ਮਾਨਸਾ: ਬੁਢਲਾਡਾ ਵਿਖੇ ਗਊ ਰੱਖਿਆ ਦਲ ਵੱਲੋਂ ਸਵੇਰ ਦੇ ਸਮੇ ਗਊਆਂ ਦਾ ਭਰਿਆ ਟਰੱਕ ਰੋਕ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਪੁਲਿਸ ਵੱਲੋਂ ਟਰੱਕ ਵਿੱਚੋਂ ਗਊਆਂ ਨੂੰ ਬਰਾਮਦ ਕਰਕੇ ਗਊਸ਼ਾਲਾ ਦੇ ਵਿੱਚ ਛੱਡ ਦਿੱਤਾ ਗਿਆ ਹੈ। ਪੁਲਿਸ ਵੱਲੋਂ ਗਊ ਰੱਖਿਆ ਦਲ ਦੇ ਆਗੂਆਂ ਦੇ ਬਿਆਨ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਗਊਆਂ ਦਾ ਭਰਿਆ ਟਰੱਕ ਬਰਾਮਦ
ਗਊਆਂ ਦੀ ਤਸਕਰੀ ਕਰਨ ਦੇ ਮਾਮਲੇ ਵਿੱਚ ਅੱਜ ਸਵੇਰ ਸਮੇਂ ਗਊ ਰੱਖਿਆ ਦਲ ਵੱਲੋਂ ਬੁਢਲਾਡਾ ਵਿਖੇ ਪੁਲਿਸ ਦੀ ਮਦਦ ਦੇ ਨਾਲ ਗਊਆਂ ਦਾ ਭਰਿਆ ਟਰੱਕ ਬਰਾਮਦ ਕੀਤਾ ਗਿਆ ਹੈ। ਜਿਸ ਤੋਂ ਬਾਅਦ ਗਊ ਰੱਖਿਆ ਦਲ ਦੇ ਆਗੂਆਂ ਵੱਲੋਂ ਇਸ ਮਾਮਲੇ ਵਿੱਚ ਸਰਕਾਰ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਟਰੱਕ ਦਾ ਪਿੱਛਾ ਕੀਤਾ
ਗਊ ਰੱਖਿਆ ਦਲ ਦੇ ਰਾਸ਼ਟਰੀ ਪ੍ਰਧਾਨ ਸਤੀਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਕੋਲ ਜਾਣਕਾਰੀ ਸੀ ਕਿ ਕੁਝ ਵਿਅਕਤੀ ਗਊਆਂ ਦਾ ਟਰੱਕ ਭਰ ਕੇ ਬੁੱਚੜਖਾਨੇ ਲੈ ਜਾ ਰਹੇ ਹਨ। ਜਿਸ ਦੇ ਤਹਿਤ ਉਨ੍ਹਾਂ ਦੀਆਂ ਵੱਖ-ਵੱਖ ਟੀਮਾਂ ਵੱਲੋਂ ਉਕਤ ਟਰੱਕ ਦਾ ਪਿੱਛਾ ਕੀਤਾ ਗਿਆ ਅਤੇ ਬੁਢਲਾਡਾ ਵਿਖੇ ਪੁਲਿਸ ਨੂੰ ਜਾਣਕਾਰੀ ਦੇ ਕੇ ਇਸ ਟਰੱਕ ਨੂੰ ਰੋਕਿਆ ਗਿਆ ਜਿਸ ਵਿੱਚ ਗਊਆਂ ਭਰੀਆਂ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਕੁਝ ਲੋਕ ਗਊਆਂ ਦੀ ਤਸਕਰੀ ਕਰਕੇ ਬੁੱਚੜਖਾਨੇ ਲੈ ਜਾਂਦੇ ਹਨ ਅਤੇ ਗਊ ਰੱਖਿਆ ਦਲ ਵੱਲੋਂ ਗਊ ਮਾਤਾ ਨੂੰ ਆਪਣੀ ਮਾਂ ਸਮਝਦੇ ਹੋਏ ਇਸ ਦੀ ਰੱਖਿਆ ਕੀਤੀ ਜਾ ਰਹੀ ਹੈ।
ਲੋਕਾਂ ਦੇ ਖਿਲਾਫ ਸਖ਼ਤ ਕਾਰਵਾਈ
ਗਊ ਰੱਖਿਆ ਦਲ ਦੇ ਰਾਸ਼ਟਰੀ ਪ੍ਰਧਾਨ ਸਤੀਸ਼ ਕੁਮਾਰ ਨੇ ਕਿਹਾ ਕਿ ਟਰੱਕ ਵਿੱਚੋਂ ਗਊਆਂ ਨੂੰ ਬਰਾਮਦ ਕਰ ਲਿਆ ਗਿਆ ਹੈ ਅਤੇ ਇਨ੍ਹਾਂ ਨੂੰ ਗਊਸ਼ਾਲਾ ਵਿਖੇ ਛੱਡਿਆ ਜਾਵੇਗਾ। ਇਸ ਦੌਰਾਨ ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਗਊਆਂ ਦੀ ਤਸਕਰੀ ਕਰਨ ਵਾਲੇ ਲੋਕਾਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।
ਟਰੱਕ ਨੂੰ ਪੁਲਿਸ ਥਾਣੇ ਲਿਜਾ ਕੇ ਵਿਅਕਤੀਆਂ ਉੱਤੇ ਕਾਰਵਾਈ ਕੀਤੀ
ਬੁਢਲਾਡਾ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਗਊਆਂ ਦਾ ਟਰੱਕ ਭਰ ਕੇ ਲੈ ਕੇ ਰਹੇ ਹਨ ਜਿਸ ਤਹਿਤ ਪੁਲਿਸ ਵੱਲੋਂ ਉਨ੍ਹਾਂ ਨੂੰ ਰੋਕ ਕੇ ਗਊਆਂ ਨੂੰ ਛੁਡਵਾਇਆ ਗਿਆ ਹੈ ਅਤੇ ਟਰੱਕ ਨੂੰ ਪੁਲਿਸ ਥਾਣੇ ਲਿਜਾ ਕੇ ਉਕਤ ਵਿਅਕਤੀਆਂ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ।