ਬਰਨਾਲਾ/ਚੰਡੀਗੜ੍ਹ: ਪਿਛਲੇ ਦਿਨੀਂ ਸਮਾਜ ਸੇਵੀ ਤੇ ਸੋਸ਼ਲ ਮੀਡੀਆ ਬਲੋਗਰ ਭਾਨਾ ਸਿੱਧੂ ਦੀ ਰਿਹਾਈ ਨੂੰ ਲੈਕੇ ਵੱਡਾ ਇਕੱਠ ਕੀਤਾ ਗਿਆ ਸੀ। ਜਿਸ 'ਚ ਸੂਬੇ ਭਰ ਤੋਂ ਲੋਕ ਪਹੁੰਚੇ ਸਨ। ਇਸ ਦੌਰਾਨ ਕਈ ਥਾਵਾਂ 'ਤੇ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ 'ਚ ਤਕਰਾਰ ਵੀ ਸਾਹਮਣੇ ਆਈ ਸੀ। ਇਸ ਦੇ ਚੱਲਦਿਆਂ ਹੁਣ ਪੁਲਿਸ ਨੇ ਬਰਨਾਲਾ ਦੇ ਧਨੌਲਾ 'ਚ ਪੁਲਿਸ ਨੇ ਭਾਨਾ ਸਿੱਧੂ ਦੇ ਪਿਤਾ ਬਿੱਕਰ ਸਿੰਘ, ਭਰਾ ਅਮਨਾ ਸਿੱਧੂ, ਦੋਵੇ ਭੈਣਾਂ ਕਿਰਨਪਾਲ ਕੌਰ ਤੇ ਸੁਖਪਾਲ ਕੌਰ, ਲੱਖਾ ਸਿਧਾਣਾ, ਪੰਚ ਰਣਜੀਤ ਸਿੰਘ ਅਤੇ ਕੁਲਵਿੰਦਰ ਸਿੰਘ ਸਮੇਤ ਕਈ ਲੋਕਾਂ 'ਤੇ ਪਰਚਾ ਦਰਜ ਕੀਤਾ ਗਿਆ ਹੈ।
ਭਾਨਾ ਸਿੱਧੂ ਦੇ ਪਰਿਵਾਰ 'ਤੇ ਪਰਚਾ: ਕਾਬਿਲੇਗੌਰ ਹੈ ਕਿ 3 ਫਰਵਰੀ ਦੇ ਧਰਨੇ ਦੌਰਾਨ ਬਡਬਰ ਟੋਲ ਪਲਾਜਾ 'ਤੇ ਸਰਕਾਰੀ ਪ੍ਰਾਪਰਟੀ ਅਤੇ ਸਰਕਾਰੀ ਡਿਊਟੀ 'ਤੇ ਤੈਨਾਤ ਪੁਲਿਸ ਮੁਲਾਜ਼ਮਾਂ 'ਤੇ ਹਮਲੇ ਸਮੇਤ ਕਈ ਧਰਾਵਾਂ ਤਹਿਤ ਇਹ ਪਰਚਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਅਨੁਸਾਰ ਪੁਲਿਸ ਵਲੋਂ 18 ਲੋਕਾਂ 'ਤੇ ਨਾਮ ਦੇ ਅਧਾਰ 'ਤੇ ਪਰਚਾ ਦਰਜ ਕੀਤਾ ਗਿਆ ਹੈ, ਜਦਕਿ ਸੋ ਤੋਂ ਵੱਧ ਅਣਪਛਾਤਿਆਂ ਦਾ ਜ਼ਿਕਰ ਕੀਤਾ ਗਿਆ ਹੈ। ਜਿਸ 'ਚ ਕਿਹਾ ਗਿਆ ਕਿ ਇੰਨ੍ਹਾਂ ਵਲੋਂ ਬਡਬਰ ਟੋਲ ਪਲਾਜ਼ਾ ਬੰਦ ਕੀਤਾ ਗਿਆ, ਜਿਸ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀ ਹੋਈ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਪੁਲਿਸ ਵਲੋਂ ਇਸ ਐਫਆਈਆਰ 'ਚ ਧਾਰਾ 307 ਵੀ ਲਗਾਈ ਗਈ ਹੈ।
ਧਰਨੇ ਵਾਲੀ ਸ਼ਾਮ ਹੀ ਹੋ ਗਿਆ ਸੀ ਪਰਚਾ: ਜ਼ਿਕਰਯੋਗ ਹੈ ਕਿ ਇੱਕ ਪਾਸੇ ਪੰਜਾਬ ਪੁਲਿਸ ਵਲੋਂ 10 ਫਰਵਰੀ ਨੂੰ ਭਾਨਾ ਸਿੱਧੂ ਦੀ ਰਿਹਾਈ ਨੂੰ ਲੈਕੇ ਲਿਖਤੀ ਭਰੋਸਾ ਦਿੱਤਾ ਗਿਆ ਸੀ, ਜਿਸ ਦੇ ਚੱਲਦੇ ਇਹ ਧਰਨਾ ਚੁੱਕ ਲਿਆ ਗਿਆ ਸੀ ਪਰ ਨਾਲ ਹੀ ਧਰਨੇ ਵਾਲੇ ਦਿਨ ਹੀ 3 ਫਰਵਰੀ ਸ਼ਾਮ ਨੂੰ ਪੁਲਿਸ ਵਲੋਂ ਇਹ 14 ਨੰਬਰ ਐਫਆਈਆਰ ਦਰਜ ਕੀਤੀ ਗਈ ਹੈ, ਜੋ ਹੁਣ ਮੀਡੀਆ ਸਾਹਮਣੇ ਆਈ ਹੈ। ਜਿਸ 'ਚ ਪੁਲਿਸ ‘ਤੇ ਹਮਲਾ ਕਰਨ ਦੇ ਇਲਜ਼ਾਮ ਲੱਗੇ ਹਨ। ਸਰਕਾਰੀ ਸੰਪਤੀ ਨੂੰ ਵੀ ਨੁਕਸਾਨ ਪਹੁੰਚਾਉਣ ਅਤੇ ਸਰਕਾਰੀ ਡਿਊਟੀ ‘ਚ ਵਿਘਨ ਦੇ ਇਲਜ਼ਾਮ ਹਨ। ਇਸ ਦੌਰਾਨ ਪੁਲਿਸ ਵਲੋਂ ਪਰਚੇ 'ਚ ਧਾਰਾ 283, 186, 353, 279, 427, 307, 148, 149, 117, 268 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਜੇਲ੍ਹ 'ਚ ਬੰਦ ਭਾਨਾ ਸਿੱਧੂ: ਕਾਬਿਲੇਗੌਰ ਹੈ ਕਿ ਪਿਛਲੇ ਦਿਨੀਂ ਪੰਜਾਬ ਪੁਲਿਸ ਵਲੋਂ ਭਾਨਾ ਸਿੱਧੂ 'ਤੇ ਇੱਕ ਤੋਂ ਬਾਅਦ ਇੱਕ ਚਾਰ ਪਰਚੇ ਦਰਜ ਕੀਤੇ ਗਏ ਸਨ। ਜਿਸ ਦੇ ਚੱਲਦੇ ਉਹ ਪਿਛਲੇ ਕਈ ਦਿਨਾਂ ਤੋਂ ਜੇਲ੍ਹ 'ਚ ਬੰਦ ਹੈ। ਇਸ ਦੇ ਨਾਲ ਹੀ ਇੱਕ ਪਰਚੇ 'ਚ ਭਾਨਾ ਸਿੱਧੂ ਦੇ ਭਰਾ ਅਮਨਾ ਸਿੱਧੂ ਦਾ ਨਾਂ ਵੀ ਪਰਚੇ 'ਚ ਦਰਜ ਸੀ। ਉਧਰ ਇਸ ਦੇ ਚੱਲਦੇ ਪਹਿਲਾਂ ਭਾਨਾ ਸਿੱਧੂ ਦੇ ਪਿੰਡ ਕੋਟਦੁੱਨਾ 'ਚ ਇਕੱਠ ਹੋਇਆ ਸੀ, ਜਿਸ ਤੋਂ ਬਾਅਦ 3 ਫਰਵਰੀ ਨੂੰ ਮੁੱਖ ਮੰਤਰੀ ਮਾਨ ਦੀ ਸੰਗਰੂਰ ਕੋਠੀ ਘੇਰਨ ਦਾ ਐਲਾਨ ਹੋਇਆ ਸੀ, ਜਿਸ ਦੇ ਚੱਲਦੇ ਇਹ ਪ੍ਰਦਰਸ਼ਨ ਹੋਇਆ ਸੀ ਤੇ ਪੁਲਿਸ ਵਲੋਂ ਪਰਚਾ ਦਰਜ ਕੀਤਾ ਗਿਆ ਹੈ।