ਰਾਂਚੀ: ਰਾਮਗੜ੍ਹ ਰਾਂਚੀ ਦੇ ਜੁਡੀਸ਼ੀਅਲ ਮੈਜਿਸਟਰੇਟ ਰਾਜਕੁਮਾਰ ਪਾਂਡੇ ਦੀ ਅਦਾਲਤ ਨੇ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਵੱਲੋਂ ਅਰਕਾ ਸਪੋਰਟਸ ਮੈਨੇਜਮੈਂਟ ਨਾਮ ਦੀ ਕੰਪਨੀ ਦੇ ਡਾਇਰੈਕਟਰਾਂ ਖ਼ਿਲਾਫ਼ ਕਰੋੜਾਂ ਰੁਪਏ ਦੀ ਧੋਖਾਧੜੀ ਦੇ ਇਲਜ਼ਾਮ ਹੇਠ ਦਾਇਰ ਕੇਸ ਦਾ ਨੋਟਿਸ ਲਿਆ ਹੈ। ਅਦਾਲਤ ਵੱਲੋਂ ਮੁਲਜ਼ਮਾਂ ਖ਼ਿਲਾਫ਼ ਸੰਮਨ ਜਾਰੀ ਕੀਤੇ ਜਾਣਗੇ। ਧੋਨੀ ਦੇ ਪ੍ਰਤੀਨਿਧੀ ਸੀਮੰਤ ਲੋਹਾਨੀ ਉਰਫ਼ ਚਿੱਟੂ ਵੱਲੋਂ 5 ਜਨਵਰੀ ਨੂੰ ਦਰਜ ਕਰਵਾਈ ਸ਼ਿਕਾਇਤ ਮੁਤਾਬਕ ਮਹਿੰਦਰ ਸਿੰਘ ਧੋਨੀ ਨੇ ਆਲਮੀ ਪੱਧਰ 'ਤੇ ਕ੍ਰਿਕਟ ਅਕੈਡਮੀ ਦੀ ਸਥਾਪਨਾ ਲਈ 2017 'ਚ ਅਰਕਾ ਸਪੋਰਟਸ ਮੈਨੇਜਮੈਂਟ ਕੰਪਨੀ ਨਾਲ ਸਮਝੌਤਾ ਕੀਤਾ ਸੀ।
ਕੰਪਨੀ ਨੂੰ ਕਈ ਨੋਟਿਸ ਦਿੱਤੇ: ਦੋਵਾਂ ਧਿਰਾਂ ਵਿਚਾਲੇ ਹੋਏ ਸਮਝੌਤੇ ਮੁਤਾਬਕ ਧੋਨੀ ਨੂੰ ਅਰਕਾ ਸਪੋਰਟਸ ਤੋਂ ਫਰੈਂਚਾਇਜ਼ੀ ਫੀਸ ਮਿਲਣੀ ਸੀ ਅਤੇ ਇਸ ਤੋਂ ਇਲਾਵਾ ਮੁਨਾਫੇ ਦਾ ਹਿੱਸਾ ਵੀ ਮਿਲਣਾ ਸੀ ਪਰ ਉਸ ਨੇ ਸਮਝੌਤੇ ਦੀਆਂ ਸ਼ਰਤਾਂ ਦੀ ਪਾਲਣਾ ਨਾ ਕਰਨ ਲਈ ਕੰਪਨੀ ਨੂੰ ਕਈ ਨੋਟਿਸ ਦਿੱਤੇ ਸਨ।
ਕਰੋੜਾਂ ਦਾ ਨੁਕਸਾਨ ਹੋਇਆ: ਕੋਈ ਜਵਾਬ ਨਾ ਮਿਲਣ ਤੋਂ ਬਾਅਦ, ਧੋਨੀ ਨੇ 15 ਅਗਸਤ, 2021 ਨੂੰ ਅਰਕਾ ਸਪੋਰਟਸ ਨੂੰ ਨੋਟਿਸ ਭੇਜਿਆ, ਜਿਸ ਦੇ ਨਾਲ ਉਸ ਨੂੰ ਦਿੱਤੇ ਅਧਿਕਾਰਾਂ ਨੂੰ ਰੱਦ ਕਰ ਦਿੱਤਾ ਗਿਆ। ਇਸ ਸ਼ਿਕਾਇਤ ਦੇ ਆਧਾਰ 'ਤੇ ਕੰਪਨੀ ਦੇ ਦੋ ਪ੍ਰਮੁੱਖ ਡਾਇਰੈਕਟਰਾਂ ਮਿਹਿਰ ਦਿਵਾਕਰ ਅਤੇ ਸੌਮਿਆ ਦਾਸ ਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਸੀ। ਧੋਨੀ ਦੀ ਤਰਫੋਂ ਕਿਹਾ ਗਿਆ ਹੈ ਕਿ ਸਮਝੌਤੇ ਦੀ ਪਾਲਣਾ ਨਾ ਕਰਨ ਕਾਰਨ ਉਨ੍ਹਾਂ ਨੂੰ ਕਰੋੜਾਂ ਦਾ ਨੁਕਸਾਨ ਹੋਇਆ ਹੈ।