ਸੰਗਰੂਰ ਤੋਂ ਅਕਾਲੀ ਉਮੀਦਵਾਰ ਇਕਬਾਲ ਸਿੰਘ ਝੂੰਦਾ ਦਾ ਕਾਲੀਆਂ ਝੰਡੀਆਂ ਨਾਲ ਹੋਇਆ ਵਿਰੋਧ - Lok Sabha Elections 2024 - LOK SABHA ELECTIONS 2024
ਸੰਗਰੂਰ ਦੇ ਧੂਰੀ 'ਚ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਦਾ ਮਸਤੂਆਣਾ ਮੈਡੀਕਲ ਕਾਲਜ ਬਣਾਉਣ ਦੇ ਹੱਕ 'ਚ ਧਰਨ 'ਚ ਬੈਠੇ ਕਿਸਾਨਾਂ ਵੱਲੋਂ ਕਾਲੇ ਝੰਡੇ ਦਿਖਾ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ।
Published : May 12, 2024, 4:42 PM IST
ਸੰਗਰੂਰ : ਧੂਰੀ ਦੀ ਅਨਾਜ ਮੰਡੀ ਵਿੱਚ ਸ਼ੋ੍ਮਣੀ ਅਕਾਲੀ ਦਲ ਬਾਦਲ ਦੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਇਕਬਾਲ ਸਿੰਘ ਝੂੰਦਾ ਦੇ ਹੱਕ ਵਿੱਚ ਹੋ ਰਹੀ ਚੋਣ ਰੈਲੀ ਦੇ ਨੇੜੇ ਮਸਤੂਆਣਾ ਸਾਹਿਬ ਵਿਖੇ ਮੈਡੀਕਲ ਕਾਲਜ ਬਣਾਉਣ ਲਈ ਸੰਘਰਸ਼ ਕਰ ਰਹੀ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾ ਦਾ ਵਿਰੋਧ ਕਰਦਿਆਂ ਕਿਹਾ ਕਿ ਆਪਣੀ ਸਰਕਾਰ ਵੇਲੇ ਉਹਨਾਂ ਨੇ ਕੁਝ ਨਹੀਂ ਕੀਤਾ। ਜੇਕਰ ਹੁਣ ਪੰਜਾਬ ਸਰਕਾਰ ਲੋਕ ਭਲਾਈ ਕਰ ਰਹੀ ਹੈ ਤਾਂ ਅਕਾਲੀ ਦਲ ਵਾਲੇ ਇਸ ਵਿੱਚ ਰੋੜਾ ਬਣ ਰਹੇ ਹਨ।
ਹਸਪਤਾਲ ਬਣਨ ਵਿੱਚ ਅੜਿੱਕਾ : ਜਾਣਕਾਰੀ ਦਿੰਦਿਆਂ ਮਾਸਟਰ ਜਸਵੰਤ ਸਿੰਘ ਦੁੱਗਾ, ਭਰਪੂਰ ਸਿੰਘ ਦੁੱਗਾ,ਬਲਵੀਰ ਸਿੰਘ ਅਤੇ ਰਜਿੰਦਰ ਸਿੰਘ ਨੇ ਦੱਸਿਆ ਕਿ ਮਸਤੂਆਣਾ ਸਾਹਿਬ ਵਿਖੇ ਮੈਡੀਕਲ ਕਾਲਜ ਬਣਨ ਲਈ ਨੀਹ ਪੱਥਰ ਮੌਜੂਦਾ ਮੁੱਖ ਮੰਤਰੀ ਵੱਲੋਂ ਰੱਖਿਆ ਗਿਆ ਹੈ। ਪਰ ਸ਼੍ਰੋਮਣੀ ਕਮੇਟੀ ਨੇ ਕੋਰਟ ਵੱਲੋਂ ਸਟੇਅ ਲੈ ਕੇ ਮੈਡੀਕਲ ਕਾਲਜ ਅਤੇ ਹਸਪਤਾਲ ਬਣਨ ਵਿੱਚ ਅੜਿੱਕਾ ਲਾ ਦਿੱਤਾ ਅਤੇ ਜਿਸ ਕਾਰਨ ਰੋਸ ਵਜੋਂ ਲੋਕਾਂ ਵੱਲੋਂ ਸ਼ੋ੍ਮਣੀ ਅਕਾਲੀ ਦਲ ਬਾਦਲ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਮੌਕੇ ਭਰਪੂਰ ਸਿੰਘ ਦੁੱਗਾ, ਬੰਤ ਸਿੰਘ ਚੰਗਾਲ, ਲਾਭ ਸਿੰਘ ਬੰਗਾਵਾਲੀ ਅਤੇ ਜਗਤਾਰ ਸਿੰਘ ਬਾਲੀਆਂ ਸਮੇਤ ਵੱਡੀ ਗਿਣਤੀ ਵਿੱਚ ਹੋਰ ਵੀ ਹਾਜ਼ਰ ਸਨ।
ਜ਼ਿਕਰਯੋਗ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੰਗਰੂਰ ਦੇ ਲੋਕਾਂ ਦੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਨਾਂ ਦੇ ਜ਼ਿਲ੍ਹੇ ਸੰਗਰੂਰ ਵਿੱਚ ਇੱਕ ਮੈਡੀਕਲ ਕਾਲਜ ਬਣਵਾਇਆ ਜਾਵੇਗਾ। ਜਿਸ ਨੂੰ ਲੈ ਕੇ ਭਗਵੰਤ ਮਾਨ ਵੱਲੋਂ ਸੰਗਰੂਰ ਦੇ ਨਜ਼ਦੀਕ ਪਿੰਡ ਮਸਤੂਆਣਾ ਸਾਹਿਬ ਵਿਖੇ ਨੀਹ ਪੱਥਰ ਵੀ ਰੱਖਿਆ ਗਿਆ। ਜਿਸ ਦੀ ਜ਼ਮੀਨ ਗੁਰਦੁਆਰਾ ਸ੍ਰੀ ਮਸਤਵਾਣਾ ਸਾਹਿਬ ਵੱਲੋਂ ਦਿੱਤੀ ਗਈ ਸੀ ਗੁਰਦੁਆਰਾ ਮਸਤੂਆਣਾ ਸਾਹਿਬ ਅਤੇ ਐਸਜੀਪੀਸੀ ਵਿਚਾਲੇ ਚੱਲ ਰਹੇ ਕਲੇਸ਼ ਨੂੰ ਲੈ ਕਾਲਜ ਦੀ ਉਸਾਰੀ ਪੂਰੀ ਨਾ ਹੋ ਸਕੀ। ਜਿਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਰੋਸ ਵਿੱਚ ਆ ਚੰਡੀਗੜ੍ਹ ਬਠਿੰਡਾ ਨੈਸ਼ਨਲ ਹਾਈਵੇ ਉੱਤੇ ਪੱਕਾ ਮੋਰਚਾ ਲਗਾ ਦਿੱਤਾ। ਪਿਛਲੇ ਲੰਬੇ ਸਮੇਂ ਤੋਂ ਪਿੰਡ ਵਾਸੀਆਂ ਵੱਲੋਂ ਇਹ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਐਸਜੀਪੀਸੀ ਵੱਲੋਂ ਇਸ ਜਗ੍ਹਾ ਨੂੰ ਛੱਡ ਦੇਣਾ ਚਾਹੀਦਾ ਹੈ ਤਾਂ ਜੋ ਪੰਜਾਬ ਸਰਕਾਰ ਇਸ ਉੱਤੇ ਮੈਡੀਕਲ ਕਾਲਜ ਬਣਵਾ ਸਕੇ ਪਰ ਐਸਜੀਪੀਸੀ ਵੱਲੋਂ ਇਸ ਜਮੀਨ ਨੂੰ ਨਹੀਂ ਛੱਡਿਆ ਜਾ ਰਿਹਾ। ਜਿਸ ਕਾਰਨ ਇਹ ਕਾਲਜ ਲਟਕਿਆ ਹੋਇਆ ਹੈ।
ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਇਸ ਪੂਰੇ ਮਾਮਲੇ ਪਿੱਛੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਹੱਥ ਹੈ ਕਿਉਂਕਿ ਐਸਜੀਪੀਸੀ ਸੁਖਬੀਰ ਸਿੰਘ ਬਾਦਲ ਦੇ ਅੰਡਰ ਕੰਮ ਕਰ ਰਹੀ ਹੈ। ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਸੁਖਬੀਰ ਬਾਦਲ ਵੱਲੋਂ ਪੂਰੇ ਪੰਜਾਬ ਦੇ ਵਿੱਚ ਦੌਰਾ ਕੀਤਾ ਜਾ ਰਿਹਾ ਅਤੇ ਆਪਣੇ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਜਿਸ ਤਰ੍ਹਾਂ ਹੀ ਸੁਖਬੀਰ ਬਾਦਲ ਪ੍ਰਚਾਰ ਕਰਨ ਦੇ ਲਈ ਸੰਗਰੂਰ ਪਹੁੰਚੇ ਤਾਂ ਉਹਨਾਂ ਦਾ ਵਿਰੋਧ ਕੀਤਾ ਗਿਆ।