ਹੈਦਰਾਬਾਦ: ਗਲਤ ਆਦਤਾਂ ਕਰਕੇ ਲੋਕ ਕਈ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਕੁਝ ਆਦਤਾਂ ਦਿਮਾਗ ਦੀ ਸਿਹਤ ਨੂੰ ਵੀ ਨੁਕਸਾਨ ਪਹੁੰਚਾ ਸਕਦੀਆਂ ਹਨ। ਦਿਮਾਗ ਸਾਡੇ ਸਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਹੈ। ਜੇਕਰ ਦਿਮਾਗ ਸਿਹਤਮੰਦ ਹੋਵੇਗਾ, ਫਿਰ ਹੀ ਅਸੀਂ ਕੰਮ ਨੂੰ ਸਹੀ ਢੰਗ ਨਾਲ ਕਰ ਸਕਾਂਗੇ। ਇਸ ਲਈ ਦਿਮਾਗ ਦੀ ਸਿਹਤ ਬਹੁਤ ਜ਼ਰੂਰੀ ਹੈ।
ਇਹ ਆਦਤਾਂ ਦਿਮਾਗ ਨੂੰ ਪਹੁੰਚਾ ਸਕਦੀਆਂ ਨੁਕਸਾਨ:
ਸ਼ੂਗਰ: ਮਾਹਿਰਾਂ ਦਾ ਕਹਿਣਾ ਹੈ ਕਿ ਜ਼ਿਆਦਾ ਮਿੱਠਾ ਖਾਣ ਨਾਲ ਦਿਮਾਗ 'ਤੇ ਅਸਰ ਪੈਂਦਾ ਹੈ। ਜ਼ਿਆਦਾ ਮਿੱਠਾ ਖਾਣਾ ਬਲੱਡ ਸ਼ੂਗਰ ਦੇ ਉਤਾਰ-ਚੜ੍ਹਾਅ, ਸੋਜਸ਼ ਅਤੇ ਇਨਸੁਲਿਨ ਪ੍ਰਤੀਰੋਧ ਦਾ ਕਾਰਨ ਬਣਦਾ ਹੈ। ਇਸ ਲਈ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਜ਼ਿਆਦਾ ਮਿੱਠਾ ਨਾ ਖਾਓ, ਨਹੀਂ ਤਾਂ ਦਿਮਾਗ 'ਤੇ ਗਲਤ ਅਸਰ ਪੈ ਸਕਦਾ ਹੈ।
ਕੈਫੀਨ: ਮਾਹਿਰਾਂ ਦਾ ਕਹਿਣਾ ਹੈ ਕਿ ਕੈਫਿਨ ਨਾਲ ਵੀ ਦਿਮਾਗ ਦੀ ਸਿਹਤ ਪ੍ਰਭਾਵਿਤ ਹੁੰਦੀ ਹੈ। ਜ਼ਿਆਦਾ ਕੈਫੀਨ ਦਾ ਸੇਵਨ ਦਿਮਾਗ 'ਚ ਖੂਨ ਦੇ ਪ੍ਰਵਾਹ ਨੂੰ ਪ੍ਰਭਾਵਿਤ ਕਰਦਾ ਹੈ। ਇਸ ਕਾਰਨ ਦਿਮਾਗ ਨਾਲ ਸਬੰਧਤ ਸਮੱਸਿਆਵਾਂ ਹੋਣ ਦੀ ਸੰਭਾਵਨਾ ਰਹਿੰਦੀ ਹੈ। ਇਸਦੇ ਨਾਲ ਹੀ, ਕੈਫੀਨ ਕਾਰਨ ਨੀਂਦ ਦੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇਸ ਕਾਰਨ ਦਿਮਾਗੀ ਕਮਜ਼ੋਰੀ ਦਾ ਖ਼ਤਰਾ ਰਹਿੰਦਾ ਹੈ। ਇਸ ਲਈ ਦਿਨ ਵਿੱਚ ਕਾਫ਼ੀ ਨੀਂਦ ਲਓ, ਤਾਂ ਜੋ ਤੁਹਾਨੂੰ ਇਨਸੌਮਨੀਆ ਨਾ ਹੋਵੇ।
ਸਿਗਰਟਨੋਸ਼ੀ: ਤੰਬਾਕੂ ਉਤਪਾਦਾਂ ਵਿੱਚ ਨਿਕੋਟੀਨ ਮੌਜ਼ੂਦ ਹੁੰਦਾ ਹੈ, ਜੋ ਦਿਮਾਗ ਵਿੱਚ ਖੂਨ ਦੇ ਪ੍ਰਵਾਹ ਨੂੰ ਪ੍ਰਭਾਵਿਤ ਕਰਦਾ ਹੈ। ਇੱਕ ਰਿਪੋਰਟ ਅਨੁਸਾਰ, ਸਿਗਰਟ ਪੀਣ ਨਾਲ ਦਿਮਾਗ ਸੁੰਗੜ ਜਾਂਦਾ ਹੈ। ਸਿਗਰਟ ਪੀਣ ਨਾਲ ਦਿਮਾਗੀ ਕਮਜ਼ੋਰੀ ਅਤੇ ਅਲਜ਼ਾਈਮਰ ਵਰਗੀਆਂ ਦਿਮਾਗ ਨਾਲ ਸਬੰਧਤ ਬਿਮਾਰੀਆਂ ਦਾ ਖਤਰਾ ਵੀ ਵੱਧ ਜਾਂਦਾ ਹੈ।
ਬਹੁਤ ਜ਼ਿਆਦਾ ਸਕ੍ਰੀਨ ਟਾਈਮ: ਅੱਜ ਦੇ ਤਕਨਾਲੋਜੀ ਯੁੱਗ ਵਿੱਚ ਇਲੈਕਟ੍ਰਾਨਿਕ ਉਪਕਰਨਾਂ ਦੀ ਵਰਤੋਂ ਤੇਜ਼ੀ ਨਾਲ ਵੱਧ ਗਈ ਹੈ। ਬੱਚਿਆਂ ਤੋਂ ਲੈ ਕੇ ਬਾਲਗਾਂ ਤੱਕ, ਹਰ ਕੋਈ ਇਲੈਕਟ੍ਰਾਨਿਕ ਡਿਵਾਈਸਾਂ ਦਾ ਇਸਤੇਮਾਲ ਕਰਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਆਦਤ ਦਾ ਦਿਮਾਗ ਦੀ ਸਿਹਤ 'ਤੇ ਗੰਭੀਰ ਅਸਰ ਪੈ ਸਕਦਾ ਹੈ। ਇਸ ਲਈ ਯਕੀਨੀ ਬਣਾਓ ਕਿ ਸਕ੍ਰੀਨ ਦਾ ਸਮਾਂ ਜਿੰਨਾ ਸੰਭਵ ਹੋ ਸਕੇ ਘੱਟ ਕੀਤਾ ਜਾਵੇ। ਇਸ ਲਈ ਸਕ੍ਰੀਨ ਸਮੇਂ ਦੀ ਇੱਕ ਸੀਮਾ ਨਿਰਧਾਰਤ ਕਰੋ ਅਤੇ ਵਿਕਲਪਕ ਗਤੀਵਿਧੀਆਂ ਵਿੱਚ ਹਿੱਸਾ ਲਓ।
ਨੋਟ: ਇੱਥੇ ਦਿੱਤੀ ਗਈ ਸਾਰੀ ਸਿਹਤ ਜਾਣਕਾਰੀ ਅਤੇ ਸੁਝਾਅ ਸਿਰਫ਼ ਤੁਹਾਡੀ ਸਮਝ ਲਈ ਹਨ। ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾਂ ਆਪਣੇ ਨਿੱਜੀ ਡਾਕਟਰ ਦੀ ਸਲਾਹ ਲੈਣਾ ਸਭ ਤੋਂ ਵਧੀਆ ਹੈ।