ਸੰਗਰੂਰ: ਦਿੜ੍ਹਬਾ ਡੇਰਾ ਸੱਚਾ ਸੌਦਾ ਸਿਰਸਾ ਵੱਲੋਂ ਚਲਾਈ ਗਈ ਆਸ਼ਿਆਨਾ ਮੁਹਿੰਮ ਤਹਿਤ ਬਲਾਕ ਦਿੜ੍ਹਬਾ ਦੇ ਪਿੰਡ ਰੋਗਲਾ ਦੀ ਸਾਧ ਸੰਗਤ ਨੇ ਇਕ ਲੋੜਵੰਦ ਪਰਿਵਾਰ ਨੂੰ ਪੱਕਾ ਮਕਾਨ ਬਣਾ ਕੇ ਦਿੱਤਾ। ਇਸ ਸਬੰਧੀ ਪ੍ਰੇਮੀ ਸੇਵਕ ਦੇਵਰਾਜ ਇੰਸਾਂ ਰੋਗਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਪਿੰਡ ਦਾ ਹਰਜੀਤ ਸਿੰਘ ਜੋ ਡਰਾਈਵਰੀ ਦਾ ਕੰਮ ਕਰਦਾ ਹੈ ਆਪਣੇ ਪਰਿਵਾਰ, ਜਿਸ ਵਿੱਚ ਉਸ ਦੀ ਪਤਨੀ ਤਿੰਨ ਬੱਚੇ ਅਤੇ ਆਪਣੇ ਮਾਤਾ ਨਾਲ ਇੱਕ ਖਸਤਾ ਹਾਲਤ ਦੇ ਮਕਾਨ ਵਿੱਚ ਰਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਉਸ ਮਕਾਨ ਦੀ ਹਾਲਤ ਬਹੁਤ ਖਰਾਬ ਸੀ, ਉਸਦੀ ਛੱਡ ਡਿੱਗਣ ਵਾਲੀ ਸੀ, ਜੋ ਭਾਰੀ ਬਰਸਾਤ ਨਾਲ ਕਦੇ ਵੀ ਡਿੱਗ ਸਕਦੀ ਸੀ। ਜਿਸ ਨਾਲ ਕਿਸੇ ਵੇਲੇ ਵੀ ਨੁਕਸਾਨ ਵੀ ਹੋ ਸਕਦਾ ਸੀ। ਉਨਾਂ ਸੰਗਤ ਦੇ ਸਹਿਯੋਗ ਨਾਲ ਉਨ੍ਹਾਂ ਦਾ ਮਕਾਨ ਬਣਾਉਣਾ ਸ਼ੁਰੂ ਕਰ ਦਿੱਤਾ। ਜਿਸ ਵਿੱਚ ਦਿੜ੍ਹਬਾ ਬਲਾਕ ਦੀ ਸਾਧ ਸੰਗਤ ਵੱਲੋਂ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ। ਇਹ ਪਿੰਡ ਦੀ ਸੰਗਤ ਵੱਲੋਂ ਇਹ ਛੇਵਾਂ ਮਕਾਨ ਬਣਾ ਕੇ ਦਿੱਤਾ ਜਾ ਰਿਹਾ ਹੈ।
ਇਕ ਗਰੀਬ ਜਿਮੀਦਾਰ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਹਰਜੀਤ ਸਿੰਘ
ਇਸ ਮੌਕੇ ਸਾਬਕਾ ਸਰਪੰਚ ਅਤੇ ਸਾਬਕਾ ਐਸਜੀਪੀਸੀ ਮੈਂਬਰ ਹਰਦੇਵ ਸਿੰਘ ਰੋਗਲਾ ਨੇ ਸਾਧ ਸੰਗਤ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਹੈ ਕਿ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਪਿੰਡ ਦੇ ਇੱਕ ਬਹੁਤ ਹੀ ਲੋੜਵੰਦ ਪਰਿਵਾਰ ਨੂੰ ਮਕਾਨ ਬਣਾ ਕੇ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ ਅਜਿਹੇ ਬਹੁਤ ਸਾਰੇ ਕਾਰਜ ਕੀਤੇ ਜਾਂਦੇ ਹਨ ਜੋ ਬਹੁਤ ਹੀ ਸਲਾਘਾਯੋਗ ਹਨ। ਇਸ ਮੌਕੇ ਹਰਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਖਸਤਾ ਹਾਲਤ ਮਕਾਨ ਵਿੱਚ ਆਪਣੀ ਪਤਨੀ ਰਾਜ ਕੌਰ ਤਿੰਨ ਛੋਟੀਆਂ ਬੱਚੀਆਂ ਅਤੇ ਮਾਤਾ ਅਮਰਜੀਤ ਕੌਰ ਨਾਲ ਮਜ਼ਬੂਰੀ ਵਿੱਚ ਇਸ ਖਸਤਾ ਹਾਲਤ ਦੇ ਮਕਾਨ ਵਿੱਚ ਰਹਿ ਰਿਹਾ ਸੀ, ਉਸਨੇ ਕਿਹਾ ਕਿ ਮੈਂ ਇੱਕ ਜਿਮੀਦਾਰ ਪਰਿਵਾਰ ਤੋਂ ਸਬੰਧ ਰੱਖਦਾ ਹਾਂ ਤੇ ਮੇਰੇ ਪਿਤਾ ਦੀ ਮੌਤ ਹੋ ਚੁੱਕੀ ਸੀ। ਇਸ ਤੋਂ ਅੱਗੇ ਉਸਨੇ ਕਿਹਾ ਕਿ ਮੇਰੇ ਕੋਲ ਜਮੀਨ ਵੀ ਨਹੀਂ ਹੈ। ਉਹ ਜੋ ਕੰਮਕਾਰ ਕਰਦਾ ਹੈ ਉਸ ਦੇ ਉਸਨੂੰ ਸਿਰਫ 10,000 ਹੀ ਮਿਲਦੇ ਹਨ, ਜਿਸ ਨਾਲ ਘਰ ਦਾ ਗੁਜ਼ਾਰਾ ਕਰਨਾ ਬਹੁਤ ਹੀ ਮੁਸ਼ਕਿਲ ਹੈ।
'ਡੇਰਾ ਪ੍ਰੇਮੀਆਂ ਦਾ ਤਹਿ ਦਿਲੋਂ ਧੰਨਵਾਦ, ਜਿੰਨ੍ਹੇ ਨੇ ਮੇਰੇ ਲਈ ਰਹਿਣ ਨੂੰ ਛੱਤ ਬਣਾ ਕੇ ਦਿੱਤਾ'
ਹਰਜੀਤ ਸਿੰਘ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਨੇ ਅਜਿਹੇ ਮਾੜੇ ਟਾਇਮ 'ਤੇ ਉਸ ਦੀ ਬਾਂਹ ਫੜੀ ਹੈ, ਸਾਧ ਸੰਗਤ ਵੱਲੋਂ ਮੈਨੂੰ ਦੋ ਕਮਰੇ, ਬਾਥਰੂਮ ਅਤੇ ਰਸੋਈ ਸਮੇਤ ਵਧੀਆ ਪੱਕਾ ਮਕਾਨ ਬਣਾ ਕੇ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਹਰਜੀਤ ਸਿੰਘ ਨੇ ਕਿਹਾ ਉਹ ਸਦਾ ਸੰਗਤ ਦੇ ਕਰਜਦਾਰ ਰਹਿਣਗੇ। ਜਿੰਨ੍ਹਾਂ ਨੇ ਮੇਰੇ ਅਤੇ ਪਰਿਵਾਰ ਲਈ ਇਨਾਂ ਵੱਡਾ ਨੇਕ ਕੰਮ ਕੀਤਾ। ਇਸ ਮੌਕੇ 85 ਮੈਂਬਰ ਮਲਕੀਤ ਸਿੰਘ ਨੇ ਦੱਸਿਆ ਕਿ ਦਿੜ੍ਹਬਾ ਬਲਾਕ ਦੀ ਸਾਧ ਸੰਗਤ ਵੱਲੋਂ ਇੱਕ ਲੋੜਵੰਦ ਪਰਿਵਾਰ ਨੂੰ ਬਣਾ ਕੇ ਦਿੱਤਾ ਗਿਆ। ਇਹ 35ਵਾਂ ਮਕਾਨ ਹੈ। ਇਸ ਮਕਾਨ ਦੇ ਸਮਾਨ ਲਈ ਲਗਭਗ ਡੇਢ ਲੱਖ ਰੁਪਏ ਦਾ ਖਰਚਾ ਆਵੇਗਾ। ਬੀਤੇ ਦਿਨੀਂ ਸਾਧ ਸੰਗਤ ਨੇ ਪਿੰਡ ਕੜਿਆਲ ਵਿਖੇ ਵੀ ਲੋੜਵੰਦ ਪਰਿਵਾਰ ਨੂੰ ਵੀ ਮਕਾਨ ਬਣਾ ਕੇ ਦਿੱਤਾ ਸੀ।