ਬਠਿੰਡਾ: ਪੰਜਾਬ ਵਿੱਚ ਪਰਾਲੀ ਨੂੰ ਲੈ ਕੇ ਜਿੱਥੇ ਲਗਾਤਾਰ ਚਰਚਾ ਚੱਲ ਰਹੀ ਹੈ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਪਰਾਲੀ ਦੀ ਸੰਭਾਲ ਨੂੰ ਲੈ ਕੇ ਅਗੇਤੇ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਗਏ ਸਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਲਿਸ ਦੀ ਸਹਾਇਤਾ ਨਾਲ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਸੀ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਕਿਉਂਕਿ ਅੱਗ ਲਗਾਉਣ ਨਾਲ ਧਰਤੀ ਦੀ ਉਪਜਾਊ ਸ਼ਕਤੀ ਉੱਤੇ ਅਸਰ ਪੈਂਦਾ ਹੈ ਅਤੇ ਪਰਾਲੀ ਵਿੱਚੋਂ ਨਿਕਲਣ ਵਾਲੇ ਧੂੰਏ ਕਾਰਨ ਮਨੁੱਖਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ।
ਕਿਸਾਨਾਂ ਨੇ ਨਹੀਂ ਲਾਈ ਅੱਗ
ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਕਿਸਾਨਾਂ ਨਾਲ ਕੀਤੇ ਜਾ ਰਹੇ ਰਾਬਤੇ ਨੂੰ ਹੁਣ ਬੂਰ ਪੈਂਦਾ ਹੈ ਨਜ਼ਰ ਆ ਰਿਹਾ ਹੈ ਕਿਉਂਕਿ ਪਿਛਲੇ ਸਾਲ ਨਾਲੋਂ ਬਠਿੰਡਾ ਵਿੱਚ 70 ਤੋਂ 80% ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲਿਆਂ ਵਿੱਚ ਕਮੀ ਆਈ ਹੈ। ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਪਿਛਲੇ ਦਿਨੀ ਏਅਰ ਕੁਆਲਿਟੀ ਚੈੱਕਕਰਨ ਵਾਲੇ ਯੰਤਰ ਵਿੱਚ ਖਰਾਬੀ ਆਉਣ ਕਾਰਨ ਉਹ ਇੱਕ ਜਗ੍ਹਾ ਰੁਕ ਗਿਆ ਸੀ ਪਰ ਜਦੋਂ ਹੁਣ ਇਸ ਨੂੰ ਠੀਕ ਕਰਵਾ ਕੇ ਚਲਾਇਆ ਗਿਆ ਹੈ ਤਾਂ ਏਅਰ ਕੁਆਲਿਟੀ ਪਿਛਲੇ ਸਾਲ ਨਾਲੋਂ ਬਹੁਤ ਵਧੀਆ ਦਿਖਾਈ ਦੇ ਰਹੀ ਹੈ।
ਮਸ਼ਨੀਰੀ ਕਰਵਾਈ ਗਈ ਉਪਲੱਬਧ
ਉਹਨਾਂ ਦੱਸਿਆ ਕਿ ਪਿਛਲੇ ਸਾਲ ਨਾਲੋਂ ਇਸ ਵਾਰ ਬਠਿੰਡਾ ਜ਼ਿਲ੍ਹੇ ਵਿੱਚ ਵੱਡੇ ਪੱਧਰ ਉੱਤੇ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਨਹੀਂ ਲਗਾਈ ਗਈ ਉੱਥੇ ਹੀ ਵੱਡੇ ਪੱਧਰ ਉੱਤੇ ਪਰਾਲੀ ਦੀਆਂ ਗੱਠਾਂ ਬਣਾਉਣ ਲਈ ਕਿਸਾਨਾਂ ਨੂੰ ਮਸ਼ੀਨਰੀ ਉਪਲੱਬਧ ਕਰਾਈ ਗਈ ਹੈ। ਬਠਿੰਡਾ ਜ਼ਿਲ੍ਹੇ ਵਿੱਚ 5 ਲੱਖ ਏਕੜ ਝੋਨੇ ਦੀ ਬਿਜਾਈ ਕੀਤੀ ਗਈ ਸੀ। ਪ੍ਰਸ਼ਾਸਨ ਕੋਲ਼ 6 ਲੱਖ ਏਕੜ ਵਿੱਚੋਂ ਪਰਾਲੀ ਇਕੱਠੀ ਕਰਨ ਦੀ ਮਸ਼ੀਨਰੀ ਮੌਜੂਦ ਹੈ। ਪਿੰਡਾਂ ਵਿੱਚ ਵੱਡੇ ਪੱਧਰ ਉੱਤੇ ਪਰਾਲੀ ਦੀਆਂ ਗੱਠਾਂ ਬਣਾਉਣ ਲਈ ਮਸ਼ੀਨਰੀ ਉਪਲੱਬਧ ਕਰਾਈ ਗਈ ਹੈ। ਪ੍ਰਸ਼ਾਸਨ ਵੱਲੋਂ ਵੱਡੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਗਈ ਕਿ ਛੋਟੇ ਕਿਸਾਨਾਂ ਦੀ ਬਾਂਹ ਫੜਦੇ ਹੋਏ ਉਨ੍ਹਾਂ ਦੀ ਜ਼ਮੀਨ ਵਿੱਚ ਵੀ ਪਰਾਲੀ ਦੀਆਂ ਗੱਠਾਂ ਬਣਾਉਣ ਲਈ ਆਪਣੀਆਂ ਮਸ਼ੀਨਾਂ ਦਾ ਸਹਿਯੋਗ ਦੇਣ ਤਾਂ ਜੋ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।
ਸੇਟੇਲਾਈਟ ਤਸਵੀਰਾਂ ਨਾਲ ਨਜ਼ਰ
ਡਿਪਟੀ ਕਮਿਸ਼ਨਰ ਬਠਿੰਡਾ ਨੇ ਦੱਸਿਆ ਕਿ ਸੈਟੇਲਾਈਟ ਰਾਹੀਂ ਸੱਤ ਤਸਵੀਰਾਂ ਬਠਿੰਡਾ ਜ਼ਿਲ੍ਹੇ ਦੀਆਂ ਸਾਹਮਣੇ ਆਈਆਂ ਸਨ ਜਿੱਥੇ ਅੱਗ ਲੱਗੀ ਹੋਈ ਦਰਸਾਈ ਗਈ ਸੀ। ਜਦੋਂ ਅੱਗ ਸਬੰਧੀ ਆਈਆ ਤਸਵੀਰਾਂ ਦੀ ਪੜਤਾਲ ਕੀਤੀ ਗਈ ਤਾਂ ਇੱਕ ਜਗ੍ਹਾ ਪਰਾਲੀ ਦੀ ਭਰੀ ਹੋਈ ਟਰਾਲੀ ਨੂੰ ਅੱਗ ਲੱਗੀ ਹੋਈ ਨਜ਼ਰ ਆਈ ਅਤੇ ਦੂਸਰੀ ਥਾਂ ਸੋਲਰ ਪਲਾਂਟ ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੋਈ ਨਜ਼ਰ ਆਈ ਸੀ। ਜਾਣਬੁੱਝ ਕੇ ਪਰਾਲੀ ਸਾੜਨ ਵਾਲੇ ਕਿਸਾਨਾਂ ਦੀਆਂ ਫਰਦਾਂ ਉੱਤੇ ਲਾਲ ਐਂਟਰੀ ਕਰ ਦਿੱਤੀ ਗਈ ਹੈ ਅਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਕਿਸਾਨਾਂ ਨਾਲ ਰਾਬਤਾ ਕਰਕੇ ਉਹਨਾਂ ਨੂੰ ਪਰਾਲੀ ਦੀਆਂ ਗੱਠਾਂ ਬਣਾਉਣ ਸਬੰਧੀ ਮਸ਼ੀਨਰੀ ਉਪਲੱਬਧ ਕਰਾਈ ਜਾ ਰਹੀ ਹੈ ਅਤੇ ਅਪੀਲ ਕੀਤੀ ਜਾ ਰਹੀ ਹੈ ਕਿ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਪ੍ਰਸ਼ਾਸਨ ਦਾ ਸਹਿਯੋਗ ਦੇਣ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ।
ਕਿਸਾਨਾਂ ਨੂੰ ਅਪੀਲ
ਡੀਆਈਜੀ ਬਠਿੰਡਾ ਰੇਜ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਬਠਿੰਡਾ ਅਤੇ ਮਾਨਸਾ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੇ 38 ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚੋਂ ਬਠਿੰਡਾ ਜ਼ਿਲ੍ਹੇ ਵਿੱਚ ਸਿਰਫ ਸੱਤ ਮਾਮਲੇ ਸਾਹਮਣੇ ਆਏ ਹਨ, ਪੜਤਾਲ ਕਰਨ ਉੱਤੇ ਇੱਕ ਕਿਸਾਨ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਰੈਡ ਐਂਟਰੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਪਰਾਲੀ ਦਾ ਧੂੰਆਂ ਜਿੱਥੇ ਮਨੁੱਖੀ ਸਿਹਤ ਲਈ ਹਾਨੀਕਾਰਕ ਹੈ ਉੱਥੇ ਹੀ ਧਰਤੀ ਹੇਠਲੀ ਸ਼ਕਤੀ ਵੀ ਪਰਾਲੀ ਨੂੰ ਅੱਗ ਲਾਉਣ ਨਾਲ ਘੱਟ ਹੁੰਦੀ ਹੈ ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਪਰਾਲੀ ਨੂੰ ਅੱਗ ਨਾ ਲਗਾ ਕੇ ਮਸ਼ੀਨੀ ਰਾਹੀਂ ਗੱਠਾਂ ਬਣਾਉਣ ਤਾਂ ਜੋ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਪਰਾਲੀ ਦੇ ਪ੍ਰਬੰਧ ਲਈ ਮਸ਼ੀਨਰੀ ਉਪਲੱਬਧ ਕਰਨ ਦੇ ਦਾਵਿਆਂ ਉੱਤੇ ਸਵਾਲ ਉਠਾਉਂਦੇ ਹੋਏ ਪਿੰਡ ਮਹਿਮਾ ਸਰਜਾ ਦੇ ਕਿਸਾਨ ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਵਿੱਚ ਪਰਾਲੀ ਦੀਆਂ ਗੱਠਾਂ ਬਣਾਉਣ ਲਈ ਮਸ਼ੀਨਰੀ ਉਪਲੱਬਧ ਨਹੀਂ ਕਰਾਈ ਜਾ ਰਹੀ। ਮਸ਼ੀਨਰੀ ਮਾਲਕਾਂ ਵੱਲੋਂ ਸੜਕ ਨੇੜੇ ਜਮੀਨ ਵਿੱਚੋਂ ਹੀ ਗੱਠਾਂ ਬਣਾਈਆਂ ਜਾ ਰਹੀਆਂ ਹਨ ਜਦੋਂ ਵੀ ਉਹਨਾਂ ਵੱਲੋਂ ਮਸ਼ੀਨਰੀ ਦੀ ਮੰਗ ਕੀਤੀ ਜਾਂਦੀ ਹੈ ਤਾਂ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ। ਜਿਸ ਕਾਰਨ ਮਜਬੂਰ ਹੋਕੇ ਕਿਸਾਨਾਂ ਨੂੰ ਹੁਣ ਝੋਨੇ ਦੀ ਪਰਾਲੀ ਨੂੰ ਅੱਗ ਲਾਉਣੀ ਪਵੇਗੀ ਜੇਕਰ ਸਰਕਾਰ ਵੱਲੋਂ ਕਿਸਾਨਾਂ ਨੂੰ ਮਸ਼ੀਨਰੀ ਉਪਲੱਬਧ ਨਹੀਂ ਕਰਵਾਈ ਗਈ।