ਗੁਰਦਾਸਪੁਰ: ਪੰਜਾਬ ਵਿੱਚ ਇਸ ਸਮੇਂ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ ਵਿੱਚ ਸਰਪੰਚ ਦੇ ਚੋਣ ਸਬੰਧੀ ਗਤੀਵਿਧੀਆਂ ਸਰਗਰਮ ਹਨ। ਡੇਰਾ ਬਾਬਾ ਨਾਨਕ ਵਿਖੇ ਕੁਝ ਅਜਿਹਾ ਹੋਇਆ ਕਿ ਇਹ ਵਿਸ਼ਾ ਪੰਜਾਬ ਭਰ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ। ਇੱਥੇ ਪਿੰਡ ਦੇ ਸਰਪੰਚ ਲਈ ਕਰੋੜਾਂ ਦੀ ਬੋਲੀ ਲੱਗ ਗਈ। ਆਪਣੇ ਆਪ ਨੂੰ ਭਾਜਪਾ ਦਾ ਸਮਰਥਕ ਦੱਸਣ ਵਾਲਾ ਤੇ ਦੋ ਕਰੋੜ ਦੀ ਬੋਲੀ ਦੇਣ ਵਾਲੇ ਆਤਮਾ ਸਿੰਘ ਨੇ ਕਿਹਾ ਹੈ ਕਿ ਇਸ ਤੋਂ ਵੀ ਉੱਪਰ ਬੋਲੀ ਲਾਉਣੀ ਪਈ, ਤਾਂ ਲਾਵੇਗਾ।
ਸਰਪੰਚੀ ਲਈ 2 ਕਰੋੜ ਦੀ ਬੋਲੀ ਲੱਗੀ
ਡੇਰਾ ਬਾਬਾ ਨਾਨਕ ਦੇ ਪਿੰਡ ਹਰਦੋਰਵਾਲ ਕਲਾ ਪੰਜਾਬ ਦਾ ਪਹਿਲਾਂ ਅਜਿਹਾ ਪਿੰਡ ਬਣਿਆ ਜਿਸ ਵਿੱਚ ਸਰਪੰਚੀ ਲੈਣ ਲਈ ਆਪਣੇ ਆਪ ਨੂੰ ਭਾਜਪਾ ਦਾ ਸਮਰਥਕ ਕਹਿਣ ਵਾਲੇ ਆਤਮਾ ਸਿੰਘ ਨੇ ਹੁਣ ਤੱਕ ਦੀ ਸਭ ਤੋਂ ਉੱਚੀ ਬੋਲੀ ਦੋ ਕਰੋੜ ਦੀ ਲਗਾਕੇ ਪੰਜਾਬ ਵਿੱਚ ਰਿਕਾਰਡ ਕਾਇਮ ਕਰ ਦਿੱਤਾ ਹੈ। ਪੰਚਾਇਤ ਘਰ ਵਿੱਚ ਪਿੰਡ ਹਰਦੋਰਵਾਲ ਦੇ ਤਿੰਨ ਧਿਰਾਂ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਜੋ ਵੀ ਬੋਲੀ ਵੱਧ ਲਗਾਏਗਾ ਉਹ ਹੀ ਪਿੰਡ ਦਾ ਸਰਪੰਚ ਹੋਵੇਗਾ। ਹਾਲਾਂਕਿ, ਬੀਤੇ ਦਿਨ ਆਖੀਰ ਬੋਲੀ 2 ਕਰੋੜ ਉੱਤੇ ਖ਼ਤਮ ਹੋਈ, ਪਰ ਅੱਜ ਬੋਲੀ ਹੋਰ ਉਪਰ ਵੀ ਜਾ ਸਕਦੀ ਹੈ। ਅੱਜ ਜਿੰਨੇ ਉੱਤੇ ਬੋਲੀ ਮੁਕੇਗੀ, ਉਸ ਉੱਤੇ ਪੱਕੀ ਮੋਹਰ ਲੱਗ ਜਾਵੇਗੀ।
ਭਾਜਪਾ ਤੋਂ ਇਲਾਵਾ ਕਿਸੇ ਹੋਰ ਪਾਰਟੀ ਦੇ ਨੁੰਮਾਇਦੇ ਨੇ ਨਹੀਂ ਲਾਈ ਬੋਲੀ
ਬੋਲੀ ਦੇਣ ਵਾਲਿਆਂ ਵਿਚ ਬੀਜੇਪੀ ਦਾ ਪਰਨਾ ਗੱਲ ਵਿੱਚ ਪਾਈ ਆਤਮਾ ਸਿੰਘ ਪੁੱਤਰ ਵੱਸਣ ਸਿੰਘ, ਜਸਵਿੰਦਰ ਸਿੰਘ ਬੇਦੀ ਪੱਤਰ ਅਜੀਤ ਸਿੰਘ, ਨਿਰਵੈਰ ਸਿੰਘ ਪੁੱਤਰ ਹਰਜੀਤ ਸਿੰਘ ਸ਼ਾਮਲ ਸਨ। ਬੋਲੀ ਦੇਣ ਲਈ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਅਨਾਉਸਮੈਂਟ ਕਰਵਾਈ ਗਈ, ਪਰ ਕੋਈ ਆਮ ਆਦਮੀ ਪਾਰਟੀ ,ਕਾਂਗਰਸ ਪਾਰਟੀ ਅਕਾਲੀ ਦਲ ਪਾਰਟੀ ਦਾ ਕੋਈ ਵੀ ਨੁਮਾਇੰਦਾ ਬੋਲੀ ਦੇਣ ਵਾਸਤੇ ਸਾਹਮਣੇ ਨਹੀ ਆਇਆ। ਅਖੀਰ ਤਿੰਨਾਂ ਦਾਅਵੇਦਾਰਾਂ ਚੋ ਆਤਮਾ ਸਿੰਘ ਨੇ ਸਭ ਤੋਂ ਉੱਚੀ ਬੋਲੀ ਦੋ ਕਰੋੜ ਦੀ ਲਗਾਈ।
ਸਾਹਮਣੇ ਵਾਲੇ ਪਾਸੇ ਤੋਂ ਜਸਵਿੰਦਰ ਸਿੰਘ ਬੇਦੀ ਨੇ ਜਦੋਂ ਇੱਕ ਕਰੋੜ ਦੀ ਬੋਲੀ ਦਿੱਤੀ ਤਾਂ ਆਤਮਾ ਸਿੰਘ ਨੇ ਸਿੱਧਾ ਹੀ ਦੋ ਕਰੋੜ ਦੀ ਬੋਲੀ ਲਗਾ ਦਿੱਤੀ ਜਿਸ ਤੋਂ ਬਾਅਦ ਐਤਵਾਰ ਨੂੰ ਕਿਸੇ ਹੋਰ ਨੇ ਬੋਲੀ ਨਹੀਂ ਵਧਾਈ। ਹੁਣ ਅੱਜ (ਸੋਮਵਾਰ) ਸਵੇਰ ਦਾ ਸਮਾਂ ਰੱਖਿਆ ਗਿਆ ਹੈ ਕਿ ਜੇਕਰ ਕਿਸੇ ਹੋਰ ਨੇ ਬੋਲੀ ਵਧਾਉਣੀ ਹੈ, ਤਾਂ ਬੋਲੀ ਦੇ ਸਕਦਾ ਹੈ।
ਕਿਵੇਂ ਚੁਣੀ ਜਾਵੇਗੀ ਪੰਚਾਇਤ ?
ਆਤਮਾ ਸਿੰਘ ਨੇ ਦੱਸਿਆ ਕਿ ਜੇਕਰ 2 ਕਰੋੜ ਤੋਂ ਉਪਰ ਕਿਸੇ ਹੋਰ ਨੇ ਆਵਾਜ਼ ਨਾ ਦਿੱਤੀ, ਤਾਂ ਫਿਰ ਭਾਜਪਾ ਦਾ ਹੀ ਸਰਪੰਚ ਯਾਨੀ ਮੈਂ ਤੇ ਹੋਰ ਪੰਚਾਇਤ ਮੈਂਬਰ ਵੀ ਭਾਜਪਾ ਦੇ ਹੀ ਚੁਣੇ ਜਾਣਗੇ। ਪਿੰਡ ਦੀ 6 ਮੈਂਬਰੀ ਕਮੇਟੀ ਬਣੇਗੀ। ਬੋਲੀ ਲਈ ਆਖਰੀ ਆਵਾਜ਼ ਦੀ ਉਡੀਕ ਤੋਂ ਬਾਅਦ, 2 ਕਰੋੜ ਦਾ ਚੈਕ ਜਾਂ ਜਿੰਨੇ ਉੱਤੇ ਬੋਲੀ ਖ਼ਤਮ ਹੋਵੇਗੀ, ਉੰਨੇ ਦਾ ਚੈਕ ਸੌਂਪ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮਕਸਦ ਪਿੰਡ ਦੇ ਵਿਕਾਸ ਹੋਣ ਨਾਲ ਹੈ। ਪਿਛਲੇ ਸਾਲ ਸਰਪੰਚੀ ਲਈ ਆਖਰੀ ਬੋਲੀ 50 ਲੱਖ ਤੱਕ ਲੱਗੀ ਸੀ।
ਆਖਰੀ ਮੋਹਰ ਲੱਗਣ ਦੀ ਉਡੀਕ
ਹੁਣ ਦੇਖਣਾ ਹੋਵੇਗਾ ਕਿ ਅੱਜ ਕੋਈ ਦੋ ਕਰੋੜ ਤੋਂ ਬੋਲੀ ਵਧਾਉਦਾ ਹੈ ਜਾਂ ਨਹੀਂ, ਪਰ ਫਿਰ ਆਤਮਾ ਸਿੰਘ ਵਲੋਂ ਦਿੱਤੀ 2 ਕਰੋੜ ਦੀ ਬੋਲੀ ਹੀ ਆਖਰੀ ਬੋਲੀ ਮੰਨੀ ਜਾਵੇਗੀ। ਉਧਰ ਬੀਜੇਪੀ ਦੇ ਆਗੂ ਵਿਜੇ ਸੋਨੀ ਵੱਲੋਂ ਆਤਮਾ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਤੇ ਕਿਹਾ ਕਿ ਪੰਜਾਬ ਵਿੱਚ ਇੱਕ ਇੱਕ ਪਾਰਟੀ ਬੀਜੇਪੀ ਹੈ, ਜੋ ਪੰਜਾਬ ਵਾਸੀਆਂ ਦੇ ਭਲੇ ਲਈ ਕੰਮ ਕਰ ਸਕਦੀ ਹੈ।
ਸ੍ਰੀ ਮੁਕਤਸਰ ਵਿੱਚ ਸਾਢੇ 35 ਲੱਖ ਦਾ ਪਿਆ 'ਸਰਪੰਚ'
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 28 ਸਤੰਬਰ ਨੂੰ, ਸ੍ਰੀ ਮੁਕਤਸਰ ਸਾਹਿਬ ਦੇ ਵਿਧਾਨ ਸਭਾ ਹਲਕਾ ਗਿੱਦੜਬਾਹਾ ਅਧੀਨ ਆਉਂਦੇ ਅਬਲੂ ਕੋਟਲੀ ਦੇ ਨੇੜਲੇ ਕੋਠੇ ਚੀਦਿਆ ਵਾਲੇ ਦੇ ਸਰਪੰਚ ਨੂੰ ਚੁਣਨ ਲਈ ਵੀ ਬੋਲੀ ਲੱਗੀ। ਬੋਲੀ ਦੀ ਰਕਮ, ਗੁਰਦੁਆਰਾ ਸਾਹਿਬ ਨੂੰ ਦੇਣ ਦਾ ਫੈਸਲਾ ਹੋਇਆ। ਜਿਸ ਵਿੱਚ ਵੱਡੇ ਜਿਮੀਦਾਰਾਂ ਨੇ ਇੱਕ-ਦੂਜੇ ਨਾਲੋਂ ਵੱਧ ਚੜ ਕੇ ਆਪਣੀ ਆਰਥਿਕ ਸ਼ਕਤੀ ਦਾ ਪ੍ਰਦਰਸ਼ਨ ਕੀਤਾ। ਬੋਲੀ ਦੇ ਅੰਤ ਤੱਕ ਫੈਸਲਾ 35 ਲੱਖ, 50 ਹਜ਼ਾਰ ਵਿੱਚ ਹੋ ਗਿਆ। ਸਰਮਾਏਦਾਰਾਂ ਨੇ ਬੋਲੀ ਲਗਾ ਕੇ ਸਾਢੇ 35 ਲੱਖ 'ਚ ਸਰਪੰਚੀ ਦਾ ਸੌਦਾ ਕੀਤਾ ਤੇ ਸਰਪੰਚ ਚੁਣਿਆ।
15 ਅਕਤੂਬਰ ਨੂੰ ਹੋਣਗੀਆਂ ਪੰਚਾਇਤੀ ਚੋਣਾਂ
ਪੰਜਾਬ ਵਿੱਚ ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਹੋਣਗੀਆਂ ਅਤੇ ਇਸ ਦਿਨ ਹੀ ਵੋਟਾਂ ਦੀ ਗਿਣਤੀ ਵੀ ਹੋਵੇਗੀ। ਨਾਮਜ਼ਦਗੀ ਕਰਨ ਦੀ ਆਖਰੀ ਤਰੀਕ 4 ਅਕਤੂਬਰ ਹੋਵੇਗੀ। ਸਵੇਰੇ 8 ਵਜੇ ਤੋਂ 4 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਉਸੇ ਦਿਨ ਹੀ ਵੋਟਾਂ ਦੀ ਗਿਣਤੀ ਹੋਵੇਗੀ। ਪੰਜਾਬ ‘ਚ ਕੁੱਲ੍ਹ 13237 ਗ੍ਰਾਮ ਪੰਚਾਇਤਾਂ ਅਤੇ 19110 ਪੋਲਿੰਗ ਬੂਥ ਬਣਨਗੇ। ਵੋਟਾਂ ਬੈਲਟ ਪੇਪਰ ਰਾਹੀਂ ਵੋਟਾਂ ਪੈਣਗੀਆਂ। ਜਿਸ ਇਲਾਕੇ ਵਿੱਚ ਵੋਟਿੰਗ ਹੋਵੇਗੀ, ਉਥੇ ਉਸ ਦਿਨ ਡ੍ਰਾਈ ਡੇਅ ਹੋਵੇਗਾ। ਪੰਚਾਇਤੀ ਚੋਣਾਂ ਲਈ ਆਦਰਸ਼ ਚੋਣ ਜ਼ਾਬਤਾ ਵੱਖਰੇ ਤੌਰ ’ਤੇ ਭੇਜਿਆ ਜਾਵੇਗਾ। ਆਦਰਸ਼ ਚੋਣ ਜ਼ਾਬਤਾ ਸਿਰਫ਼ ਉਸ ਖੇਤਰ ਵਿੱਚ ਲਾਗੂ ਹੋਵੇਗਾ, ਜਿੱਥੇ ਚੋਣਾਂ ਹੋ ਰਹੀਆਂ ਹਨ।