ਬਰਨਾਲਾ: ਇਸ ਬਰਨਾਲਾ ਵਿਧਾਨ ਸਭਾ ਦੀ ਜ਼ਿਮਨੀ ਚੋਣ ਦਾ ਹਰਿੰਦਰ ਸਿੰਘ ਧਾਲੀਵਾਲ ਨੂੰ ਉਮੀਦਵਾਰ ਬਣਾਇਆ ਗਿਆ ਹੈ। ਉੱਥੇ ਟਿਕਟ ਮਿਲਣ ਤੋਂ ਬਾਅਦ ਹਰਿੰਦਰ ਧਾਲੀਵਾਲ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਹੈ। ਬਰਨਾਲਾ ਵਿਖੇ ਸੰਸਦ ਮੈਂਬਰ ਮੀਤ ਹੇਅਰ ਦੀ ਰਿਹਾਇਸ਼ ਵਿਖੇ ਹਰਿੰਦਰ ਧਾਲੀਵਾਲ ਦਾ ਪਾਰਟੀ ਵਰਕਰ ਵਲੋਂ ਮੂੰਹ ਮਿੱਠਾ ਕਰਵਾਇਆ ਗਿਆ। ਉਥੇ ਨਾਲ ਹੀ ਹਰਿੰਦਰ ਧਾਲੀਵਾਲ ਨੇ ਪਾਰਟੀ ਹਾਈ ਕਮਾਂਡ ਦਾ ਟਿਕਟ ਦੇਣ ਲਈ ਕੀਤਾ ਧੰਨਵਾਦ ਕੀਤਾ ਹੈ।
ਬਰਨਾਲਾ 'ਚ ਹੀ ਬੀਤਿਆ ਬਚਪਨ
ਇਸ ਮੌਕੇ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਬਣਾਏ ਗਏ ਹਰਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਉਹ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਉਸ ਉੱਪਰ ਭਰੋਸਾ ਜਤਾ ਕੇ ਉਸਨੂੰ ਬਰਨਾਲਾ ਵਿਧਾਨ ਸਭਾ ਦੀ ਟਿਕਟ ਦੇ ਕੇ ਨਿਵਾਜਿਆ ਹੈ। ਉਨ੍ਹਾਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਬਰਨਾਲਾ ਸ਼ਹਿਰ ਨਾਲ ਜੁੜੇ ਹੋਏ ਹਨ। ਇੱਥੇ ਹੀ ਉਸ ਦਾ ਬਚਪਨ ਬੀਤਿਆ ਅਤੇ ਇੱਥੇ ਹੀ ਉਸ ਦੀ ਸਕੂਲ ਦੀ ਪੜ੍ਹਾਈ ਹੋਈ।
ਜਦੋਂ ਦੀ ਆਪ ਹੋਂਦ 'ਚ ਆਈ, ਉਦੋਂ ਤੋਂ ਪਾਰਟੀ ਦੇ ਨਾਲ ਜੁੜੇ
ਹਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਹੋਂਦ ਵਿੱਚ ਆਈ ਹੈ, ਉਸ ਵੇਲੇ ਤੋਂ ਹੀ ਪਾਰਟੀ ਵਿੱਚ ਐਕਟਿਵ ਹੋ ਕੇ ਕੰਮ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਬਰਨਾਲਾ ਸ਼ਹਿਰ ਵਿੱਚ ਲਗਾਤਾਰ ਉਹ ਪਾਰਟੀ ਦੀਆਂ ਗਤੀਵਿਧੀਆਂ ਵਿੱਚ ਭਾਗ ਲੈਂਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡਾ ਏਜੰਡਾ ਵਿਕਾਸ ਦਾ ਹੀ ਹੈ। ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣਨ ਤੋਂ ਲੈ ਕੇ ਉਹ ਬਰਨਾਲਾ ਹਲਕੇ ਦੇ ਵਿਕਾਸ ਲਈ ਲਗਾਤਾਰ ਯਤਨ ਕਰਦੇ ਆ ਰਹੇ ਹਨ ਅਤੇ ਅੱਗੇ ਵੀ ਬਰਨਾਲਾ ਹਲਕੇ ਦਾ ਵਿਕਾਸ ਕਰਨਾ ਸੀ, ਉਹਨਾਂ ਦਾ ਮੁੱਖ ਮੰਤਵ ਰਹੇਗਾ।
ਚੋਣ ਨੂੰ ਲੈ ਕੇ ਉਨ੍ਹਾਂ ਦੀ ਪੂਰੀ ਤਿਆਰੀ
ਹਰਿੰਦਰ ਸਿੰਘ ਨੇ ਕਿਹਾ ਕਿ ਉਹ ਵਿਰੋਧੀ ਧਿਰ ਵਿੱਚ ਹੋਣ ਦੇ ਸਮੇਂ ਤੋਂ ਲੈ ਕੇ ਹੁਣ ਸਰਕਾਰ ਦੇ ਤਿੰਨ ਸਾਲਾਂ ਤੋਂ ਲਗਾਤਾਰ ਐਕਟਿਵ ਹੋ ਕੇ ਲੋਕਾਂ ਵਿੱਚ ਵਿਚਰਦੇ ਆ ਰਹੇ ਹਨ। ਲੋਕਾਂ ਦੇ ਕੰਮ ਕਰਵਾਉਂਦੇ ਆ ਰਹੇ ਹਨ, ਜਿਸ ਕਰਕੇ ਇਸ ਚੋਣ ਨੂੰ ਲੈ ਕੇ ਉਨ੍ਹਾਂ ਦੀ ਪੂਰੀ ਤਿਆਰੀ ਹੈ।