ਹੈਦਰਾਬਾਦ: ਅੱਜ ਦੇ ਸਮੇਂ 'ਚ ਲੋਕ ਸ਼ੂਗਰ ਦੀ ਬਿਮਾਰੀ ਤੋਂ ਪੀੜਿਤ ਰਹਿੰਦੇ ਹਨ। ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਹੈ, ਪਰ ਜੀਵਨਸ਼ੈਲੀ 'ਚ ਬਦਲਾਅ ਕਰਕੇ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਖੂਨ ਵਿੱਚ ਗਲੂਕੋਜ਼ ਦੇ ਪੱਧਰ 'ਚ ਉਤਰਾਅ-ਚੜ੍ਹਾਅ ਦੇ ਨਾਲ-ਨਾਲ ਰੋਜ਼ਾਨਾ ਜੀਵਨ ਵਿੱਚ ਦਿਖਾਈ ਦੇਣ ਵਾਲੇ ਲੱਛਣਾਂ ਦੁਆਰਾ ਤੁਸੀਂ ਸ਼ੂਗਰ ਦੀ ਬਿਮਾਰੀ ਬਾਰੇ ਪਤਾ ਲਗਾ ਸਕਦੇ ਹੋ। ਇਹ ਲੱਛਣ ਜ਼ਿਆਦਾਤਰ ਸਵੇਰ ਦੇ ਸਮੇਂ ਦਿਖਾਈ ਦਿੰਦੇ ਹਨ। ਜੀਵਨਸ਼ੈਲੀ 'ਚ ਸੁਧਾਰ ਕਰਕੇ ਤੁਸੀਂ ਇਸ ਸਮੱਸਿਆ ਨੂੰ ਕੰਟਰੋਲ ਕਰ ਸਕਦੇ ਹੋ।
ਜਦੋਂ ਬਲੱਡ ਸ਼ੂਗਰ ਦਾ ਪੱਧਰ ਉੱਚਾ ਹੁੰਦਾ ਹੈ, ਤਾਂ ਸਵੇਰ ਦੇ ਸਮੇਂ ਲੱਛਣ ਨਜ਼ਰ ਆਉਣ ਲੱਗਦੇ ਹਨ। ਇਹ ਬਦਲਾਅ ਸਵੇਰੇ 4 ਵਜੇ ਤੋਂ 8 ਵਜੇ ਦੇ ਵਿਚਕਾਰ ਦੇਖੇ ਜਾ ਸਕਦੇ ਹਨ। ਹਾਈ ਸ਼ੂਗਰ ਹੋਣ 'ਤੇ ਪਿਆਸ ਲੱਗਦੀ ਹੈ। ਜੇਕਰ ਹਾਈ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਨਹੀਂ ਕੀਤਾ ਗਿਆ, ਤਾਂ ਗਲੂਕੋਜ਼ ਵੱਧ ਸਕਦਾ ਹੈ।
ਬਲੱਡ ਸ਼ੂਗਰ ਦੇ ਲੱਛਣ:
ਜ਼ਿਆਦਾ ਪਿਸ਼ਾਬ ਆਉਣਾ: ਵਾਰ-ਵਾਰ ਪਿਸ਼ਾਬ ਆਉਣਾ ਸ਼ੂਗਰ ਦੀ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ। ਇਹ ਆਮ ਤੌਰ 'ਤੇ ਰਾਤ ਨੂੰ ਜਾਂ ਸਵੇਰ ਵੇਲੇ ਹੁੰਦਾ ਹੈ। ਗੁਰਦੇ ਗਲੂਕੋਜ਼ ਨੂੰ ਫਿਲਟਰ ਕਰਨ ਲਈ ਵਧੇਰੇ ਪਿਸ਼ਾਬ ਪੈਦਾ ਕਰਦੇ ਹਨ।
ਸਵੇਰ ਦੀ ਸੁਸਤੀ: ਸਵੇਰੇ ਉੱਠਣ 'ਤੇ ਸੁਸਤੀ ਮਹਿਸੂਸ ਕਰਨਾ ਵੀ ਸ਼ੂਗਰ ਦੀ ਸਮੱਸਿਆ ਦਾ ਸੰਕੇਤ ਹੈ। ਜਦੋ ਗਲੂਕੋਜ਼ ਦਾ ਪੱਧਰ ਘੱਟ ਜਾਂਦਾ ਹੈ ਅਤੇ ਸਰੀਰ ਲੋੜੀਂਦੀ ਊਰਜਾ ਪ੍ਰਦਾਨ ਕਰਨ ਦੇ ਯੋਗ ਨਹੀਂ ਹੁੰਦਾ, ਤਾਂ ਅਸੀਂ ਸਵੇਰੇ ਸੁਸਤੀ ਮਹਿਸੂਸ ਕਰਦੇ ਹਾਂ। ਵਾਰ-ਵਾਰ ਪਿਸ਼ਾਬ ਆਉਣਾ ਅਤੇ ਨੀਂਦ ਨਾ ਆਉਣਾ ਵੀ ਸਵੇਰ ਦੇ ਸਮੇਂ ਸੁਸਤੀ ਦਾ ਕਾਰਨ ਮੰਨਿਆ ਜਾ ਸਕਦਾ ਹੈ।
ਸਿਰ ਦਰਦ: ਸ਼ੂਗਰ ਵਾਲੇ ਲੋਕਾਂ ਵਿੱਚ ਸਿਰ ਦਰਦ ਇੱਕ ਆਮ ਲੱਛਣ ਹੈ। ਜੇਕਰ ਸ਼ੂਗਰ ਦਾ ਪੱਧਰ ਜ਼ਿਆਦਾ ਹੋਵੇ, ਤਾਂ ਇਸ ਨੂੰ ਹਾਈਪਰਗਲਾਈਸੀਮੀਆ ਕਿਹਾ ਜਾਂਦਾ ਹੈ ਅਤੇ ਜੇਕਰ ਘੱਟ ਹੋਵੇ, ਤਾਂ ਇਸ ਨੂੰ ਹਾਈਪੋਗਲਾਈਸੀਮੀਆ ਕਿਹਾ ਜਾਂਦਾ ਹੈ। ਅਜਿਹਾ ਹੋਣ 'ਤੇ ਅਕਸਰ ਸਿਰ ਦਰਦ ਹੁੰਦਾ ਹੈ।
ਸੁੱਕਾ ਮੂੰਹ: ਉੱਠਣ ਤੋਂ ਬਾਅਦ ਮੂੰਹ ਸੁੱਕਾ ਮਹਿਸੂਸ ਹੁੰਦਾ ਹੈ, ਤਾਂ ਸ਼ੂਗਰ ਦਾ ਸੰਕੇਤ ਹੋ ਸਕਦਾ ਹੈ। ਸਰੀਰ ਵਿੱਚ ਤਰਲ ਪਦਾਰਥਾਂ ਦੀ ਬਹੁਤ ਜ਼ਿਆਦਾ ਕਮੀ ਕਾਰਨ ਲੋਕ ਡੀਹਾਈਡ੍ਰੇਟ ਹੋ ਜਾਂਦੇ ਹਨ। ਇਸ ਕਾਰਨ ਮੂੰਹ ਖੁਸ਼ਕ ਹੋ ਜਾਂਦਾ ਹੈ।
ਮਹੱਤਵਪੂਰਨ ਨੋਟ: ਇੱਥੇ ਦਿੱਤੀ ਗਈ ਸਾਰੀ ਸਿਹਤ ਜਾਣਕਾਰੀ ਅਤੇ ਮੈਡੀਕਲ ਸੁਝਾਅ ਸਿਰਫ਼ ਤੁਹਾਡੀ ਜਾਣਕਾਰੀ ਲਈ ਹਨ। ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾਂ ਆਪਣੇ ਨਿੱਜੀ ਡਾਕਟਰ ਦੀ ਸਲਾਹ ਲੈਣੀ ਬਿਹਤਰ ਹੈ।