ਲੁਧਿਆਣਾ: ਸ਼ਹਿਰ ਦੇ ਲਾਡੋਵਾਲ ਨੇੜੇ ਬੀਤੀ ਰਾਤ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਉੱਥੇ ਇੱਕ ਪਲਾਸਟਿਕ ਦੀ ਫੈਕਟਰੀ ਨੂੰ ਅੱਗ ਲੱਗ ਗਈ। ਫੈਕਟਰੀ ਵਿੱਚ ਅੱਗ ਇੰਨੀ ਭਿਆਨਕ ਲੱਗੀ ਕਿ ਉਸ ਉੱਤੇ ਕਾਬੂ ਪਾਉਣ ਲਈ ਕਰੀਬ 10 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੱਗੀਆਂ। ਅੱਗ ਦੀਆਂ ਲਪਟਾਂ ਦੂਰ ਦੂਰ ਤੱਕ ਵਿਖਾਈ ਦੇ ਰਹੀਆਂ ਸਨ। ਹਾਲਾਂਕਿ ਸੁੱਖ ਦੀ ਗੱਲ ਇਹ ਰਹੀ ਕਿ ਕੋਈ ਜਾਨੀ ਨੁਕਸਾਨ, ਤਾਂ ਨਹੀਂ ਹੋਇਆ, ਪਰ ਫੈਕਟਰੀ ਵਿੱਚ ਪਿਆ ਕੱਚਾ ਮਾਲ ਜ਼ਰੂਰ ਸੜ੍ਹ ਕੇ ਸਵਾਹ ਹੋ ਗਿਆ।
ਪਲਾਸਟਿਕ ਹੋਣ ਕਰਕੇ ਅੱਗ ਤੇਜ਼ੀ ਨਾਲ ਫੈਲੀ: ਪਲਾਸਟਿਕ ਦਾ ਸਮਾਨ ਹੋਣ ਕਰਕੇ ਫੈਕਟਰੀ ਵਿੱਚ ਅੱਗ ਤੇਜ਼ੀ ਦੇ ਨਾਲ ਫੈਲੀ। ਇਹ ਫੈਕਟਰੀ ਲਾਡੋਵਾਲ ਨੇੜੇ ਪਿੰਡ ਫਤਿਹਗੜ੍ਹ ਗੁਜਰਾਂ ਦੇ ਵਿੱਚ ਸਥਿਤ ਹੈ। ਫੈਕਟਰੀ ਦਾ ਨਾਮ ਕਰਤਾਰ ਇੰਟਰਪ੍ਰਾਈਜਿਸ ਹੈ, ਪਿੰਡ ਦੇ ਲੋਕਾਂ ਨੇ ਜਦੋਂ ਅੱਗ ਦੀਆਂ ਲਪਟਾਂ ਉੱਠਦੀਆਂ ਵੇਖੀਆਂ ਤਾਂ ਉਨ੍ਹਾਂ ਨੇ ਮੌਕੇ ਉੱਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਜ਼ਿਆਦਾ ਹੋਣ ਕਰਕੇ ਉਨ੍ਹਾਂ ਵਲੋਂ ਅੱਗ ਉੱਤੇ ਕਾਬੂ ਨਹੀਂ ਪਾਇਆ ਗਿਆ।
ਇਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਅੱਗ ਫੈਕਟਰੀ ਦੇ ਗਰਾਊਂਡ ਫਲੋਰ ਤੋਂ ਸ਼ੁਰੂ ਹੋਈ ਜੋ ਕਿ ਤੇਜ਼ੀ ਨਾਲ ਅੱਗੇ ਫੈਲਦੀ ਗਈ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਉੱਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਲਗਾਤਾਰ ਕਈ ਘੰਟਿਆਂ ਦੀ ਮਸ਼ੱਕਤ ਤੋਂ ਬਾਅਦ 70 ਫੀਸਦੀ ਦੀ ਤੱਕ ਅੱਗ ਉੱਤੇ ਕਾਬੂ ਪਾ ਲਿਆ ਗਿਆ।
ਲੱਖਾਂ ਦਾ ਸਮਾਨ ਸੜ੍ਹ ਕੇ ਸੁਆਹ ਹੋਇਆ: ਫੈਕਟਰੀ ਦੇ ਮਾਲਕ ਨੇ ਫੋਨ ਉੱਤੇ ਗੱਲਬਾਤ ਕਰਦਿਆਂ ਦੱਸਿਆ ਕਿ 8 ਵਜੇ ਦੇ ਕਰੀਬ ਉਹ ਫੈਕਟਰੀ ਤੋਂ ਚਲੇ ਗਏ ਸਨ ਜਿਸ ਤੋਂ ਬਾਅਦ ਤਕਰੀਬਨ ਦੇਰ ਰਾਤ ਉਨ੍ਹਾਂ ਨੂੰ ਫੈਕਟਰੀ ਵਿੱਚ ਹੀ ਕੰਮ ਕਰਨ ਵਾਲੇ ਇੱਕ ਵਰਕਰ ਦਾ ਫੋਨ ਆਇਆ ਜਿਸ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਫੈਕਟਰੀ ਵਿੱਚ ਅੱਗ ਲੱਗ ਗਈ ਹੈ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਮੌਕੇ ਉੱਤੇ ਪਹੁੰਚ ਕੇ ਨੇੜੇ ਤੇੜੇ ਦੀਆਂ ਇਮਾਰਤਾਂ ਨੂੰ ਵੀ ਖਾਲੀ ਕਰਵਾਇਆ। ਜ਼ਿਆਦਾ ਅੱਗ ਹੋਣ ਕਰਕੇ ਅਤੇ ਇਹਤਿਆਤ ਦੇ ਤੌਰ ਉੱਤੇ ਇਹ ਕਾਰਵਾਈ ਕੀਤੀ ਗਈ। ਫੈਕਟਰੀ ਵਿੱਚ ਕੱਚਾ ਮਾਲ ਸੜ ਕੇ ਸੁਆਹ ਹੋ ਗਿਆ ਅਤੇ ਫੈਕਟਰੀ ਮਾਲਕ ਨੇ ਦੱਸਿਆ ਕਿ ਲੱਖਾ ਦਾ ਨੁਕਸਾਨ ਹੋਇਆ ਹੈ। ਫਾਇਰ ਬ੍ਰਿਗੇਡ ਦੀਆਂ ਲਗਭਗ 10 ਗੱਡੀਆਂ ਨੇ ਅੱਗ ਉੱਤੇ ਕਾਬੂ ਪਾਇਆ।