੰ ਸਿਰਫ 7300 ਰੁਪਏ ਤਨਖਾਹ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਾਜ਼ਮਾਂ ਦੇ ਨਾਂ ’ਤੇ ਪੀਐਸਪੀਸੀਐਲ ਤੋਂ 4309 ਰੁਪਏ ਹਾਊਸਰੈਂਟ ਲਿਆ ਜਾ ਰਿਹਾ ਜੋ ਕੰਪਨੀਆਂ ਰਾਹੀਂ ਕੇਜਰੀਵਾਲ, ਭਗਵੰਤ ਮਾਨ, ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਅਤੇ ਪਾਵਰਕਾਮ ਮੈਨੇਜਮੈਂਟ ਦੇ ਖਾਤੇ ਵਿੱਚ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤਰੀਕੇ ਤੇਲ ਭੱਤਾ 2500 ਰੁਪਏ ਪ੍ਰਤੀ ਮੁਲਾਜ਼ਮ ਪ੍ਰਤੀ ਮਹੀਨਾ ਪੀਐਸਪੀਸੀਐਲ ਤੋਂ ਲਿਆ ਜਾ ਰਿਹਾ ਹੈ ਪਰ ਮੁਲਾਜ਼ਮਾਂ ਨੂੰ ਨਹੀਂ ਦਿੱਤਾ ਜਾ ਰਿਹਾ ਤੇ ਕੰਪਨੀ ਕੋਲ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤਰੀਕੇ ਮੁਲਾਜ਼ਮਾਂ ਨੂੰ ਈਪੀਐਫ ਤੇ ਉਨ੍ਹਾਂ ਦੀ ਪੂਰੀ ਤਨਖਾਹ ਦੇਣਾ ਬਣਦਾ ਹੈ ਪਰ ਇਹ ਸਿਰਫ 7300 ਰੁਪਏ ’ਤੇ ਦਿੱਤਾ ਜਾ ਰਿਹਾ ਹੈ। ਜਦੋਂ ਪੀਐਸਪੀਸੀਐਲ ਤੋਂ ਨਕਲੀ ਰਸੀਦਾਂ ਬਣਾ ਕੇ ਪੂਰੀ ਤਨਖਾਹ ਅਨੁਸਾਰ ਈਪੀਐਫ ਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਘੁਟਾਲਾ ਤਰਕੀਬਨ 426 ਕਰੋੜ ਰੁਪਏ ਦਾ ਬਣਦਾ ਹੈ।
6 ਹਜ਼ਾਰ ਕਰੋੜ ਰੁਪਏ ਦੀ ਸਿੱਧੀ ਲੁੱਟ: ਉਨ੍ਹਾਂ ਦੱਸਿਆ ਕਿ ਇਸੇ ਤਰੀਕੇ ਪੀਐਸਪੀਸੀਐਲ ਵੱਲੋਂ ਖਰੀਦੇ ਜਾਂਦੇ ਖੰਭਿਆਂ, ਬਿਜਲੀ ਦੀਆਂ ਤਾਰਾਂ, ਟਰਾਂਸਫਾਰਮਾਂ ਤੇ ਹੋਰ ਸਮਾਨ ’ਤੇ ਖਰੀਦ ਦੇ ਨਾਂ ’ਤੇ ਵੱਡੀ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਰਿਆਣਾ ਵਿੱਚ ਜਿਹੜਾ 9 ਮੀਟਰ ਦਾ ਖੰਭਾ 2500 ਰੁਪਏ ਦਾ ਹੈ, ਉਹ ਪੰਜਾਬ ’ਚ 5200 ਰੁਪਏ ਦਾ ਲਿਆ ਜਾ ਰਿਹਾ ਹੈ। ਇਸੇ ਤਰੀਕੇ 11 ਮੀਟਰ ਦਾ ਖੰਭਾ 5200 ਰੁਪਏ ਦਾ ਲਿਆ ਜਾ ਰਿਹਾ ਹੈ, ਇੱਥੇ 10976 ਰੁਪਏ ਦਾ ਖਰੀਦਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਖਰੀਦੋ-ਫਰੋਖ਼ਤ ਵਿੱਚ ਸਿੱਧੇ ਤੌਰ ’ਤੇ ਤਕਰੀਬਨ 6 ਹਜ਼ਾਰ ਕਰੋੜ ਰੁਪਏ ਦੀ ਸਿੱਧੀ ਲੁੱਟ ਕੀਤੀ ਜਾ ਰਹੀ ਹੈ। ਐਨ ਕੇ ਸ਼ਰਮਾ ਨੇ ਇਹ ਵੀ ਦੱਸਿਆ ਕਿ ਬਿਜਲੀ ਕੰਪਨੀ ਨੇ 2 ਲੱਖ ਸਮਾਰਟ ਮੀਟਰ ਖਰੀਦੇ ਹਨ, ਜਿਨ੍ਹਾਂ ਦੀ ਖਰੀਦ ਵਿੱਚ ਵੀ ਵੱਡਾ ਘਪਲਾ ਵੀ ਹੈ ਤੇ ਐਨਫੋਰਸਮੈਂਟ ਬਠਿੰਡਾ ਨੇ ਆਪਣੀ ਰਿਪੋਰਟ ਵਿਚ ਤਸਦੀਕ ਕੀਤਾ ਹੈ ਕਿ ਇਹ ਮੀਟਰ 9 ਫੀਸਦੀ ਜ਼ਿਆਦਾ ਰਫਤਾਰ ਨਾਲ ਚਲਦੇ ਹਨ। ਇਸਦਾ ਮਤਲਬ ਇਹ ਹੈ ਕਿ ਜਦੋਂ ਖਪਤਕਾਰ 260 ਯੂਨਿਟਾਂ ਖਪਤ ਕਰਦਾ ਹੈ ਤਾਂ ਮੀਟਰ 300 ਯੂਨਿਟ ਸ਼ੋਅ ਕਰਦਾ ਯਾਲੀ ਦਰਸਾਉਂਦਾ ਹੈ।
'ਲੋਕਾਂ ਤੋਂ ਪੈਸਾ ਲੁੱਟ ਕੇ ਬਿਜਲੀ ਕੰਪਨੀ ਨੂੰ ਮੁਨਾਫੇ ਵਿੱਚ ਦੱਸਿਆ ਜਾ ਰਿਹਾ': ਇਸ ਮੌਕੇ ਸੁਰਜੀਤ ਸਿੰਘ ਰੱਖੜਾ ਤੇ ਐਨ ਕੇ ਸ਼ਰਮਾ ਨੇ ਕਿਹਾ ਕਿ ਇਹ ਘੁਟਾਲਾ 7 ਹਜ਼ਾਰ ਕਰੋੜ ਰੁਪਏ ਦਾ ਬਣਦਾ ਹੈ ਜਿਸਦਾ ਸਾਰਾ ਪੈਸਾ ਦਿੱਲੀ ਦੀਆਂ ਕੰਪਨੀਆਂ ਰਾਹੀਂ ਅਰਵਿੰਦ ਕੇਜਰੀਵਾਲ, ਭਗਵੰਤ ਮਾਨ, ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਤੇ ਪੀਐਸਪੀਸੀਐਲ ਮੈਨੇਜਮੈਂਟ ਦੀ ਜੇਬ ਵਿੱਚ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਤੋਂ ਪੈਸਾ ਲੁੱਟ ਕੇ ਬਿਜਲੀ ਕੰਪਨੀ ਨੂੰ ਮੁਨਾਫੇ ਵਿੱਚ ਦੱਸਿਆ ਜਾ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਕਿ ਉਹ ਇਸ ਘੁਟਾਲੇ ਦੀ ਸ਼ਿਕਾਇਤ ਪੰਜਾਬ ਦੇ ਰਾਜਪਾਲ ਨੂੰ ਕਰ ਕੇ ਇਸ ਸਾਰੇ ਮਾਮਲੇ ਦੀ ਸੀਬੀਆਈ ਜਾਂਚ ਮੰਗਣਗੇ।
ਮੁਲਾਜ਼ਮਾਂ ਦੀ ਗਿਣਤੀ ਘੱਟ ਕੇ 30 ਹਜ਼ਾਰ ਰਹਿ ਗਈ: ਇਸ ਮੌਕੇ ਪ੍ਰਧਾਨ ਸਿਮਰਨਜੀਤ ਸਿੰਘ ਹਿੱਸੋਵਾਲ ਨੇ ਦੱਸਿਆ ਕਿ ਉਹ ਘੁਟਾਲੇ ਦੀ ਸ਼ਿਕਾਇਤ ਪੀਐਸਪੀਸੀਐਲ ਮੈਨੇਜਮੈਂਟ ਤੋਂ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖਤੀ ਤੌਰ ’ਤੇ ਕਰ ਚੁੱਕੇ ਹਨ ਪਰ ਦੋ ਸਾਲਾਂ ਤੋਂ ਕਿਸੇ ਵੀ ਪੱਧਰ ’ਤੇ ਕੋਈ ਕਾਰਵਾਈ ਨਹੀਂ ਹੋਈ ਸਗੋਂ ਉਲਟਾ ਉਨ੍ਹਾਂ ’ਤੇ ਹਮਲਾ ਕਰਵਾ ਦਿੱਤਾ ਗਿਆ। ਇਸ ਮੌਕੇ ਐਨ ਕੇ ਸ਼ਰਮਾ ਨੇ ਇਹ ਵੀ ਦੱਸਿਆ ਕਿ ਪੀ ਐਸਪੀਸੀਐਲ ਵਿੱਚ ਦੋ ਸਾਲ ਪਹਿਲਾਂ ਰੈਗੂਲਰ ਮੁਲਾਜ਼ਮਾਂ ਦੀ ਗਿਣਤੀ 32000 ਸੀ ਜੋ ਹੁਣ ਘੱਟ ਕੇ 30 ਹਜ਼ਾਰ ਰਹਿ ਗਈ ਹੈ ਜਦੋਂ ਕਿ ਆਊਟਸੋਰਸ ਰਾਹੀਂ 8 ਹਜ਼ਾਰ ਮੁਲਾਜ਼ਮ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਅਸੀਂ ਸਿਰਫ ਰੈਗੂਲਰ ਭਰਤੀ ਕਰਾਂਗੇ ਜਦੋਂ ਕਿ ਬਿਜਲੀ ਕੰਪਨੀ ਵਿੱਚ ਰੈਗੂਲਰ ਮੁਲਾਜ਼ਮ ਪਹਿਲਾਂ ਨਾਲੋਂ 2 ਹਜ਼ਾਰ ਘੱਟ ਗਏ ਹਨ ਤੇ ਆਊਟਸੋਰਸ ਵਾਲੇ ਵੱਧ ਗਏ ਹਨ।
- ਮੁੱਲਾਪੁਰ ਵਿੱਚ ਰਾਹੁਲ ਗਾਂਧੀ ਦੀ ਰੈਲੀ, ਕਿਹਾ-ਕਿਸਾਨਾਂ ਦਾ ਕਰਜ਼ਾ ਕਰਾਂਗੇ ਮੁਆਫ, ਮਹਿਲਾਵਾਂ ਨੂੰ 8 ਹਜ਼ਾਰ 500 ਹਰ ਦੇਵਾਂਗਾ ਪ੍ਰਤੀ ਮਹੀਨਾ - Rahul Gandhi rally in Punjab
- ਕਿਸਾਨਾਂ ਨੇ ਘੇਰਿਆ ਬੀਜੇਪੀ ਉਮੀਦਵਾਰ ਹੰਸ ਰਾਜ ਹੰਸ ਦਾ ਦਫ਼ਤਰ - Surroundings of Raj Hans office
- ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਦੇ ਘਰ ਦੇ ਬਾਹਰ ਕਿਸਾਨਾਂ ਦਾ ਵੱਡਾ ਹੰਗਾਮਾ, ਦੇਖੋ ਵੀਡੀਓ - Protest outside house of Rana Sodhi