ਲੁਧਿਆਣਾ: ਕੇਂਦਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪੱਪੀ ਨੂੰ ਲੁਧਿਆਣਾ ਲੋਕ ਸਭਾ ਟਿਕਟ ਦੇ ਕੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ। ਅੱਜ ਆਮ ਆਦਮੀ ਪਾਰਟੀ ਵੱਲੋਂ ਆਪਣੇ ਬਾਕੀ ਚਾਰ ਉਮੀਦਵਾਰਾਂ ਦਾ ਵੀ ਐਲਾਨ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਲੁਧਿਆਣਾ ਤੇ ਜਲੰਧਰ ਸ਼ਾਮਿਲ ਹੈ। ਲੁਧਿਆਣਾ ਤੋਂ ਮੌਜੂਦਾ ਐਮਐਲਏ ਉੱਤੇ ਹੀ ਆਮ ਆਦਮੀ ਪਾਰਟੀ ਵੱਲੋਂ ਵਿਸ਼ਵਾਸ਼ ਜਤਾਇਆ ਗਿਆ ਹੈ ਅਤੇ ਟਿਕਟ ਦੇ ਕੇ ਨਿਵਾਜਿਆ ਗਿਆ ਹੈ।
ਪਾਰਟੀ ਦਾ ਧੰਨਵਾਦ: ਇਸ ਮੌਕੇ ਵਿਧਾਇਕ ਨੇ ਟਿਕਟ ਮਿਲਣ ਤੋਂ ਬਾਅਦ ਸਭ ਤੋਂ ਪਹਿਲਾਂ ਫੀਲਡ ਗੰਜ ਸਥਿਤ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋ ਕੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਤੋਂ ਬਾਅਦ, ਐਮਐਲਏ ਨੇ ਕਿਹਾ ਕਿ ਉਹ ਹਾਈ ਕਮਾਂਡ ਦਾ ਧੰਨਵਾਦੀ ਹਨ, ਜਿਨ੍ਹਾਂ ਨੇ ਉਨ੍ਹਾਂ ਉੱਤੇ ਵਿਸ਼ਵਾਸ ਜਤਾਇਆ। ਉਨ੍ਹਾਂ ਕਿਹਾ ਕਿ ਰਵਨੀਤ ਬਿੱਟੂ ਤਾਂ ਪੰਜ ਸਾਲ ਲੁਧਿਆਣਾ ਦਿਖਾਈ ਹੀ ਨਹੀਂ ਦਿੱਤੇ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਦੇ ਕੰਮਾਂ ਨੂੰ ਵੇਖਦਿਆਂ ਹੋਇਆ ਸੀ ਉਸ ਨੂੰ ਟਿਕਟ ਦਿੱਤੀ ਗਈ ਹੈ ਅਤੇ ਉਹ ਇਹ ਸੀਟ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਪਾਉਣਗੇ।
ਸਿਆਸੀ ਕਰੀਅਰ: ਐਮਐਲਏ ਅਸ਼ੋਕ ਪਰਾਸ਼ਰ ਪੱਪੀ ਖੁਦ ਕਾਂਗਰਸ ਦੇ ਕੌਂਸਲਰ ਰਹਿ ਚੁੱਕੇ ਹਨ ਅਤੇ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਹੀ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਸਨ ਅਤੇ ਆਮ ਆਦਮੀ ਪਾਰਟੀ ਨੇ ਅਸ਼ੋਕ ਪੱਪੀ ਨੂੰ ਲੁਧਿਆਣਾ ਕੇਂਦਰੀ ਤੋਂ ਟਿਕਟ ਦੇ ਕੇ ਨਿਵਾਜਿਆ ਸੀ। ਲੁਧਿਆਣਾ ਕੇਂਦਰੀ ਤੋਂ ਅਸ਼ੋਕ ਪੱਪੀ ਨੇ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹਾਸਿਲ ਕਰਵਾਈ ਸੀ ਜਿਸ ਤੋਂ ਬਾਅਦ ਮੁੜ ਤੋਂ ਅਸ਼ੋਕ ਪੱਪੀ ਤੇ ਭਰੋਸਾ ਜਤਾਉਂਦੇ ਹੋਏ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੂੰ ਲੁਧਿਆਣਾ ਲੋਕ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਐਲਾਨ ਕੀਤਾ ਗਿਆ ਹੈ।
ਆਪ ਦੇ 13 ਉਮੀਦਵਾਰਾਂ ਦਾ ਐਲਾਨ : ਅੱਜ ਚਾਰ ਉਮੀਦਵਾਰਾਂ ਦਾ ਆਮ ਆਦਮੀ ਪਾਰਟੀ ਵੱਲੋਂ ਐਲਾਨ ਕੀਤਾ ਗਿਆ ਹੈ। ਜਲੰਧਰ ਤੋਂ ਕੁਝ ਦਿਨ ਪਹਿਲਾਂ ਹੀ, ਅਕਾਲੀ ਦਲ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਆਏ ਪਵਨ ਕੁਮਾਰ ਟੀਨੂ ਨੂੰ ਟਿਕਟ ਦਿੱਤੀ ਹੈ। ਇਸ ਤੋਂ ਪਹਿਲਾਂ ਵੀ, ਆਮ ਆਦਮੀ ਪਾਰਟੀ ਵੱਲੋਂ ਜ਼ਿਆਦਾਤਰ ਆਪਣੇ ਕੈਬਨਿਟ ਮੰਤਰੀ ਜਾਂ ਫਿਰ ਮੌਜੂਦਾ ਵਿਧਾਇਕਾਂ ਉੱਤੇ ਹੀ ਵਿਸ਼ਵਾਸ ਜਤਾ ਕੇ ਉਨ੍ਹਾਂ ਨੂੰ ਟਿਕਟ ਦਿੱਤੀ ਗਈ ਸੀ। ਮੁੱਖ ਮੰਤਰੀ ਪੰਜਾਬ ਨੇ ਪਹਿਲਾਂ ਹੀ ਸੋਸ਼ਲ ਮੀਡੀਆ ਤੇ ਇਹ ਜਾਣਕਾਰੀ ਸਾਂਝੀ ਕਰਕੇ ਕਿਹਾ ਸੀ ਕਿ ਉਹ ਜਲਦ ਹੀ ਬਾਕੀ ਰਹਿੰਦੇ ਹਲਕਿਆਂ ਦੇ ਵਿੱਚ ਆਪਣੇ ਉਮੀਦਵਾਰਾਂ ਦਾ ਐਲਾਨ 16 ਅਪ੍ਰੈਲ ਨੂੰ ਕਰਨਗੇ। ਅੱਜ ਇਹ ਸੂਚੀ ਜਾਰੀ ਕੀਤੀ ਗਈ ਹੈ।