ਚੰਡੀਗੜ੍ਹ: 'ਟੈਂਪਰੇਰੀ ਪਿਆਰ', 'ਨੀਂਦ', 'ਮਿੱਟੀ ਦੇ ਟਿੱਬੇ', 'ਤੀਜੀ ਸੀਟ' ਅਤੇ 'ਲਿਬਾਸ' ਵਰਗੇ ਗੀਤਾਂ ਲਈ ਜਾਣੇ ਜਾਂਦੇ ਗਾਇਕ ਕਾਕਾ ਇਸ ਸਮੇਂ ਆਪਣੇ ਇੱਕ ਬਿਆਨ ਨਾਲ ਕਾਫੀ ਸੁਰਖ਼ੀਆਂ ਬਟੋਰ ਰਹੇ ਹਨ। ਦਰਅਸਲ, ਹਾਲ ਹੀ ਵਿੱਚ ਪੰਜਾਬੀ ਗਾਇਕ ਕਾਕਾ ਆਪਣੇ ਜਿਗਰੀ ਯਾਰ ਅਰਮਾਨ ਬੇਦਿਲ ਦੀ ਫਿਲਮ 'ਗੋਰਿਆਂ ਨਾ' ਲੱਗਦੀ ਜ਼ਮੀਨ ਜੱਟ ਦੀ' ਦੇ ਪ੍ਰੀਮੀਅਰ ਉਤੇ ਗਏ। ਜਿੱਥੇ ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦੇ ਹੋਏ ਗਾਇਕ ਨੇ ਨੀਰੂ ਬਾਜਵਾ ਬਾਰੇ ਇੱਕ ਬਿਆਨ ਦਿੱਤਾ।
ਨੀਰੂ ਬਾਜਵਾ ਬਾਰੇ ਕੀ ਬੋਲੇ ਗਾਇਕ ਕਾਕਾ
ਫਿਲਮ 'ਗੋਰਿਆਂ ਨਾ' ਲੱਗਦੀ ਜ਼ਮੀਨ ਜੱਟ ਦੀ' ਦੇ ਪ੍ਰੀਮੀਅਰ ਤੋਂ ਬਾਅਦ ਗਾਇਕ ਕਾਕਾ ਨਾਲ ਇੱਕ ਨਿਊਜ਼ ਚੈਨਲ ਨੇ ਗੱਲਬਾਤ ਕੀਤੀ ਅਤੇ ਪੁੱਛਿਆ ਕਿ ਉਹ ਨੀਰੂ ਬਾਜਵਾ ਨਾਲ ਕੰਮ ਕਰਨਾ ਚਾਹੁੰਦਾ ਹੈ ਜਾਂ ਨਹੀਂ? ਇਸ ਗੱਲ ਦਾ ਜੁਆਬ ਦਿੰਦੇ ਹੋਏ ਗਾਇਕ ਨੇ ਕਿਹਾ, "ਨੀਰੂ ਜੀ ਬਹੁਤ ਸੋਹਣੇ ਨੇ, ਕਈ ਵਾਰ ਮੈਂ ਟ੍ਰਾਈ ਨਹੀਂ ਕਰਦਾ ਹੁੰਦਾ, ਕਿਉਂਕਿ ਮੈਨੂੰ ਲੱਗਦਾ ਹੈ ਕਿ ਉਹ ਮਹਿੰਗੇ ਹੋਣਗੇ, ਪਹਿਲਾਂ ਤਾਂ ਮੈਂ ਉਨ੍ਹਾਂ ਨਾਲ ਗਾਣਾ ਕਰਨਾ ਚਾਹੂੰਗਾ, ਜੇ ਹੋ ਸਕਿਆ ਤਾਂ...ਜੇ ਉਹ ਮਹਿੰਗੇ ਹੋਏ ਤਾਂ ਮੈਂ ਨਹੀਂ ਕਰ ਸਕਦਾ।"
ਇਸ ਤੋਂ ਬਾਅਦ ਗਾਇਕ ਤੋਂ ਉਸਦੀ ਪਸੰਦ ਦੀ ਅਦਾਕਾਰਾ ਬਾਰੇ ਵੀ ਪੁੱਛਿਆ ਗਿਆ, ਇਸ ਗੱਲ ਦਾ ਜੁਆਬ ਉਨ੍ਹਾਂ ਨੇ ਕਾਫੀ ਗੋਲਮੋਲ ਜਿਹਾ ਦਿੱਤਾ। ਇਸ ਤੋਂ ਇਲਾਵਾ ਆਪਣੇ ਵਿਆਹ ਵਾਲੇ ਸੁਆਲ ਦਾ ਜੁਆਬ ਵੀ ਕਾਕੇ ਨੇ ਕਾਫੀ ਹਾਸੋਹੀਣਾ ਦਿੱਤਾ ਅਤੇ ਕਿਹਾ ਕਿ "ਭੁੱਲ ਜਾਓ ਕਿ ਮੇਰਾ ਵਿਆਹ ਹੋਵੇਗਾ।"
ਗਾਇਕ ਕਾਕਾ ਬਾਰੇ
ਗਾਇਕ ਕਾਕਾ ਇਸ ਸਮੇਂ ਪੰਜਾਬੀ ਸੰਗੀਤ ਜਗਤ ਦੇ ਸ਼ਾਨਦਾਰ ਗਾਇਕਾਂ ਵਿੱਚੋਂ ਇੱਕ ਹਨ, ਗਾਇਕ ਦੇ ਗੀਤਾਂ ਨੂੰ ਨੌਜਵਾਨ ਵਰਗ ਵੱਲੋਂ ਕਾਫੀ ਚਾਹਤ ਨਾਲ ਸੁਣਿਆ ਜਾਂਦਾ ਹੈ, ਇਸ ਅਜ਼ੀਮ ਗਾਇਕ ਨੇ 2019 ਵਿੱਚ ਗੀਤ 'ਸੂਰਮਾ' ਨਾਲ ਗਾਇਕੀ ਪੀੜ ਵਿੱਚ ਐਂਟਰੀ ਕੀਤੀ ਸੀ, 2019 ਤੋਂ ਬਾਅਦ ਗਾਇਕ ਨੂੰ ਅਜਿਹੀ ਸਫ਼ਲਤਾ ਮਿਲੀ ਕਿ ਬਾਅਦ ਵਿੱਚ ਗਾਇਕ ਨੂੰ ਮੁੜ ਕੇ ਦੇਖਣਾ ਨਹੀਂ ਪਿਆ। ਗਾਇਕ ਨੇ ਪੰਜਾਬੀ ਸੰਗੀਤ ਜਗਤ ਨੂੰ ਕਾਫੀ ਵੱਖਰੀ ਕਿਸਮ ਦੇ ਗੀਤ ਦਿੱਤੇ ਹਨ, ਜਿੰਨ੍ਹਾਂ ਵਿੱਚ 'ਲਿਬਾਸ', 'ਤੀਜੀ ਸੀਟ', 'ਸ਼ੇਪ ਤੇਰੇ ਲੱਕ' ਦੀ ਵਰਗੇ ਸ਼ੁਮਾਰ ਹਨ।
ਇਹ ਵੀ ਪੜ੍ਹੋ: