ਅੰਮ੍ਰਿਤਸਰ: ਓਲੰਪਿਕ ਖਿਡਾਰੀ ਨੀਰਜ ਚੋਪੜਾ ਆਪਣੇ ਪਰਿਵਾਰ ਸਣੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ। ਇਸ ਮੌਕੇ ਨੀਰਜ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ। ਇਸ ਮੌਕੇ ਨੀਰਜ ਚੋਪੜਾ ਨੇ ਗੁਰਬਾਣੀ ਦਾ ਸਰਵਣ ਵੀ ਕੀਤਾ।
ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਰਾਜਿੰਦਰ ਸਿੰਘ ਰੂਬੀ ਨੇ ਨੀਰਜ ਚੋਪੜਾ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਦੱਸ ਦਈਏ ਕਿ ਓਲੰਪਿਕ ਖਿਡਾਰੀ ਨੀਰਜ ਚੋਪੜਾ ਦੇ ਗੁਰੂ ਘਰ ਪੁੱਜਣ ਦਾ ਕਿਸੇ ਨੂੰ ਵੀ ਪਤਾ ਨਹੀਂ ਲੱਗਣ ਦਿੱਤਾ ਗਿਆ। ਭਾਰਤ ਨੂੰ ਗੋਲਡਨ ਬੁਆਏ ਨੀਰਜ ਚੋਪੜਾ ਗੁਪਤ ਤਰੀਕੇ ਨਾਲ ਗੁਰੂ ਘਰ ਪੁੱਜੇ ਸਨ ਤੇ ਆਪਣੇ ਪਰਿਵਾਰ ਸਣੇ ਨਤਮਸਤਕ ਹੋ ਕੇ ਉੱਥੋਂ ਰਵਾਨਾ ਹੋ ਗਏ।
ਕੌਣ ਹਨ ਨੀਰਜ ਚੋਪੜਾ
ਨੀਰਜ ਚੋਪੜਾ ਦਾ ਜਨਮ 24 ਦਸੰਬਰ 1997 ਨੂੰ ਹਰਿਆਣਾ 'ਚ ਹੋਇਆ। ਉਹ ਹਰਿਆਣਾ ਦੇ ਪਾਣੀਪਤ ਦੇ ਪਿੰਡ ਖਾਂਦਰਾ ਦੇ ਰਹਿਣ ਵਾਲੇ ਹਨ। ਚੋਪੜਾ ਨੇ ਬੀਵੀਐਨ ਪਬਲਿਕ ਸਕੂਲ, ਪਾਣੀਪਤ ਤੋਂ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ। ਨੀਰਜ ਨੇ ਆਪਣੀ ਗ੍ਰੈਜੂਏਸ਼ਨ ਡੀਏਵੀ, ਯਾਨੀ ਦਯਾਨੰਦ ਐਂਗਲੋ ਵੈਦਿਕ ਕਾਲਜ, ਚੰਡੀਗੜ੍ਹ ਤੋਂ ਕੀਤੀ। ਉਨ੍ਹਾਂ ਨੇ 2021 ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਬੀਏ ਦੀ ਪੜ੍ਹਾਈ ਵੀ ਕੀਤੀ ਹੈ।
ਨੀਰਜ ਚੋਪੜਾ ਦੇ ਹੁਣ ਤੱਕ ਦੇ ਛੋਟੇ ਅਤੇ ਸ਼ਾਨਦਾਰ ਕਰੀਅਰ ਦੀ ਖਾਸ ਗੱਲ ਟੋਕੀਓ 2020 ਵਿੱਚ ਉਨ੍ਹਾਂ ਦਾ ਸੋਨ ਤਗਮਾ ਜਿੱਤਣਾ ਹੈ। ਫਾਈਨਲ ਵਿੱਚ 87.58 ਮੀਟਰ ਦੀ ਸਰਵੋਤਮ ਥਰੋਅ ਨਾਲ, ਨੀਰਜ ਚੋਪੜਾ 23 ਸਾਲ ਦੀ ਉਮਰ ਵਿੱਚ ਓਲੰਪਿਕ ਸੋਨ ਤਗ਼ਮਾ ਜਿੱਤਣ ਵਾਲਾ ਪਹਿਲਾ ਭਾਰਤੀ ਟਰੈਕ ਅਤੇ ਫੀਲਡ ਅਥਲੀਟ ਬਣੇ। ਇਸ ਤੋਂ ਇਲਾਵਾ, ਉਹ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਤੋਂ ਬਾਅਦ ਸਮਰ ਖੇਡਾਂ ਵਿੱਚ ਵਿਅਕਤੀਗਤ ਸੋਨ ਤਗਮਾ ਜਿੱਤਣ ਵਾਲੇ ਦੂਜੇ ਭਾਰਤੀ ਬਣੇ ਹਨ।
ਪੈਰਿਸ ਓਲੰਪਿਕ 2024 ਵਿੱਚ ਜਿੱਤੀ ਚਾਂਦੀ
ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਪੈਰਿਸ ਓਲੰਪਿਕ 'ਚ ਚਾਂਦੀ ਦਾ ਤਗਮਾ ਜਿੱਤਿਆ ਹੈ। ਨੀਰਜ ਨੇ 89.45 ਮੀਟਰ ਜੈਵਲਿਨ ਸੁੱਟਿਆ। ਪਾਕਿਸਤਾਨ ਦੇ ਅਰਸ਼ਦ ਨਦੀਮ ਨੇ 92.97 ਮੀਟਰ ਦੇ ਸਕੋਰ ਅਤੇ ਓਲੰਪਿਕ ਰਿਕਾਰਡ ਨਾਲ ਸੋਨ ਤਗ਼ਮਾ ਜਿੱਤਿਆ। ਗ੍ਰੇਨਾਡਾ ਦੇ ਐਂਡਰਸਨ ਪੀਟਰਸ (88.54 ਮੀਟਰ) ਨੂੰ ਕਾਂਸੀ ਦਾ ਤਗ਼ਮਾ ਮਿਲਿਆ ਸੀ।