Punjab Panchayat Elections 2024: ਪੰਜਾਬ ਭਰ ਦੇ ਪਿੰਡਾਂ ਵਿੱਚ ਵੋਟਿੰਗ ਹੋ ਰਹੀ ਹੈ। ਇਸ ਨੂੰ ਲੈ ਕੇ ਕਈ ਥਾਂ ਅਮਨ-ਸ਼ਾਂਤੀ ਨਾਲ ਵੋਟਿੰਗ ਹੋ ਰਹੀ ਅਤੇ ਕਈ ਥਾਂ ਝੜਪਾਂ ਦੀ ਖਬਰ ਵੀ ਸਾਹਮਣੇ ਆਈ ਹੈ। ਕਈ ਪਿੰਡਾਂ ਵਿੱਚ ਪ੍ਰਿਟਿੰਗ ਗਲਤ ਹੋਣ ਕਰਕੇ ਵੋਟਿੰਗ ਰੋਕ ਦਿੱਤੀ ਗਈ। ਇੱਥੋ ਤੱਕ ਲੁਧਿਆਣਾ ਦੇ 2 ਪਿੰਡਾਂ ਵਿੱਚ ਵੋਟਿੰਗ ਮੁਲਤਵੀ ਕਰ ਦਿੱਤੀ ਗਈ।
ਮਾਨਸਾ ਵਿੱਚ ਸ਼ਾਂਤਮਈ ਵੋਟਿੰਗ ਪ੍ਰਕਿਰਿਆ
ਮਾਨਸਾ ਜ਼ਿਲ੍ਹੇ ਦੇ 245 ਪਿੰਡਾਂ ਚੋਂ 30 ਪੰਚਾਇਤਾਂ ਦੀ ਸਰਬ ਸੰਮਤੀ ਹੋ ਚੁੱਕੀ ਹੈ ਅਤੇ ਬਾਕੀ ਪਿੰਡਾਂ ਵਿੱਚ ਅੱਜ ਅਮਨ ਅਮਾਨ ਦੇ ਨਾਲ ਵੋਟਿੰਗ ਹੋ ਰਹੀ ਹੈ। ਕਿਸੇ ਵੀ ਪਿੰਡ ਵਿੱਚ ਕੋਈ ਵੀ ਅਜਿਹੀ ਘਟਨਾ ਸਾਹਮਣੇ ਨਹੀਂ ਆਈ ਅਤੇ ਲੋਕਾਂ ਵਿੱਚ ਵੋਟ ਪਾਉਣ ਨੂੰ ਲੈ ਕੇ ਕਾਫੀ ਉਤਸ਼ਾਹ ਹੈ। ਪਿੰਡਾਂ ਦੇ ਲੋਕ ਆਪਣੀ ਵੋਟ ਪਾਉਣ ਲਈ ਲਾਈਨਾਂ ਵਿੱਚ ਲੱਗੇ ਹੋਏ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵੱਖ ਵੱਖ ਪਿੰਡਾਂ ਦਾ ਦੌਰਾ ਕਰਦੇ ਹੋਏ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੱਲੋਂ ਕੀਤਾ ਗਿਆ। ਜ਼ਿਲ੍ਹੇ ਦੇ ਐਸਐਸਪੀ ਭਗੀਰਤ ਸਿੰਘ ਮੀਨਾ ਨੇ ਕਿਹਾ ਕਿ ਹਰ ਪਿੰਡ ਦੇ ਵਿੱਚ ਸੁਰੱਖਿਆ ਕਰਮਚਾਰੀ ਤੈਨਾਤ ਕੀਤੇ ਗਏ ਹਨ ਅਤੇ ਕਿਤੇ ਵੀ ਕਿਸੇ ਨੂੰ ਵੀ ਅਮਨ ਕਾਨੂੰਨ ਦੀ ਸ਼ਾਂਤੀ ਭੰਗ ਨਹੀਂ ਕਰਨ ਦਿੱਤੀ ਜਾਵੇਗੀ।
ਰੂਪਨਗਰ ਵਿੱਚ 3 ਘੰਟਿਆ ਦੀ ਦੇਰੀ ਨਾਲ ਸ਼ੁਰੂ ਹੋਈ ਵੋਟਿੰਗ
ਤਕਨੀਕੀ ਖਾਮੀ ਕਰਕੇ ਜੋ ਪ੍ਰਿੰਟ ਚੋਣ ਨਿਸ਼ਾਨ ਵਿੱਚ ਗੜਬੜ ਹੋਈ ਸੀ ਜਿਸ ਤੋਂ ਬਾਅਦ ਅੱਜ ਸਵੇਰ ਤੋਂ ਹੀ ਪਿੰਡ ਖਵਾਸਪੁਰਾ ਵਿੱਚ ਪੰਚਾਇਤੀ ਵੋਟਾਂ ਦੌਰਾਨ ਵੋਟਾਂ ਨਹੀਂ ਪਾਈਆਂ ਜਾ ਰਹੀਆਂ ਸੀ। ਉਸ ਨੂੰ ਹੁਣ ਦਰੁਸਤ ਕਰ ਲਿਆ ਗਿਆ ਹੈ। ਪਿੰਡ ਵਾਸੀ ਕਰੀਬ ਚਾਰ ਘੰਟਿਆਂ ਤੋਂ ਪਿੰਡ ਖਵਾਸਪੁਰਾ ਵਿੱਚ ਵੋਟ ਪਾਉਣ ਲਈ ਉਡੀਕ ਕਰਦੇ ਰਹੇ। ਹੁਣ ਪਿੰਡ ਵਾਸੀਆਂ ਵੱਲੋਂ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।
ਸ੍ਰੀ ਮੁਕਤਸਰ ਸਾਹਿਬ: ਕੈਬਨਿਟ ਮੰਤਰੀ ਨੇ ਕੀਤੀ ਵੋਟ ਦੇ ਅਧਿਕਾਰ ਦੀ ਵਰਤੋਂ
ਪੰਚਾਇਤੀ ਚੋਣਾਂ ਦੌਰਾਨ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਪੋਲਿੰਗ ਬੂਥ ਪਹੁੰਚੇ। ਸ੍ਰੀ ਮੁਕਤਸਰ ਸਾਹਿਬ ਵਿਖੇ ਪਿੰਡ ਖੁੱਡੀਆਂ ਵਿੱਖ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਪੰਚਾਇਤੀ ਚੋਣਾਂ ਦੌਰਾਨ ਵੋਟ ਪਾਈ ਹੈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਆਪਣਾ ਨੁੰਮਾਇਦਾ ਚੁਣਨ ਲਈ ਦੇਸ਼ ਦੇ ਲੋਕਤੰਤਰ ਨੇ ਵਿਸ਼ੇਸ਼ ਅਧਿਕਾਰ ਨੂੰ ਲੋਕਾਂ ਨੂੰ ਦਿੱਤਾ ਹੈ ਜਿਸ ਦਾ ਚੰਗੇ ਤਰੀਕੇ ਨਾਲ ਸਾਰੇ ਹੀ ਨਾਗਰਿਕਾਂ ਨੂੰ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਪਿੰਡ ਵਾਸੀਆਂ ਤੇ ਉਮੀਦਵਾਰਾਂ ਨੂੰ ਆਪਸ ਵਿੱਚ ਭਾਈਚਾਰਕ ਸਾਂਝ ਬਣਾ ਕੇ ਰੱਖਣ ਦੀ ਵੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਹਰ ਕੋਈ ਇੱਕ-ਦੂਜੇ ਨਾਲ ਚੰਗੀ ਤਰ੍ਹਾਂ ਜਾਣੂ ਹੁੰਦਾ ਹੈ।
ਹਲਕਾ ਅਜਨਾਲਾ : ਡੀਐਸਪੀ ਦੀ ਸ਼ਰਾਰਤੀ ਅਨਸਰਾਂ ਨੂੰ ਸਖ਼ਤ ਤਾੜਨਾ
ਅੰਮ੍ਰਿਤਸਰ ਦੇ ਹਲਕਾ ਅਜਨਾਲਾ ਵਿੱਖੇ ਪੰਚਾਇਤੀ ਚੋਣਾਂ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਵੋਟਾਂ ਸ਼ੁਰੂ ਹੁੰਦੇ ਹੀ ਲੋਕ ਵੱਡੀ ਗਿਣਤੀ ਵਿੱਚ ਵੋਟਾਂ ਪਾਉਣ ਦੇ ਲਈ ਪਹੁੰਚ ਰਹੇ ਹਨ। ਉੱਥੇ ਹੀ ਇਸ ਵਾਰ ਔਰਤਾਂ ਵਿੱਚ ਵੀ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਔਰਤਾਂ ਦੀਆਂ ਵੀ ਕਾਫੀ ਲੰਬੀਆਂ ਲੰਬੀਆਂ ਲਾਈਨਾਂ ਵੇਖਣ ਨੂੰ ਮਿਲੀਆਂ ਹਨ। ਔਰਤਾਂ ਘਰਾਂ ਵਿੱਚੋਂ ਵੋਟਾਂ ਪਾਉਣ ਦੇ ਲਈ ਬੂਥਾਂ ਤੇ ਪਹੁੰਚ ਰਹੀਆਂ ਹਨ। ਉੱਥੇ ਹੀ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ, ਤਾਂ ਪ੍ਰਸ਼ਾਸਨ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਇਸ ਮੌਕੇ ਇਸ ਮੌਕੇ ਡੀਐਸਪੀ ਗੁਰਿੰਦਰ ਸਿੰਘ ਨੇ ਸਾਰੇ ਸੰਵੇਦਨਸ਼ੀਲ ਤੇ ਅਤੀ ਸੰਵੇਦਨਸ਼ੀਲ ਬੂਥਾਂ ਦੀ ਚੈਕਿੰਗ ਕੀਤੀ ਤੇ ਮਾੜੇ ਅਨਸਰਾਂ ਨੂੰ ਤਾੜਨਾ ਕਰਦੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ, ਕਿਉਂਕਿ ਇਹ ਉਨ੍ਹਾਂ ਦਾ ਹੱਕ ਹੈ, ਜੇਕਰ ਉਹ ਵੋਟ ਪਾਉਣਗੇ, ਤਾਂ ਹੀ ਆਪਣਾ ਸਹੀ ਸਰਪੰਚ ਚੁਣ ਸਕਦੇ ਹਨ ਜਿਸ ਨਾਲ ਉਨ੍ਹਾਂ ਦੇ ਪਿੰਡ ਦਾ ਵਿਕਾਸ ਹੋ ਸਕੇਗਾ।