ਚੰਡੀਗੜ੍ਹ: ਅੱਜ ਪੰਜਾਬ ਦੇ ਖਟਕੜ ਕਲਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੀਨੀਅਰ ਆਗੂ ਸਮੂਹਿਕ ਭੁੱਖ ਹੜਤਾਲ 'ਤੇ ਬੈਠਣਗੇ। ਅੱਜ 7 ਅਪ੍ਰੈਲ ਨੂੰ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ 'ਚ 'ਆਪ' ਆਗੂ ਤੇ ਵਰਕਰ ਦੇਸ਼ ਭਰ 'ਚ ਭੁੱਖ ਹੜਤਾਲ ਕਰਨਗੇ। ਪੰਜਾਬ ਦੇ ਮੁੱਖ ਮੰਤਰੀ ਸਣੇ ਸਾਰੇ ਆਗੂ ਅਤੇ ਵਿਧਾਇਕ ਖਟਕੜ ਕਲਾਂ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਸਮੂਹਿਕ ਮਰਨ ਵਰਤ ਸ਼ੁਰੂ ਕਰਨਗੇ।
ਖਟਕੜ ਕਲਾਂ 'ਚ ਸੀਐਮ ਮਾਨ ਸਣੇ ਲੀਡਰ ਰੱਖਣਗੇ ਵਰਤ: ਸੀਐਮ ਭਗਵੰਤ ਮਾਨ ਅਤੇ ਸੰਸਦ ਮੈਂਬਰ ਸੰਦੀਪ ਪਾਠ ਨੇ ਸ਼ਨੀਵਾਰ ਨੂੰ ਪੰਜਾਬ ਦੇ ਮੋਗਾ ਅਤੇ ਜਲੰਧਰ ਵਿੱਚ ਵੀ ਰੈਲੀਆਂ ਕੀਤੀਆਂ। ਜਿਸ ਵਿੱਚ ਉਨ੍ਹਾਂ ਵਲੰਟੀਅਰਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਖਟਕੜ ਕਲਾਂ ਪਹੁੰਚਣ ਲਈ ਕਿਹਾ ਹੈ। ਇਸ ਦੇ ਨਾਲ ਹੀ ਜੋ ਵਲੰਟੀਅਰ ਖਟਕੜ ਕਲਾਂ ਨਹੀਂ ਪਹੁੰਚ ਸਕਦੇ ਉਨ੍ਹਾਂ ਨੂੰ ਜ਼ਿਲ੍ਹਾ ਦਫ਼ਤਰਾਂ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ ਹੈ। 'ਆਪ' ਵੱਲੋਂ ਹਰ ਜ਼ਿਲ੍ਹੇ 'ਚ ਸਮੂਹਿਕ ਮਰਨ ਵਰਤ ਵੀ ਰੱਖਿਆ ਜਾਵੇਗਾ। ਇਹ ਸਮੂਹਿਕ ਵਰਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਹੋਰ ‘ਆਪ’ ਆਗੂਆਂ ਖ਼ਿਲਾਫ਼ ਈਡੀ ਵੱਲੋਂ ਕੀਤੀ ਜਾ ਰਹੀ ਕਾਰਵਾਈ ਦੇ ਵਿਰੋਧ ਵਿੱਚ ਹੈ।
ਪੰਜਾਬ ਦੇ 'ਆਪ' ਵਰਕਰਾਂ ਨੂੰ ਵੀ ਕੀਤੀ ਅਪੀਲ: 'ਆਪ' ਪੰਜਾਬ ਨੇ ਸੋਸ਼ਲ ਮੀਡੀਆ ਐਕਸ 'ਤੇ ਪੋਸਟਰ ਸ਼ੇਅਰ ਕਰਦਿਆਂ ਲਿਖਿਆ ਹੈ ਕਿ, ਤਾਨਾਸ਼ਾਹ ਮੋਦੀ ਦੀ ਸਰਕਾਰ ਖ਼ਿਲਾਫ਼ ਆਓ ਆਪਣਾ ਆਪਣਾ ਵਿਰੋਧ ਦਰਜ ਕਰਵਾਈਏ, 7 ਅਪ੍ਰੈਲ ਨੂੰ ਵੱਡੀ ਗਿਣਤੀ ‘ਚ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਲਈ ਵਰਤ ਰੱਖੀਏ! ਪੰਜਾਬ ਦੇ ਹਰ ਜ਼ਿਲ੍ਹੇ ‘ਚ ਪਾਰਟੀ ਵਲੰਟੀਅਰ ਤੇ ਅਹੁਦੇਦਾਰ ਵਰਤ ਰੱਖਣਗੇ। ਮੁੱਖ ਮੰਤਰੀ ਭਗਵੰਤ ਮਾਨ ਜੀ ਨਾਲ ਸਮੂਹ ਕੈਬਨਿਟ ਮੰਤਰੀ ਤੇ ਵਿਧਾਇਕ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੀ ਜੱਦੀ ਪਿੰਡ ਖਟਕੜ ਕਲਾਂ ਵਿਖੇ ਵਰਤ ਰੱਖਣਗੇ!
ਦੇਸ਼ ਦੇ ਨਾਲ-ਨਾਲ ਵਿਦੇਸ਼ਾਂ 'ਚ ਵਰਤ: ਇਸ ਤੋਂ ਇਲਾਵਾ ਇੱਕ ਹੋਰ ਪੋਸਟਰ ਸ਼ੇਅਰ ਕਰਦਿਆਂ ਲਿਖਿਆ ਕਿ ਦਿੱਲੀ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਦੀ ਸਾਜਿਸ਼ ਤਹਿਤ ਕੀਤੀ ਗ੍ਰਿਫ਼ਤਾਰੀ ਦੇ ਖਿਲਾਫ਼ ਦੇਸ਼ ਦੀ ਭੁੱਖ ਹੜਤਾਲ। 7 ਅਪ੍ਰੈਲ ਨੂੰ 25 ਸੂਬਿਆਂ ਦੀ ਰਾਜਧਾਨੀ ਦੀ ਜਨਤਾ ਦੇ ਨਾਲ ਭੁੱਖ ਹੜਤਾਲ ਕਰੇਗੀ AAP। ਅਮਰੀਕਾ, ਯੂਕੇ ਸਮੇਤ ਦੁਨੀਆ ਭਰ ਦੇ 13 ਸ਼ਹਿਰਾਂ 'ਚ ਹੋਵੇਗੀ ਭੁੱਖ ਹੜਤਾਲ।
ਵਟਸਐਪ 'ਤੇ ਭੇਜਣਗੇ ਵਰਤ ਦੀਆਂ ਤਸਵੀਰਾਂ: ਇਸ ਦੇ ਨਾਲ ਹੀ 'ਆਪ' ਵਲੋਂ ਇੱਕ ਵਟਸਐਪ ਨੰਬਰ ਵੀ ਜਾਰੀ ਕੀਤਾ ਗਿਆ ਹੈ। ਜਿਸ ਨੂੰ ਪੋਸਟ ਕਰਦਿਆਂ ਉਨ੍ਹਾਂ ਲਿਖਿਆ ਕਿ ਦੇਸ਼ ਭਰ ਵਿੱਚ ਜਿੱਥੇ ਵੀ ਲੋਕ ਭੁੱਖ ਹੜਤਾਲ 'ਤੇ ਬੈਠੇ ਹਨ, ਉਥੋਂ ਆਪਣ ਨਾਮ ਅਤੇ ਸਥਾਨ ਦੀ ਜਾਣਕਾਰੀ ਦੇ ਨਾਲ ਵਰਤ ਦੀਆਂ ਫੋਟੋਆਂ ਤੁਸੀਂ ਇਸ ਵਟਸਐਪ ਨੰਬਰ +91-7290037700 'ਤੇ ਸਾਂਝਾ ਕਰਨ।
ਈਡੀ ਕਰ ਰਹੀ ਕੇਜਰੀਵਾਲ ਖਿਲਾਫ਼ ਕਾਰਵਾਈ: ਉਧਰ ਈਡੀ ਨੇ ਕਿਹਾ ਕਿ 'ਆਪ' ਨੇ ਕੇਜਰੀਵਾਲ ਰਾਹੀਂ ਮਨੀ ਲਾਂਡਰਿੰਗ ਦਾ ਅਪਰਾਧ ਕੀਤਾ ਹੈ। ਪਾਰਟੀ ਨੇ ਗੋਆ ਵਿਧਾਨ ਸਭਾ ਚੋਣਾਂ 2022 'ਚ ਸ਼ਰਾਬ ਘੁਟਾਲੇ ਦੇ ਕਰੀਬ 45 ਕਰੋੜ ਰੁਪਏ ਖਰਚ ਕੀਤੇ ਸਨ। ਇਹ ਅਪਰਾਧ ਪੀਐਮਐਲਏ 2002 ਦੀ ਧਾਰਾ 70 ਅਧੀਨ ਆਉਂਦੇ ਹਨ। ਜਾਂਚ ਏਜੰਸੀ ਨੇ ਕਿਹਾ ਕਿ ਉਨ੍ਹਾਂ ਨੇ ਕੇਜਰੀਵਾਲ ਨੂੰ ਨੌਂ ਸੰਮਨ ਭੇਜੇ ਅਤੇ ਮਾਮਲੇ ਦੀ ਜਾਂਚ ਵਿੱਚ ਸਹਿਯੋਗ ਕਰਨ ਦੇ ਕਈ ਮੌਕੇ ਦਿੱਤੇ। ਹਾਲਾਂਕਿ ਕੇਜਰੀਵਾਲ ਨੇ ਜਾਣਬੁੱਝ ਕੇ ਏਜੰਸੀ ਦਾ ਹੁਕਮ ਨਹੀਂ ਮੰਨਿਆ। ਹਰ ਵਾਰ ਉਹ ਕੋਈ ਨਾ ਕੋਈ ਬਹਾਨਾ ਬਣਾ ਕੇ ਜਾਂਚ ਵਿੱਚ ਸ਼ਾਮਲ ਨਹੀਂ ਹੋਏ।
- ਤਰਨ ਤਾਰਨ ਘਟਨਾ ਨੂੰ ਲੈ ਕੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਸਰਕਾਰ 'ਤੇ ਚੁੱਕੇ ਸਵਾਲ - HARSIMRAT KAUR BADAL
- ਸੜਕ ਹਾਦਸੇ 'ਚ ਫੌਤ ਹੋਏ ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਜਥੇਬੰਦੀਆਂ ਨਾਲ ਮਿਲ ਕੇ ਲਾਇਆ ਧਰਨਾ, AAP ਵਿਧਾਇਕ 'ਤੇ ਲਾਏ ਦੋਸ਼ - Death on road accident
- ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ ਰਾਹਤ, ਨਿਆਂਇਕ ਹਿਰਾਸਤ 18 ਅਪ੍ਰੈਲ ਤੱਕ ਵਧਾਈ - Manish Sisodia Custody Extends