ਨਵੀਂ ਦਿੱਲੀ: ਪਾਕਿਸਤਾਨ ਕ੍ਰਿਕਟ ਬੋਰਡ (PCB) ਨੇ ਹੁਣ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਅਤੇ ਭਾਰਤੀ ਪ੍ਰਸ਼ੰਸਕਾਂ ਨੂੰ ਲੁਭਾਉਣ ਲਈ ਇਕ ਨਵਾਂ ਕਦਮ ਚੁੱਕਿਆ ਹੈ। ਪੀਸੀਬੀ ਦੇ ਚੇਅਰਮੈਨ ਅਤੇ ਸੰਘੀ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਅਗਲੇ ਸਾਲ ਦੇ ਸ਼ੁਰੂ ਵਿੱਚ ਆਈਸੀਸੀ ਚੈਂਪੀਅਨਜ਼ ਟਰਾਫੀ ਲਈ ਪਾਕਿਸਤਾਨ ਜਾਣ ਦੀ ਉਮੀਦ ਰੱਖਣ ਵਾਲੇ ਭਾਰਤੀ ਪ੍ਰਸ਼ੰਸਕਾਂ ਲਈ ਜਲਦੀ ਵੀਜ਼ਾ ਜਾਰੀ ਕਰਨ ਦੀ ਨੀਤੀ ਦਾ ਵਾਅਦਾ ਕੀਤਾ ਹੈ। ਉਨ੍ਹਾਂ ਇਹ ਗਾਰੰਟੀ ਅਮਰੀਕੀ ਸਿੱਖ ਸ਼ਰਧਾਲੂਆਂ ਦੇ ਇੱਕ ਸਮੂਹ ਨੂੰ ਮਿਲਣ ਦੌਰਾਨ ਦਿੱਤੀ।
ਭਾਰਤੀ ਪ੍ਰਸ਼ੰਸਕਾਂ ਨੂੰ ਦੇਣਗੇ ਤਰਜੀਹੀ ਵੀਜ਼ਾ
ਪੀਟੀਆਈ ਮੁਤਾਬਕ ਇਕ ਅਖਬਾਰ ਨੇ ਨਕਵੀ ਦੇ ਹਵਾਲੇ ਨਾਲ ਕਿਹਾ, 'ਅਸੀਂ ਭਾਰਤੀ ਪ੍ਰਸ਼ੰਸਕਾਂ ਲਈ ਟਿਕਟਾਂ ਦਾ ਵਿਸ਼ੇਸ਼ ਕੋਟਾ ਰੱਖਾਂਗੇ ਅਤੇ ਵੀਜ਼ਾ ਜਾਰੀ ਕਰਨ ਦੀ ਨੀਤੀ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਕਰਾਂਗੇ'। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੀਸੀਬੀ ਭਾਰਤੀ ਪ੍ਰਸ਼ੰਸਕਾਂ ਨੂੰ ਪਾਕਿਸਤਾਨ ਆਉਣਾ ਅਤੇ ਲਾਹੌਰ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਦੇਖਣਾ ਚਾਹੇਗਾ।
ਪਾਕਿਸਤਾਨ 'ਚ ਕਰਨਗੇ ਸਾਰੀਆਂ ਟੀਮਾਂ ਦੀ ਮੇਜ਼ਬਾਨੀ
ਕੁਝ ਹਫਤੇ ਪਹਿਲਾਂ ਨਕਵੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਭਾਰਤ ਚੈਂਪੀਅਨਜ਼ ਟਰਾਫੀ 'ਚ ਹਿੱਸਾ ਲਵੇਗਾ, ਭਾਵੇਂ ਇਹ ਪਾਕਿਸਤਾਨ 'ਚ ਖੇਡੀ ਜਾਵੇ। ਨਕਵੀ ਨੇ ਕਿਹਾ ਸੀ, 'ਭਾਰਤੀ ਟੀਮ ਨੂੰ ਆਉਣਾ ਚਾਹੀਦਾ ਹੈ। ਮੈਨੂੰ ਨਹੀਂ ਲੱਗਦਾ ਕਿ ਉਹ ਇੱਥੇ ਆਉਣਾ ਰੱਦ ਜਾਂ ਮੁਲਤਵੀ ਕਰਨਗੇ ਅਤੇ ਸਾਨੂੰ ਭਰੋਸਾ ਹੈ ਕਿ ਅਸੀਂ ਪਾਕਿਸਤਾਨ ਵਿੱਚ ਹੋਣ ਵਾਲੀ ਚੈਂਪੀਅਨਜ਼ ਟਰਾਫੀ ਵਿੱਚ ਸਾਰੀਆਂ ਟੀਮਾਂ ਦੀ ਮੇਜ਼ਬਾਨੀ ਕਰਾਂਗੇ'।
ਆਈਸੀਸੀ ਨੇ ਚੈਂਪੀਅਨਸ ਟਰਾਫੀ ਦਾ ਸ਼ਡਿਊਲ ਕੀਤਾ ਜਾਰੀ
ਤੁਹਾਨੂੰ ਦੱਸ ਦਈਏ ਕਿ ਆਈਸੀਸੀ ਚੈਂਪੀਅਨਜ਼ ਟਰਾਫੀ 2025 19 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ ਅਤੇ ਇਸ ਦਾ ਫਾਈਨਲ 9 ਮਾਰਚ ਨੂੰ ਹੋਵੇਗਾ। ਟੂਰਨਾਮੈਂਟ ਦੇ ਸਾਰੇ ਮੈਚ ਲਾਹੌਰ, ਕਰਾਚੀ ਅਤੇ ਰਾਵਲਪਿੰਡੀ ਵਿੱਚ ਖੇਡੇ ਜਾਣਗੇ। ਆਈਸੀਸੀ ਨੇ ਅਜੇ ਵੀ ਟੂਰਨਾਮੈਂਟ ਦਾ ਸ਼ਡਿਊਲ ਜਾਰੀ ਨਹੀਂ ਕੀਤਾ ਹੈ ਕਿਉਂਕਿ ਉਹ ਇਸ ਗੱਲ ਦੀ ਪੁਸ਼ਟੀ ਦੀ ਉਡੀਕ ਕਰ ਰਹੇ ਹਨ ਕਿ ਕੀ ਭਾਰਤ ਸਰਕਾਰ ਆਪਣੀ ਟੀਮ ਨੂੰ ਟੂਰਨਾਮੈਂਟ ਲਈ ਪਾਕਿਸਤਾਨ ਜਾਣ ਦੀ ਇਜਾਜ਼ਤ ਦੇਵੇਗੀ।
ਪਾਕਿਸਤਾਨ ਜਾਣ ਦਾ ਫੈਸਲਾ ਭਾਰਤ ਸਰਕਾਰ ਲਵੇਗੀ
ਤੁਹਾਡੀ ਜਾਣਕਾਰੀ ਲਈ ਤੁਹਾਨੂੰ ਇਹ ਵੀ ਦੱਸ ਦਈਏ ਕਿ ਬੀਸੀਸੀਆਈ ਨੇ ਸਪੱਸ਼ਟ ਕੀਤਾ ਹੈ ਕਿ ਉਹ ਪਾਕਿਸਤਾਨ ਦੌਰੇ ਦੇ ਮਾਮਲੇ ਵਿੱਚ ਆਪਣੀ ਸਰਕਾਰ ਦੇ ਕਿਸੇ ਵੀ ਨੀਤੀਗਤ ਫੈਸਲੇ ਦਾ ਪਾਲਣ ਕਰਨਗੇ। 2008 ਦੇ ਮੁੰਬਈ ਅੱਤਵਾਦੀ ਹਮਲਿਆਂ ਤੋਂ ਬਾਅਦ ਕੋਈ ਵੀ ਭਾਰਤੀ ਟੀਮ ਪਾਕਿਸਤਾਨ ਨਹੀਂ ਗਈ ਹੈ। 2007 ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਕੋਈ ਟੈਸਟ ਸੀਰੀਜ਼ ਨਹੀਂ ਹੋਈ ਹੈ।