ਬਰਨਾਲਾ: ਭਾਜਪਾ ਵੱਲੋਂ ਵੀ ਜਿਮਨੀ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਮਨਪ੍ਰੀਤ ਸਿੰਘ ਬਾਦਲ ਗਿੱਦੜਬਾਹਾ ਤੋਂ ਚੋਣ ਲੜਨਗੇ। ਡੇਰਾ ਬਾਬਾ ਨਾਨਕ ਤੋਂ ਰਵੀਕਰਨ ਕਾਹਲੋਂ, ਗਿੱਦੜਬਾਹਾ ਤੋਂ ਮਨਪ੍ਰੀਤ ਬਾਦਲ ਅਤੇ ਬਰਨਾਲਾ ਤੋਂ ਕੇਵਲ ਸਿੰਘ ਢਿੱਲੋਂ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਭਾਜਪਾ ਨੇ ਅਜੇ ਚੱਬੇਵਾਲ ਸੀਟ ਤੋਂ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ।
ਭਾਰਤੀ ਜਨਤਾ ਪਾਰਟੀ ਵਲੋਂ ਅੱਜ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਕੇਵਲ ਸਿੰਘ ਢਿੱਲੋਂ ਬਰਨਾਲਾ ਦੇ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ। ਪਿਛਲੇ ਕਰੀਬ 20 ਸਾਲਾਂ ਤੋਂ ਬਰਨਾਲਾ ਦੀ ਰਾਜਨੀਤੀ ਵਿੱਚ ਸਰਗਰਮ ਹਨ। ਇਸ ਵੇਲੇ ਉਹ ਭਾਰਤੀ ਜਨਤਾ ਪਾਰਟੀ ਦੇ ਸੂਬਾ ਕੋਰ ਕਮੇਟੀ ਮੈਂਬਰ ਹਨ। ਕੇਵਲ ਢਿੱਲੋਂ ਨੂੰ ਟਿਕਟ ਦਿੱਤੇ ਜਾਣ ਨਾਲ ਭਾਜਪਾ ਚੋਣ ਮੈਦਾਨ ਵਿੱਚ ਸਭ ਤੋਂ ਮਜਬੂਤ ਦਿਖਾਈ ਦੇ ਰਹੀ ਹੈ।
ਕੇਵਲ ਸਿੰਘ ਢਿੱਲੋਂ ਦਾ ਸਿਆਸੀ ਸਫ਼ਰ
ਕੇਵਲ ਸਿੰਘ ਢਿੱਲੋਂ ਨੇ 2005 ਵਿੱਚ ਬਰਨਾਲਾ ਸ਼ਹਿਰ ਵਿੱਚ ਆ ਕੇ ਆਪਣਾ ਸਿਆਸੀ ਕੈਰੀਅਰ ਸ਼ੁਰੂ ਕੀਤਾ ਸੀ। ਉਹ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਾਸ ਦੋਸਤਾਂ ਵਿੱਚੋਂ ਇੱਕ ਹਨ। ਇਸੇ ਕਾਰਨ ਉਹਨਾਂ 2006 ਵਿੱਚ ਆਪਣੇ ਦਮ ਤੇ ਬਰਨਾਲਾ ਨੂੰ ਜਿਲ੍ਹਾ ਬਣਵਾਇਆ ਸੀ, ਜੋ ਉਹਨਾਂ ਦੀ ਅੱਜ ਤੱਕ ਦੀ ਸਭ ਤੋਂ ਵੱਡੀ ਪ੍ਰਾਪਤੀ ਗਿਣਿਆ ਜਾਂਦਾ ਹੈ। ਇਸ ਉਪਰੰਤ ਕੇਵਲ ਸਿੰਘ ਢਿੱਲੋਂ ਨੇ 2007 ਵਿੱਚ ਪਹਿਲੀ ਵਾਰ ਕਾਂਗਰਸ ਪਾਰਟੀ ਵਲੋਂ ਵਿਧਾਨ ਸਭਾ ਦੀ ਚੋਣ ਲੜੀ ਅਤੇ ਅਕਾਲੀ ਦਲ ਦਾ ਗੜ੍ਹ ਮੰਨੀ ਜਾਂਦੀ ਬਰਨਾਲਾ ਦੀ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਪਾਈ। ਇਸ ਉਪਰੰਤ ਉਹਨਾਂ ਮੁੜ 2012 ਵਿੱਚ ਇੱਕੋਂ ਜਿੱਤ ਹਾਸਲ ਕੀਤੀ। ਜਦਕਿ 2017 ਵਿੱਚ ਉਹ ਕਰੀਬ 2000 ਹਜ਼ਾਰ ਵੋਟਾ ਦੇ ਫ਼ਰਕ ਨਾਲ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਮੀਤ ਹੇਅਰ ਤੋਂ ਹਾਰ ਗਏ ਸਨ।
ਕੇਵਲ ਢਿੱਲੋਂ ਦਾ ਪਿਛੋਕੜ
ਇਸ ਉਪਰੰਤ ਕਾਂਗਰਸ ਪਾਰਟੀ ਵਲੋਂ ਸੰਗਰੂਰ ਲੋਕ ਸਭਾ ਹਲਕੇ ਤੋਂ ਕੇਵਲ ਸਿੰਘ ਢਿੱਲੋਂ ਨੇ ਚੋਣ ਲੜੀ ਅਤੇ ਉਹ ਭਗਵੰਤ ਮਾਨ ਤੋਂ ਹਾਰ ਗਏ ਸਨ। ਜਦਕਿ 2022 ਦੀ ਵਿਧਾਨ ਸਭਾ ਚੋਣਾਂ ਵਿੱਚ ਬਰਨਾਲਾ ਵਿਧਾਨ ਸਭਾ ਸੀਟ ਤੋਂ ਕਾਂਗਰਸ ਨੇ ਮਨੀਸ਼ ਬਾਂਸਲ ਨੂੰ ਟਿਕਟ ਦੇ ਦਿੱਤੀ ਅਤੇ ਕੇਵਲ ਸਿੰਘ ਢਿੱਲੋਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਕੱਢ ਦਿੱਤਾ ਗਿਆ। ਇਸ ਉਪਰੰਤ ਕੇਵਲ ਸਿੰਘ ਢਿੱਲੋਂ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਇਸਤੋਂ ਬਾਅਦ 2022 ਦੀ ਲੋਕ ਸਭਾ ਸੰਗਰੂਰ ਦੀ ਜਿਮਨੀ ਚੋਣ ਲੜੀ ਅਤੇ ਹਾਰ ਗਏ। ਕੇਵਲ ਸਿੰਘ ਢਿੱਲੋਂ ਪੰਜਾਬ ਦੇ ਵੱਡੇ ਕਾਰੋਬਾਰੀ ਦੇ ਤੌਰ ਤੇ ਜਾਣੇ ਜਾਂਦੇ ਹਨ ਅਤੇ ਸਭ ਤੋਂ ਅਮੀਰ ਲੀਡਰਾਂ ਵਿੱਚੋਂ ਇੱਕ ਹੈ। ਕੇਵਲ ਢਿੱਲੋਂ ਦਾ ਪਿਛੋਕੜ ਬਰਨਾਲਾ ਜਿਲ੍ਹੇ ਦੇ ਪਿੰਡ ਟੱਲੇਵਾਲ ਨਾਲ ਸਬੰਧਤ ਹੈ।
ਆਮ ਆਦਮੀ ਪਾਰਟੀ ਵਲੋਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ
ਇਸ ਤੋਂ ਪਹਿਲਾਂ ਕੱਲ੍ਹ ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ’ਤੇ ਹੋਣ ਵਾਲੀ ਜ਼ਿਮਨੀ ਚੋਣ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ। ‘ਆਪ’ ਦੇ ਕੌਮੀ ਜਨਰਲ ਸਕੱਤਰ ਡਾ. ਸੰਦੀਪ ਪਾਠਕ ਵੱਲੋਂ ਜਾਰੀ ਸੂਚੀ ਮੁਤਾਬਕ ਵਿਧਾਨ ਸਭਾ ਹਲਕਾ ਗਿੱਦੜਬਾਹਾ ਤੋਂ ਹਰਦੀਪ ਸਿੰਘ ਡਿੰਪੀ ਢਿੱਲੋਂ, ਬਰਨਾਲਾ ਤੋਂ ਹਰਿੰਦਰ ਸਿੰਘ ਧਾਲੀਵਾਲ, ਚੱਬੇਵਾਲ (ਐੱਸਸੀ) ਤੋਂ ਇਸ਼ਾਂਕ ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ। ਜਾਣਕਾਰੀ ਅਨੁਸਾਰ ਵਿਧਾਨ ਸਭਾ ਹਲਕਾ ਗਿੱਦੜਬਾਹਾ ਤੋਂ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਰਹਿ ਚੁੱਕੇ ਹਨ ਤੇ ਇਸੇ ਸਾਲ ਅਗਸਤ ਮਹੀਨੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ‘ਆਪ’ ਵਿੱਚ ਸ਼ਾਮਲ ਹੋਏ ਸਨ। ਵਿਧਾਨ ਸਭਾ ਹਲਕਾ ਬਰਨਾਲਾ ਤੋਂ ਪਾਰਟੀ ਨੇ ਪੁਰਾਣੇ ਵਰਕਰ ਹਰਿੰਦਰ ਸਿੰਘ ਧਾਲੀਵਾਲ ਨੂੰ ਉਮੀਦਵਾਰ ਐਲਾਨਿਆ ਹੈ।
- ਆਖਿਰ ਕਿਉਂ ਕਿਸਾਨ ਹੋ ਰਹੇ ਧਰਨੇ ਦੇਣ ਨੂੰ ਮਜ਼ਬੂਰ ਕੀ ਨੇ ਕਿਸਾਨਾਂ ਦੀਆਂ ਮੰਗਾਂ? ਜਾਣੋ ਇਸ ਰਿਪੋਰਟ ਜਰੀਏ...
- ਇਸ ਪੰਜਾਬੀ ਮੁੰਡੇ ਨੇ ਕੀਤੀ ਕਮਾਲ, ਕੈਨੇਡਾ 'ਚ ਚਮਕਾਇਆ ਪੰਜਾਬੀਆਂ ਦਾ ਨਾਮ, ਪਿੰਡ 'ਚ ਜਸ਼ਨ ਦਾ ਮਾਹੌਲ, ਵੱਜ ਰਹੇ ਢੋਲ ਤੇ ਪੈ ਰਹੇ ਪੰਗੜੇ
- ਬ੍ਰਿਟਿਸ਼ ਕੋਲੰਬੀਆ ਵਿੱਚ ਛੇਵੀਂ ਵਾਰ MLA ਬਣੇ ਲੁਧਿਆਣਾ ਦੇ ਪਿੰਡ ਗੌਹਰ ਦੇ ਰਾਜ ਚੌਹਾਨ, ਪਰਿਵਾਰ ਅਤੇ ਪਿੰਡ ਵਿੱਚ ਖੁਸ਼ੀ ਦੀ ਲਹਿਰ