ਚੰਡੀਗੜ੍ਹ: ਹਾਲ ਹੀ ਵਿੱਚ ਰਿਲੀਜ਼ ਹੋਏ ਅਤੇ ਅਪਾਰ ਮਕਬੂਲੀਅਤ ਹਾਸਿਲ ਕਰ ਰਹੇ ਗਾਣੇ 'ਫਲਾਈ ਕਰਕੇ' ਨਾਲ ਇੰਨੀਂ ਦਿਨੀਂ ਖਾਸੀ ਚਰਚਾ ਦਾ ਕੇਂਦਰ ਬਿੰਦੂ ਬਣੀ ਹੋਈ ਹੈ ਪ੍ਰਤਿਭਾਵਾਨ ਗਾਇਕਾ ਜੈਸਮੀਨ ਅਖ਼ਤਰ, ਜੋ ਜਲਦ ਹੀ ਸਿਲਵਰ ਸਕ੍ਰੀਨ ਉਪਰ ਵੀ ਅਪਣੀ ਸ਼ਾਨਦਾਰ ਉਪ-ਸਥਿਤੀ ਦਰਜ ਕਰਵਾਉਣ ਜਾ ਰਹੀ ਹੈ, ਜਿੰਨ੍ਹਾਂ ਦੀਆਂ ਇਸ ਦਿਸ਼ਾ ਵਿੱਚ ਆਰੰਭੀਆਂ ਜਾ ਚੁੱਕੀਆਂ ਕੋਸ਼ਿਸ਼ਾਂ ਦਾ ਪ੍ਰਭਾਵੀ ਅਹਿਸਾਸ ਕਰਵਾਉਣ ਜਾ ਰਹੀ ਹੈ ਉਨ੍ਹਾਂ ਦੀ ਬਤੌਰ ਅਦਾਕਾਰਾ ਪਹਿਲੀ ਪੰਜਾਬੀ ਫਿਲਮ 'ਮਧਾਣੀਆਂ', ਜਿਸ ਦੀ ਸ਼ੂਟਿੰਗ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਚੁੱਕੀ ਹੈ।
ਦੁਨੀਆ ਭਰ ਵਿੱਚ ਵਿਲੱਖਣ ਪਹਿਚਾਣ ਅਤੇ ਸਫ਼ਲ ਪਹਿਚਾਣ ਸਥਾਪਿਤ ਕਰ ਚੁੱਕੀ ਗਾਇਕਾ ਗੁਰਲੇਜ਼ ਅਖ਼ਤਰ ਦੀ ਛੋਟੀ ਭੈਣ ਜੈਸਮੀਨ ਅਖ਼ਤਰ ਬਹੁਤ ਥੋੜੇ ਜਿਹੇ ਸਮੇਂ ਵਿੱਚ ਮੋਹਰੀ ਕਤਾਰ ਗਾਇਕਾਵਾਂ 'ਚ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੀ ਹੈ, ਜਿਸ ਦੀ ਇਸ ਗੱਲੋਂ ਵੀ ਸ਼ਲਾਘਾ ਕੀਤੀ ਜਾਣੀ ਬਣਦੀ ਹੈ ਕਿ ਕਾਮਯਾਬੀ ਹਾਸਿਲ ਕਰਨ ਲਈ ਉਨ੍ਹਾਂ ਅਪਣੇ ਨਿੱਜੀ ਰਿਸ਼ਤਿਆਂ ਨੂੰ ਅਧਾਰ ਕਦੇ ਨਹੀਂ ਬਣਾਇਆ ਅਤੇ ਅਪਣੇ ਦਮ ਉਤੇ ਸਫਲਤਾਵਾਂ ਝੋਲੀ ਪਾਉਣ ਦਾ ਮਾਣ ਹਾਸਿਲ ਕਰ ਲਿਆ ਹੈ।
ਪੰਜਾਬੀ ਗਾਇਕੀ ਨਾਲ ਜੁੜੇ ਕਈ ਸਿਰਮੌਰ ਗਾਇਕਾ ਨਾਲ ਕਲੋਬਰੇਸ਼ਨ ਕਰ ਚੁੱਕੀ ਇਸ ਹੋਣਹਾਰ ਗਾਇਕਾ ਦੀ ਵੱਖ-ਵੱਖ ਗਾਣਿਆਂ ਵਿੱਚ ਕੀਤੀ ਫੀਚਰਿੰਗ ਨੂੰ ਵੀ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ, ਜਿਸ ਨਾਲ ਉਤਸ਼ਾਹਿਤ ਹੋਈ ਇਹ ਬਾਕਮਾਲ ਗਾਇਕਾ ਹੁਣ ਅਦਾਕਾਰਾ ਦੇ ਰੂਪ ਵਿੱਚ ਵੀ ਅਪਣੇ ਅਧਾਰ ਦਾਇਰੇ ਨੂੰ ਹੋਰ ਵਿਸ਼ਾਲਤਾ ਦੇਣ ਵਿੱਚ ਜੁਟ ਚੁੱਕੀ ਹੈ, ਜੋ ਸੈੱਟ ਉਤੇ ਪੁੱਜ ਚੁੱਕੀ ਉਕਤ ਫਿਲਮ ਵਿੱਚ ਦੇਵ ਖਰੌੜ, ਨੀਰੂ ਬਾਜਵਾ, ਨਵ ਬਾਜਵਾ ਅਤੇ ਹੋਰ ਕਈ ਮੰਨੇ-ਪ੍ਰਮੰਨੇ ਕਲਾਕਾਰਾਂ ਨਾਲ ਲੀਡਿੰਗ ਕਿਰਦਾਰ ਵਿੱਚ ਨਜ਼ਰੀ ਪਵੇਗੀ, ਜਿੰਨ੍ਹਾਂ ਵੱਲੋਂ ਅਪਣੇ ਹਿੱਸੇ ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਓਧਰ ਜੇਕਰ ਗਾਇਕੀ ਫ੍ਰੰਟ ਨਾਲ ਜੁੜੀਆਂ ਉਨ੍ਹਾਂ ਦੀ ਅਗਾਮੀ ਗਤੀਵਿਧੀਆਂ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਵਿੱਚ ਕਈ ਦੋਗਾਣਿਆਂ ਨਾਲ ਮੁੜ ਸੰਗੀਤਕ ਪਿੜ ਵਿੱਚ ਧਮਾਲਾਂ ਪਾਉਣ ਜਾ ਰਹੀ ਹੈ ਇਹ ਬਾਕਮਾਲ ਗਾਇਕਾ, ਜਿੰਨ੍ਹਾਂ ਵੱਲੋਂ ਅਪਣੇ ਕਈ ਨਵੇਂ ਗਾਣਿਆਂ ਦੀ ਰਿਕਾਰਡਿੰਗ ਪ੍ਰਕਿਰਿਆ ਮੁਕੰਮਲ ਕਰ ਲਈ ਗਈ ਹੈ।
ਇਹ ਵੀ ਪੜ੍ਹੋ: