ਚੰਡੀਗੜ੍ਹ: ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਪੁਲਿਸ ਲਗਾਤਾਰ ਸ਼ੂਟਰਾਂ ਨੂੰ ਫੜਨ 'ਚ ਲੱਗੀ ਹੋਈ ਹੈ। ਇਸ ਮਾਮਲੇ 'ਚ ਹੁਣ ਵੱਡਾ ਅੱਪਡੇਟ ਸਾਹਮਣੇ ਆਇਆ ਹੈ ਕਿ ਸਿੱਦੀਕੀ ਦੇ ਕਤਲ ਵਿੱਚ ਸ਼ਾਮਿਲ ਚੌਥਾ ਮੁਲਜ਼ਮ ਪੰਜਾਬ ਹੈ। ਇਹ ਮੁਲਜ਼ਮ ਮੁਹੰਮਦ ਜੀਸ਼ਾਨ ਅਖਤਰ ਹੈ, ਜੋ ਜਲੰਧਰ ਦੇ ਨਕੋਦਰ ਦੇ ਪਿੰਡ ਸ਼ੰਕਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਜਲੰਧਰ ਦਿਹਾਤੀ ਪੁਲਿਸ ਨੇ ਉਸ ਨੂੰ ਸਾਲ 2022 ਵਿੱਚ ਸੰਗਠਿਤ ਅਪਰਾਧ, ਕਤਲ ਅਤੇ ਲੁੱਟ-ਖੋਹ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ।
ਕਤਲ 'ਚ ਕਿੰਨੇ ਸ਼ੂਟਰ ਸ਼ਾਮਿਲ
ਕਾਬਲੇਜ਼ਿਕਰ ਹੈ ਕਿ ਬਾਬਾ ਸਿੱਦੀਕੀ ਦਾ ਕਤਲ 3 ਸ਼ੂਟਰਾਂ ਨੇ ਕੀਤਾ ਸੀ। ਇਨ੍ਹਾਂ ਵਿੱਚੋਂ ਗੁਰਮੇਲ ਸਿੰਘ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਪਿੰਡ ਨਰਾੜ ਦਾ ਰਹਿਣ ਵਾਲਾ ਹੈ। ਬਾਕੀ 2 ਸ਼ੂਟਰ ਉੱਤਰ ਪ੍ਰਦੇਸ਼ ਦੇ ਬਹਿਰਾਇਚ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਇਨ੍ਹਾਂ ਵਿੱਚੋਂ ਹਰਿਆਣਾ ਦੇ ਰਹਿਣ ਵਾਲੇ ਗੁਰਮੇਲ ਅਤੇ ਦੂਜੇ ਸ਼ੂਟਰ ਧਰਮਰਾਜ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਤੀਜਾ ਸ਼ੂਟਰ ਸ਼ਿਵਕੁਮਾਰ ਅਜੇ ਫਰਾਰ ਹੈ। ਪੁਲਿਸ ਮੁਤਾਬਿਕ ਮੁਹੰਮਦ ਜੀਸ਼ਾਨ ਅਖਤਰ ਤਿੰਨਾਂ ਸ਼ੂਟਰਾਂ ਨੂੰ ਬਾਹਰੋਂ ਨਿਰਦੇਸ਼ ਦੇ ਰਿਹਾ ਸੀ। ਜਦੋਂ ਸਿੱਦੀਕੀ ਨੂੰ ਗੋਲੀ ਮਾਰੀ ਗਈ ਸੀ, ਉਦੋਂ ਵੀ ਅਖਤਰ ਸ਼ੂਟਰਾਂ ਨੂੰ ਆਪਣੀ ਲੋਕੇਸ਼ਨ ਬਾਰੇ ਜਾਣਕਾਰੀ ਦੇ ਰਿਹਾ ਸੀ। ਇਸ ਤੋਂ ਇਲਾਵਾ ਅਖਤਰ ਨੇ ਉਨ੍ਹਾਂ ਲਈ ਇਕ ਕਮਰਾ ਕਿਰਾਏ 'ਤੇ ਦੇਣ ਸਮੇਤ ਹੋਰ ਮਾਲੀ ਸਹਾਇਤਾ ਵਿਚ ਵੀ ਮਦਦ ਕੀਤੀ ਹੈ।
ਜੀਸ਼ਾਨ ਕਦੋਂ ਜੇਲ੍ਹ ਤੋਂ ਬਾਹਰ ਆਇਆ ਬਾਹਰ
ਸੂਤਰਾਂ ਅਨੁਸਾਰ ਜੀਸ਼ਾਨ ਅਖ਼ਤਰ ਪਟਿਆਲਾ ਜੇਲ੍ਹ ਵਿੱਚ ਬੰਦ ਸੀ। ਜ਼ੀਸ਼ਾਨ ਇਸ ਸਾਲ 7 ਜੂਨ ਨੂੰ ਜੇਲ੍ਹ ਤੋਂ ਬਾਹਰ ਆਇਆ ਸੀ। ਜੀਸ਼ਾਨ ਅਖਤਰ ਦੀ ਉਮਰ ਸਿਰਫ 21 ਸਾਲ ਹੈ। ਪਟਿਆਲਾ ਜੇਲ੍ਹ ਵਿੱਚ ਹੀ ਅਖ਼ਤਰ ਲਾਰੈਂਸ ਗੈਂਗ ਦੇ ਸੰਪਰਕ ਵਿੱਚ ਆਇਆ ਸੀ, ਜਿਸ ਤੋਂ ਬਾਅਦ ਜੇਲ ਤੋਂ ਬਾਹਰ ਆ ਕੇ ਉਹ ਗੈਂਗ 'ਚ ਸ਼ਾਮਿਲ ਹੋ ਗਿਆ। ਮੁਲਜ਼ਮ ਇੰਨਾ ਚਲਾਕ ਸੀ ਕਿ ਉਹ 2022 ਵਿੱਚ ਇੱਕ ਵਿਦੇਸ਼ੀ ਨੰਬਰ 'ਤੇ ਵਟਸਐਪ ਦੀ ਵਰਤੋਂ ਕਰਦਾ ਫੜਿਆ ਗਿਆ ਸੀ। ਜੀਸ਼ਾਨ ਨੇ 10ਵੀਂ ਜਮਾਤ ਤੱਕ ਦੀ ਪੜ੍ਹਾਈ ਪਿੰਡ ਦੇ ਸਰਕਾਰੀ ਸਕੂਲ ਤੋਂ ਹੀ ਕੀਤੀ ਹੈ। ਮੁਲਜ਼ਮ ਦਾ ਪਿਤਾ ਮੁਹੰਮਦ ਜਮੀਲ ਟਾਈਲਾਂ ਦੇ ਠੇਕੇਦਾਰ ਵਜੋਂ ਕੰਮ ਕਰਦਾ ਹੈ। ਮੁਲਜ਼ਮ ਜੀਸ਼ਾਨ ਦਾ ਭਰਾ ਆਪਣੇ ਪਿਤਾ ਨਾਲ ਕੰਮ ਕਰਦਾ ਹੈ।
ਜ਼ੀਸ਼ਾਨ ਕਦੋਂ ਹੋਇਆ ਸੀ ਗ੍ਰਿਫ਼ਤਾਰ
ਜਲੰਧਰ ਪੁਲਿਸ ਨਾਲ ਸਬੰਧਿਤ ਸੂਤਰਾਂ ਅਨੁਸਾਰ ਸਾਲ 2022 ਵਿੱਚ ਜਸ਼ੀਨ ਅਖ਼ਤਰ ਨੂੰ ਸਵਪਨ ਸ਼ਰਮਾ ਦੀ ਟੀਮ ਨੇ ਫੜਿਆ ਸੀ, ਜੋ ਉਸ ਵੇਲੇ ਜਲੰਧਰ ਦਿਹਾਤੀ ਦੇ ਐਸ.ਐਸ.ਪੀ. ਸੁਰਿੰਦਰ ਸਿੰਘ ਕੰਬੋਜ, ਜੋ ਉਸ ਸਮੇਂ ਸੀਆਈਏ ਦਿਹਾਤੀ ਦੇ ਇੰਚਾਰਜ ਸਨ। ਉਨ੍ਹਾਂ ਨੇ ਅਖ਼ਤਰ ਨੂੰ ਸਾਥੀਆਂ ਸਮੇਤ ਨਕੋਦਰ ਦੇ ਪਿੰਡ ਸ਼ੰਕਰ ਤੋਂ ਗ੍ਰਿਫ਼ਤਾਰ ਕੀਤਾ ਸੀ। ਇਸ ਦੌਰਾਨ ਉਸ ਦੀ ਮੁਲਾਕਾਤ ਪਟਿਆਲਾ ਜੇਲ੍ਹ ਵਿੱਚ ਲਾਰੈਂਸ ਗੈਂਗ ਨਾਲ ਹੋਈ। ਪੁਲਿਸ ਸੂਤਰਾਂ ਅਨੁਸਾਰ 7 ਜੂਨ ਨੂੰ ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਜੀਸ਼ਾਨ ਅਖਤਰ ਸਭ ਤੋਂ ਪਹਿਲਾਂ ਹਰਿਆਣਾ ਦੇ ਕੈਥਲ ਸਥਿਤ ਗੁਰਮੇਲ ਦੇ ਘਰ ਗਿਆ। ਹੁਕਮ ਮਿਲਣ ਤੋਂ ਬਾਅਦ ਸ਼ੂਟਰ ਮੁੰਬਈ ਲਈ ਰਵਾਨਾ ਹੋ ਗਿਆ। ਜੀਸ਼ਾਨ ਸੂਤਰਾਂ ਮੁਤਾਬਕ ਸਾਰੇ ਮੁਲਜ਼ਮ ਮੁੰਬਈ 'ਚ ਇਕੱਠੇ ਰਹਿ ਰਹੇ ਸਨ। ਪੁਲਿਸ ਸੂਤਰਾਂ ਮੁਤਾਬਕ ਜੀਸ਼ਾਨ ਅਖਤਰ ਤਿੰਨਾਂ ਸ਼ੂਟਰਾਂ ਨੂੰ ਨਿਰਦੇਸ਼ ਦੇ ਰਿਹਾ ਸੀ। ਇਹ ਜੀਸ਼ਾਨ ਅਖ਼ਤਰ ਹੀ ਸੀ, ਜਿਸ ਨੇ ਬਾਬਾ ਸਿੱਦੀਕੀ ਕਤਲ ਕੇਸ ਨੂੰ ਅੰਜਾਮ ਦੇਣ ਲਈ ਕਿਰਾਏ ਦੇ ਕਮਰੇ ਅਤੇ ਹੋਰ ਸਾਜ਼ੋ-ਸਾਮਾਨ ਦਾ ਪ੍ਰਬੰਧ ਕੀਤਾ ਸੀ।