ਰੋਪੜ: ਚਾਈਨਾ ਡੋਰ ਦੀ ਦੁਰਵਰਤੋਂ ਕਾਰਣ ਲਗਾਤਾਰ ਮੰਦਭਾਗੀਆਂ ਘਟਨਾਵਾਂ ਹੋਣ ਦੇ ਬਾਵਜੂਦ ਵੀ ਪਤੰਗਾਂ ਦੇ ਸ਼ੌਕੀਨ ਇਸ ਖੂਨੀ ਡੋਰ ਦੀ ਵਰਤੋਂ ਕਰਨ ਤੋਂ ਬਾਜ਼ ਨਹੀਂ ਆ ਰਹੇ। ਜਿਸ ਕਰਕੇ ਇਹ ਮੰਦਭਾਗੀਆਂ ਘਟਨਾਵਾਂ ਅੱਜ ਵੀ ਵਾਪਰ ਰਹੀਆਂ ਹਨ। ਰੂਪਨਗਰ ਵੱਚ ਇੱਕ ਦੁਕਾਨਦਾਰ ਆਪਣੀ ਦੁਕਾਨ ਬੰਦ ਕਰਕੇ ਨਿਰੰਕਾਰੀ ਭਵਨ ਕੋਲ ਆਪਣੇ ਘਰ ਘਨੌਲੀ ਨੂੰ ਜਾ ਰਿਹਾ ਸੀ ਤਾਂ ਅਚਾਨਕ ਇੱਕ ਚਾਈਨਾ ਡੋਰ ਉਸ ਦੀ ਗਰਦਨ ਵਿੱਚ ਫਸ ਗਈ ਅਤੇ ਗਰਦਨ ਉੱਤੇ ਗੰਭੀਰ ਕੱਟ ਲੱਗ ਗਿਆ।
ਗਰਦਣ ਉੱਤੇ ਗੰਭੀਰ ਕੱਟ
ਗਲ਼ੇ ਨੂੰ ਕੱਟਣ ਲੱਗਣ ਤੋਂ ਬਾਅਦ ਜ਼ਖ਼ਮੀ ਦੁਕਾਨਜਾਰ ਨੂੰ ਤੁਰੰਤ ਸਿਵਲ ਹਸਪਤਾਲ ਦੀ ਐਮਰਜੈਂਸੀ ਵਿੱਚ ਭਰਤੀ ਕਰਾਇਆ ਗਿਆ ਜਿੱਥੇ ਉਸਦੀ ਗਰਦਨ ਉੱਤੇ 16 ਟਾਂਕੇ ਲੱਗੇ ਹਨ। ਪੀੜਤ ਵਿਅਕਤੀ ਦੀ ਪਛਾਣ ਦੀਪਕ ਰਾਏ ਉਮਰ 42 ਵਜੋਂ ਹੋਈ ਹੈ ਜੋ ਘਨੌਲੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਉਸਦੇ ਪੁੱਤਰ ਮਯੰਕ ਨੇ ਦੱਸਿਆ ਕਿ ਉਹ ਆਪਣੇ ਪਿਤਾ ਦੀ ਬਾਈਕ ਦੇ ਪਿੱਛੇ ਬੈਠਾ ਸੀ ਪਰ ਉਹ ਡੋਰ ਤੋਂ ਵਾਲ ਵਾਲ ਬਚ ਗਿਆ। ਉਸ ਦੇ ਪਿਤਾ ਦੀ ਗਰਦਨ ਉੱਤੇ ਗੰਭੀਰ ਕੱਟ ਲੱਗ ਗਿਆ। ਸਿਵਲ ਹਸਪਤਾਲ ਵਿੱਚ ਮੌਜੂਦ ਪੀੜਤ ਦੇ ਰਿਸ਼ਤੇਦਾਰਾਂ ਅਤੇ ਹੋਰ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚਾਈਨਾ ਡੋਰ ਦੇ ਖ਼ਿਲਾਫ਼ ਮੁਹਿੰਮ ਆਰੰਭੀ ਜਾਵੇ ਅਤੇ ਚਾਈਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਪ੍ਰਸ਼ਾਸਨ ਦੇ ਦਾਅਵੇ ਫੋਕੇ
ਪ੍ਰਸ਼ਾਸਨ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਕਿ ਚਾਈਨਾ ਡੋਰ ਉੱਤੇ ਪੂਰਨ ਤੌਰ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਖਰੀਦਣ ਅਤੇ ਵੇਚਣ ਵਾਲੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪਰ ਧਰਾਤਲ ਉੱਤੇ ਇਸਦਾ ਅਸਰ ਕੋਈ ਬਹੁਤਾ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ। ਪਿਛਲੇ ਸਾਲਾਂ ਦੌਰਾਨ ਚਾਈਨਾ ਡੋਰ ਦੇ ਨਾਲ ਕਈ ਲੋਕ ਜ਼ਖਮੀ ਵੀ ਹੋਏ ਹਨ, ਕਈ ਪਸ਼ੂ ਅਤੇ ਪੰਛੀਆਂ ਉੱਤੇ ਵੀ ਇਸਦਾ ਕਹਿਰ ਵਰਿਆ ਹੈ। ਕਈ ਮਾਮਲਿਆਂ ਵਿੱਚ ਤਾਂ ਚਾਈਨਾ ਡੋਰ ਕਾਰਣ ਲੋਕਾਂ ਨੂੰ ਆਪਣੀ ਜਾਨ ਵੀ ਗੁਆਉਣੀ ਪਈ ਹੈ।