ਬਰਨਾਲਾ: ਯੂਟਿਊਬਰ ਭਾਨਾ ਸਿੱਧੂ ਦਾ ਮਾਮਲਾ ਅਜੇ ਠੰਢਾ ਨਹੀਂ ਹੋਇਆ ਹੈ। ਇਸ ਮਾਮਲੇ ਵਿੱਚ ਬਰਨਾਲਾ ਪੁਲਿਸ ਨੇ ਇੱਕ ਹੋਰ ਪਰਚਾ ਭਾਨਾ ਸਿੱਧੂ ਦੇ ਪਰਿਵਾਰ ਅਤੇ ਲੱਖਾ ਸਿਧਾਣਾ ਉਪਰ ਦਰਜ ਕੀਤਾ ਹੈ। ਇਸ ਪਰਚੇ ਉਪਰੰਤ ਭਾਨਾ ਸਿੱਧੂ ਦੇ ਪਰਿਵਾਰ ਅਤੇ ਲੱਖਾ ਸਿਧਾਣਾ ਨੇ ਮੀਡੀਆ ਸਾਹਮਣੇ ਆ ਕੇ ਆਪਣਾ ਪੱਖ ਰੱਖਿਆ ਅਤੇ ਇਸ ਪੁਲਿਸ ਕਾਰਵਾਈ ਦੀ ਨਿੰਦਾ ਕੀਤੀ ਹੈ। ਦੇਰ ਸ਼ਾਮ ਲੱਖਾ ਸਿਧਾਣਾ ਨੇ ਭਾਨਾ ਸਿੱਧੂ ਦੇ ਘਰ ਵਿੱਚ ਜਾ ਕੇ ਉਥੇ ਪਰਿਵਾਰ ਨਾਲ ਗੱਲਬਾਤ ਕੀਤੀ ਅਤੇ ਹਰ ਪੱਖੋਂ ਆਪਣਾ ਸਹਿਯੋਗ ਦੇਣ ਦਾ ਐਲਾਨ ਕੀਤਾ।
ਧੱਕੇਸ਼ਾਹੀ ਵਿਰੁੱਧ ਇੱਕਜੁੱਟ ਹੋਣ ਦੀ ਅਪੀਲ: ਇਸ ਮੌਕੇ ਲੱਖਾ ਸਿਧਾਣਾ ਨੇ ਗੱਲਬਾਤ ਕਰਦੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਨੌਜਵਾਨਾਂ 'ਤੇ ਝੂਠੇ ਮੁਕਦਮੇ ਦਰਜ ਕੀਤੇ ਜਾ ਰਹੇ ਹਨ, ਉੱਥੇ ਹੀ ਆਪਣੀ ਸਰਕਾਰ ਦੀ ਦਾਬ ਹੇਠ ਬੇਕਸੂਰ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ। ਭਾਨਾ ਸਿੱਧੂ ਦੇ ਪਰਿਵਾਰ 'ਤੇ ਹੋਏ ਝੂਠੇ ਮੁਕੱਦਮੇ ਨੂੰ ਲੈ ਕੇ ਉਸ ਨੇ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਦੀ ਕਰੜੀ ਨਿਖੇਧੀ ਕੀਤੀ ਹੈ ਅਤੇ ਲੋਕਾਂ ਨੂੰ ਧੱਕੇਸ਼ਾਹੀ ਵਿਰੁੱਧ ਇੱਕਜੁੱਟ ਹੋਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਪੰਜਾਬ ਸਰਕਾਰ ਦੀ ਇਸ ਭੈੜੀ ਰਾਜਨੀਤੀ ਤੋਂ ਚੰਗੀ ਤਰ੍ਹਾਂ ਜਾਣੂ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਜਿੱਥੇ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘੱਟ ਕੀਤੀ। ਜਿਸ ਕਾਰਨ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸੀ। ਉੱਥੇ ਭਾਨਾ ਸਿੱਧੂ ਵਰਗੇ ਬੇਕਸੂਰ ਨੌਜਵਾਨਾਂ ਨੂੰ ਝੂਠੇ ਮੁਕਦਮੇ ਦਰਜ ਕਰਕੇ ਪੰਜਾਬ ਦੇ ਨੌਜਵਾਨਾਂ 'ਤੇ ਸਿੱਧੇ ਤੌਰ 'ਤੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ।
ਪਰਿਵਾਰ ਤੇ ਪੰਚਾਇਤ ਨੇ ਕੀਤੀ ਨਿਖੇਧੀ: ਇਸ ਮੌਕੇ ਭਾਨਾ ਸਿੱਧੂ ਦੀ ਭੈਣ ਕਿਰਨਜੀਤ ਕੌਰ ਨੇ ਵੀ ਆਪਣੇ 'ਤੇ ਦਰਜ ਹੋਏ ਝੂਠੇ ਮੁਕਦਮੇ ਨੂੰ ਲੈ ਕੇ ਪੁਲਿਸ ਅਤੇ ਸਰਕਾਰ 'ਤੇ ਸਵਾਲ ਚੁੱਕੇ ਹਨ। ਦੂਜੇ ਪਾਸੇ ਆਪਣੇ 'ਤੇ ਦਰਜ ਝੂਠੇ ਮੁਕਦਮੇ ਨੂੰ ਲੈ ਕੇ ਪਿੰਡ ਕੋਟ ਦੁੱਨਾ ਦੇ ਸਰਪੰਚ ਸਰਬਜੀਤ ਸਿੰਘ ਨੇ ਵੀ ਪੁਲਿਸ ਪ੍ਰਸ਼ਾਸਨ ਦੀ ਧੱਕੇਸ਼ਾਹੀ ਖਿਲਾਫ ਆਵਾਜ਼ ਚੁੱਕੀ ਹੈ। ਇਸ ਦੇ ਨਾਲ ਹੀ ਉਨ੍ਹਾਂ ਅਪੀਲ ਕੀਤੀ ਕਿ ਸਰਕਾਰ ਦੀ ਇਸ ਧੱਕੇਸ਼ਾਹੀ ਖਿਲਾਫ਼ ਉਨ੍ਹਾਂ ਦੀ ਮਦਦ ਕੀਤੀ ਜਾਵੇ।
ਪ੍ਰਦਰਸ਼ਨ ਵਾਲੇ ਦਿਨ ਹੀ ਹੋ ਗਿਆ ਸੀ ਪਰਚਾ: ਜ਼ਿਕਰਯੋਗ ਹੈ ਕਿ ਨਵਾਂ ਮਾਮਲਾ ਧਨੌਲਾ ਥਾਣੇ ਦੀ ਪੁਲਿਸ ਨੇ 3 ਫਰਵਰੀ ਨੂੰ ਦਰਜ਼ ਕੀਤਾ ਹੈ। ਪੁਲਿਸ ਵਲੋਂ ਦਰਜ ਐਫਆਈਆਰ ਅਨੁਸਾਰ ਭਾਨਾ ਸਿੱਧੂ ਦੇ ਪਿਤਾ, ਉਸਦੇ ਭਰਾ ਅਮਨਾ ਸਿੱਧੂ, ਉਸਦੀਆਂ ਦੋਵੇਂ ਭੈਣਾਂ ਅਤੇ ਲੱਖਾ ਸਿਧਾਣਾ ਉਪਰ ਇਹ ਪਰਚਾ ਦਰਜ਼ ਕੀਤਾ ਗਿਆ ਹੈ। ਪੁਲਿਸ ਨੇ ਇਹਨਾਂ ਸਾਰੇ ਮੁਲਜ਼ਮਾਂ ਉਪਰ ਬਡਬਰ ਟੌਲ ਪਲਾਜ਼ਾ ਬੰਦ ਕਰਨ ਅਤੇ ਪੁਲਿਸ ਪਾਰਟੀ ਉਪਰ ਹਮਲਾ ਕਰਨ ਦੇ ਦੋਸ਼ ਲਗਾਉਂਦਿਆਂ ਅਲੱਗ-ਅਲੱਗ ਧਾਰਾਵਾਂ ਤਹਿਤ ਪਰਚਾ ਦਰਜ਼ ਕੀਤਾ ਹੈ। ਇਸ ਮਾਮਲੇ ਵਿੱਚ ਅਜੇ ਕੋਈ ਵੀ ਪੁਲਿਸ ਅਧਿਕਾਰੀ ਕੁੱਝ ਬੋਲਣ ਨੂੰ ਤਿਆਰ ਨਹੀਂ ਹੈ।
ਭਾਨਾ ਸਿੱਧੂ ਦੀ ਰਿਹਾਈ ਲਈ ਪ੍ਰਦਰਸ਼ਨ: ਕਾਬਿਲੇਗੌਰ ਹੈ ਕਿ ਭਾਨਾ ਸਿੱਧੂ ਉਪਰ ਦਰਜ 4 ਪੁਲਿਸ ਮਾਮਲਿਆਂ ਦੇ ਵਿਰੋਧ ਵਿੱਚ ਉਸ ਦੇ ਹਮਾਇਤੀਆਂ ਨੇ 3 ਫਰਵਰੀ ਨੂੰ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਦਾ ਘਿਰਾਓ ਕਰਨਾ ਸੀ ਅਤੇ ਉਸ ਦਿਨ ਬਡਬਰ ਟੌਲ ਉਪਰ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿੱਚ ਕਾਫੀ ਖਿੱਚੋਤਾਣ ਹੋਈ ਸੀ। ਉਸ ਦਿਨ ਉਚ ਪੁਲਿਸ ਅਧਿਕਾਰੀਆਂ ਨੇ ਭਾਨਾ ਸਿੱਧੂ ਨੂੰ 10 ਫਰਵਰੀ ਤੱਕ ਰਿਹਾਅ ਕਰਨ ਦਾ ਭਰੋਸਾ ਦਿੱਤਾ ਸੀ ਪਰ ਨਵੀਂ ਐਫਆਈਆਰ ਨਾਲ ਭਾਨਾ ਸਿੱਧੂ ਦਾ ਮਾਮਲਾ ਮੁੜ ਚਰਚਾ ਵਿੱਚ ਆ ਗਿਆ ਹੈ।