ਚੰਡੀਗੜ੍ਹ: ਪੰਜਾਬੀ ਸਿਨੇਮਾ ਲਈ ਅਲਹਦਾ ਮੁਹਾਂਦਰੇ ਅਧੀਨ ਬਣਾਈ ਗਈ ਇੱਕ ਹੋਰ ਬਿਹਤਰੀਨ ਫਿਲਮ ਵਜੋਂ ਸਾਹਮਣੇ ਆਉਣ ਜਾ ਰਹੀ ਹੈ 'ਅਪਣੇ ਘਰ ਬਿਗਾਨੇ', ਜਿਸ ਦਾ ਪਹਿਲਾਂ ਗਾਣਾ 'ਫੈਸਲਾ' ਅੱਜ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਨੂੰ ਵੱਡੇ ਪੱਧਰ ਉੱਪਰ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾ ਰਿਹਾ ਹੈ।
ਗੈਂਗ ਆਫ ਫਿਲਮਮੇਕਰ ਦੇ ਬੈਨਰ ਹੇਠ ਪੇਸ਼ ਕੀਤੀ ਜਾ ਰਹੀ ਉਕਤ ਅਰਥ-ਭਰਪੂਰ ਫਿਲਮ ਦਾ ਨਿਰਮਾਣ ਪਰਮਜੀਤ ਸਿੰਘ, ਕਾਜਲ ਚਾਲੀ, ਅਕਾਸ਼ਦੀਪ ਚਾਲੀ, ਗਗਨਦੀਪ ਚਾਲੀ ਵੱਲੋਂ ਕੀਤਾ ਗਿਆ ਹੈ, ਜਦਕਿ ਲੇਖਣ ਅਤੇ ਨਿਰਦੇਸ਼ਨ ਜ਼ਿੰਮੇਵਾਰੀਆਂ ਨੂੰ ਬਲਰਾਜ ਸਿਆਲ ਦੁਆਰਾ ਅੰਜ਼ਾਮ ਦਿੱਤਾ ਗਿਆ ਹੈ, ਜੋ ਬਤੌਰ ਸਟੈਂਡ-ਅੱਪ ਕਾਮੇਡੀਅਨ, ਲੇਖਕ, ਹੋਸਟ ਬਾਲੀਵੁੱਡ ਗਲਿਆਰਿਆਂ ਅਤੇ ਟੈਲੀਵਿਜ਼ਨ ਦੀ ਦੁਨੀਆਂ ਵਿੱਚ ਚੌਖੀ ਭੱਲ ਸਥਾਪਿਤ ਕਰ ਚੁੱਕੇ ਹਨ।
ਕੈਨੇਡਾ ਵਿਖੇ ਫਿਲਮਾਈ ਗਈ ਇਸ ਭਾਵਨਾਤਮਕ ਪੰਜਾਬੀ ਫਿਲਮ ਵਿੱਚ ਰੌਸ਼ਨ ਪ੍ਰਿੰਸ ਅਤੇ ਅਦਾਕਾਰਾ ਕੁਲਰਾਜ ਰੰਧਾਵਾ ਲੀਡ ਜੋੜੀ ਦੇ ਤੌਰ ਉਤੇ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਯੋਗਰਾਜ ਸਿੰਘ, ਰਾਣਾ ਰਣਬੀਰ, ਸੁਖਵਿੰਦਰ ਰਾਜ, ਬਲਰਾਜ ਸਿਆਲ, ਪ੍ਰੀਤ ਔਜਲਾ, ਅਰਮਾਨ ਔਜਲਾ ਆਦਿ ਵੱਲੋਂ ਵੀ ਮਹੱਤਵਪੂਰਨ ਕਿਰਦਾਰ ਅਦਾ ਕੀਤੇ ਗਏ ਹਨ।
ਪਰਿਵਾਰਿਕ ਅਤੇ ਇਮੋਸ਼ਨਲ ਤਾਣੇ-ਬਾਣੇ ਅਧੀਨ ਬੁਣੀ ਗਈ ਇਸ ਫਿਲਮ ਦਾ ਸੰਗੀਤ ਗੁਰਮੋਹ, ਜੈ ਕੇ ਅਤੇ ਗੋਲਡ ਬੁਆਏ ਦੁਆਰਾ ਸਿਰਜਿਆ ਗਿਆ ਹੈ, ਜਦਕਿ ਬੋਲ ਵਿੰਦਰ ਨੱਥੂ ਮਾਜਰਾ, ਅਬੀਰ ਅਤੇ ਗੁਰਜੀਤ ਖੋਸਾ ਨੇ ਰਚੇ ਹਨ, ਜਿੰਨ੍ਹਾਂ ਵੱਲੋਂ ਬੇਹੱਦ ਖੂਬਸੂਰਤ ਅਤੇ ਮਨ ਨੂੰ ਛੂਹ ਲੈਣ ਵਾਲੇ ਇੰਨ੍ਹਾਂ ਗੀਤਾਂ ਨੂੰ ਪਿੱਠ ਵਰਤੀ ਅਵਾਜ਼ਾਂ ਕਮਲ ਖਾਨ, ਨਿੰਜਾ, ਨਵਰਾਜ ਹੰਸ, ਮਾਸ਼ਾ ਅਲੀ, ਅੰਬਰ ਵਸ਼ਿਸ਼ਠ ਅਤੇ ਸਿਮਰਨ ਦੁਆਰਾ ਦਿੱਤੀਆਂ ਗਈਆਂ ਹਨ।
ਓਧਰ ਅੱਜ ਜਾਰੀ ਹੋਣ ਜਾ ਰਹੇ ਇਸ ਫਿਲਮ ਦੇ ਉਕਤ ਭਾਵਪੂਰਨ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਸ਼ਬਦ ਅਤੇ ਕੰਪੋਜੀਸ਼ਨ ਦੀ ਸਿਰਜਣਾ ਵਿੰਦਰ ਨੱਥੂ ਮਾਜਰਾ ਨੇ ਅੰਜ਼ਾਮ ਦਿੱਤੀ ਹੈ, ਜਦਕਿ ਇਸ ਦਾ ਸੰਗੀਤ ਜੈ ਕੇ ਵੱਲੋਂ ਤਿਆਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ: