ਚੰਡੀਗੜ੍ਹ: ਮਾਲਵਾ ਦੇ ਰਜਵਾੜਾਸ਼ਾਹੀ ਜਿਲ੍ਹੇ ਫਰੀਦਕੋਟ ਨੂੰ ਲੋਕ ਕਲਾਵਾਂ ਨਾਲ ਵਰੋਸਾਈ ਧਰਤੀ ਵਜੋਂ ਵੀ ਜਾਣਿਆ ਜਾਂਦਾ ਹੈ, ਜਿੱਥੋਂ ਨਾਲ ਸੰਬੰਧਿਤ ਕਈ ਸ਼ਖਸੀਅਤਾਂ ਨੇ ਸਿਨੇਮਾ, ਗਾਇਨ ਅਤੇ ਵੱਖ-ਵੱਖ ਕਲਾਵਾਂ ਦੇ ਖੇਤਰ ਵਿੱਚ ਮਾਣਮੱਤੀਆਂ ਪ੍ਰਾਪਤੀਆਂ ਅਪਣੀ ਝੋਲੀ ਪਾਉਣ ਦਾ ਫ਼ਖਰ ਹਾਸਿਲ ਕੀਤਾ ਹੈ ਅਤੇ ਇੰਨਾਂ ਦੀ ਹੀ ਸ਼ਾਨਮੱਤੀ ਲੜੀ ਨੂੰ ਹੁਣ ਹੋਰ ਨਵੇਂ ਅਯਾਮ ਦੇਣ ਵੱਲ ਵੱਧ ਰਿਹਾ ਹੈ, ਇਥੋਂ ਨਾਲ ਹੀ ਵਾਵੁਸਤਾ ਰੱਖਦਾ ਨੌਜਵਾਨ ਗਾਇਕ ਜੈਜ਼ ਸੰਧੂ, ਜੋ ਰਿਲੀਜ਼ ਹੋਣ ਜਾ ਰਹੇ ਅਪਣੇ ਨਵੇਂ ਦੋਗਾਣੇ 'ਬਲੇਰੋ' ਨਾਲ ਪੰਜਾਬੀ ਸੰਗੀਤ ਖੇਤਰ ਵਿੱਚ ਇੱਕ ਹੋਰ ਨਵੀਂ ਪਰਵਾਜ਼ ਵੱਲ ਵਧਣ ਜਾ ਰਿਹਾ ਹੈ, ਜਿਸ ਦਾ ਇਹ ਗਾਣਾ 13 ਫ਼ਰਵਰੀ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮ 'ਤੇ ਜਾਰੀ ਹੋਵੇਗਾ।
'ਜੱਸ ਰਿਕਾਰਡਜ਼' ਦੇ ਸੰਗੀਤਕ ਲੇਬਲ ਅਧੀਨ ਨਿਰਮਾਤਾ ਜਸਵੀਰਪਾਲ ਵੱਲੋਂ ਜਾਰੀ ਕੀਤੇ ਜਾ ਰਹੇ ਇਸ ਗਾਣੇ ਦੇ ਗਾਇਕ ਕੰਪੋਜ਼ਰ ਅਤੇ ਗੀਤਕਾਰ ਜੈਜ਼ ਸੰਧੂ ਖੁਦ ਹਨ, ਜਦਕਿ ਇਸ ਵਿੱਚ ਉਨਾਂ ਦੀ ਸਹਿ ਗਾਇਕਾ ਵਜੋਂ ਆਵਾਜ਼ ਗੁਰਲੇਜ਼ ਅਖ਼ਤਰ ਵੱਲੋਂ ਦਿੱਤੀ ਗਈ ਹੈ ਅਤੇ ਇਸ ਰੋਮਾਂਟਿਕ ਗਾਣੇ ਨੂੰ ਸੰਗੀਤਬੱਧ ਕੀਤਾ ਹੈ ਬੀਟ ਕੋਪ ਨੇ, ਜਿੰਨਾਂ ਅਨੁਸਾਰ ਨੌਜਵਾਨ ਮਨਾਂ ਦੀ ਤਰਜ਼ਮਾਨੀ ਕਰਦਾ ਇਹ ਗਾਣਾ ਬਹੁਤ ਹੀ ਉਮਦਾ ਸੰਗੀਤਕ ਸਾਂਚੇ ਅਧੀਨ ਬੁਣਿਆ ਗਿਆ ਹੈ, ਜੋ ਸੁਣਨ ਵਾਲਿਆਂ ਨੂੰ ਨਿਵੇਕਲੀ ਸੰਗੀਤਕ ਤਰੋਤਾਜ਼ਗੀ ਦਾ ਵੀ ਅਹਿਸਾਸ ਕਰਵਾਵੇਗਾ।
ਸੰਗੀਤਕ ਗਲਿਆਰਿਆਂ 'ਚ ਅਪਣੇ ਵਿਲੱਖਣ ਮੁਹਾਂਦਰੇ ਦੇ ਚੱਲਦਿਆਂ ਵਿੱਚ ਚਰਚਾ ਦਾ ਕੇਂਦਰ ਬਿੰਦੂ ਬਣੇ ਉਕਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬਹੁਤ ਖੂਬਸੂਰਤੀ ਨਾਲ ਸਿਰਜਿਆ ਗਿਆ ਹੈ, ਜਿਸ ਨੂੰ ਨਿਰਦੇਸ਼ਿਤ ਕੀਤਾ ਹੈ ਸੁਮਿਤ ਬੰਥ ਨੇ ਅਤੇ ਇਸਨੂੰ ਮਨਮੋਹਕ ਰੂਪ ਦੇਣ ਵਿੱਚ ਕੈਮਰਾਮੈਨ ਅਰਸ਼ਦੀਪ ਸਿੰਘ ਅਤੇ ਮਾਡਲ-ਅਦਾਕਾਰਾ ਗੀਤ ਗੋਰਾਇਆ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ।
ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਏ ਗਏ ਉਕਤ ਗਾਣੇ ਦੇ ਨਿਰਮਾਤਾ ਜਸਵੀਰਪਾਲ ਅਤੇ ਜਗਜੀਤ ਪਾਲ, ਪ੍ਰੋਡੋਕਸ਼ਨਕਾਰ ਬਲਜੀਤ ਸੰਧੂ, ਪ੍ਰੋਜੈਕਟ ਹੈਡ ਵਿਪਨ ਜੋਸ਼ੀ ਹਨ, ਜਿੰਨਾਂ ਦੀ ਟੀਮ ਅਨੁਸਾਰ ਸ਼ਾਨਦਾਰ ਪੱਧਰ 'ਤੇ ਜਾਰੀ ਕੀਤੇ ਜਾ ਰਹੇ ਇਸ ਗਾਣੇ ਵਿੱਚ ਪੰਜਾਬ ਦੇ ਕਈ ਅਸਲ ਅਤੇ ਦੇਸੀ ਰੰਗ ਸਰੋਤਿਆਂ ਅਤੇ ਦਰਸ਼ਕਾਂ ਨੂੰ ਸੁਣਨ ਅਤੇ ਵੇਖਣ ਨੂੰ ਮਿਲਣਗੇ।
ਮੂਲ ਰੂਪ ਵਿੱਚ ਫਰੀਦਕੋਟ ਦੇ ਨੇੜਲੇ ਕਸਬੇ ਗੋਲੇਵਾਲਾ ਅਤੇ ਇੱਥੋਂ ਦੇ ਹੀ ਇੱਕ ਕਿਰਸਾਨ ਪਰਿਵਾਰ ਨਾਲ ਤਾਲੁਕ ਰੱਖਦੇ ਹਨ ਗਾਇਕ ਜੈਜ਼ ਸੰਧੂ, ਜਿੰਨਾਂ ਦੇ ਹੁਣ ਤੱਕ ਦੇ ਗਾਇਨ ਸਫ਼ਰ ਵੱਲ ਝਾਤ ਮਾਰੀਏ ਤਾਂ ਉਨਾਂ ਵੱਲੋਂ ਹਾਲੀਆ ਸਮੇਂ ਦੌਰਾਨ ਸਾਹਮਣੇ ਲਿਆਂਦੇ ਗਾਣਿਆਂ ਨੂੰ ਸਰੋਤਿਆਂ ਅਤੇ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ, ਜਿੰਨਾਂ ਦੇ ਚਰਚਿਤ ਰਹੇ ਗੀਤਾਂ ਵਿੱਚ 'ਫਸਟ ਚੈਪਟਰ', 'ਬੀਕਾਨੇਰ' ਆਦਿ ਸ਼ੁਮਾਰ ਰਹੇ ਹਨ।