ਚੰਡੀਗੜ੍ਹ: ਬਾਲੀਵੁੱਡ ਵਿੱਚ ਬਹੁਤ ਤੇਜ਼ੀ ਨਾਲ ਆਪਣਾ ਆਧਾਰ ਦਾਇਰਾ ਵਿਸ਼ਾਲ ਕਰਦੇ ਜਾ ਰਹੇ ਹਨ ਪੰਜਾਬ ਮੂਲ ਐਕਟਰ ਸਵਿੰਦਰਪਾਲ ਵਿੱਕੀ, ਜਿੰਨ੍ਹਾਂ ਵੱਲੋਂ ਰਿਲੀਜ਼ ਹੋਈ ਨਵੀਂ ਹਿੰਦੀ ਫਿਲਮ 'ਭਈਆ ਜੀ' ਵਿੱਚ ਨਿਭਾਈ ਮੇਨ ਨੈਗੇਟਿਵ ਭੂਮਿਕਾ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਪੰਜਾਬੀ ਤੋਂ ਬਾਅਦ ਹਿੰਦੀ ਸਿਨੇਮਾ ਦਾ ਵੀ ਚਰਚਿਤ ਚਿਹਰਾ ਬਣਦੇ ਜਾ ਰਹੇ ਇਸ ਬਾਕਮਾਲ ਅਦਾਕਾਰ ਨੂੰ ਇਸ ਫਿਲਮ ਵਿਚਲੇ ਰੋਲ ਨੂੰ ਸ਼ਾਨਦਾਰ ਰੂਪ ਦੇਣ ਲਈ ਚਾਰੇ-ਪਾਸੇ ਭਰਵੀਂ ਪ੍ਰਸ਼ੰਸਾ ਮਿਲ ਰਹੀ ਹੈ। ਉਕਤ ਫਿਲਮ ਦਾ ਨਿਰਦੇਸ਼ਨ ਅਪੂਰਵਾ ਸਿੰਘ ਕਾਰਕੀ ਦੁਆਰਾ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਉੱਤਰ ਪ੍ਰਦੇਸ਼ ਦੇ ਰਾਜਨੀਤੀਕ ਬੈਕਡਰਾਪ ਉਪਰ ਕੇਂਦਰਿਤ ਕੀਤੀ ਗਈ ਇਸ ਥ੍ਰਿਲਰ ਭਰਪੂਰ ਫਿਲਮ ਵਿੱਚ ਮਨੋਜ ਬਾਜਪਾਈ ਵੱਲੋਂ ਲੀਡ ਅਤੇ ਟਾਈਟਲ ਭੂਮਿਕਾ ਨਿਭਾਈ ਗਈ ਹੈ, ਜਿੰਨ੍ਹਾਂ ਤੋਂ ਇਲਾਵਾ ਸਵਿੰਦਰਪਾਲ ਵਿੱਕੀ, ਵਿਪਿਨ ਸ਼ਰਮਾ, ਜਤਿਨ ਗੋਸਵਾਮੀ, ਜ਼ੋਇਆ ਹੁਸੈਨ ਦੁਆਰਾ ਵੀ ਮਹੱਤਵਪੂਰਨ ਰੋਲ ਅਦਾ ਕੀਤੇ ਗਏ ਹਨ।
ਬਾਲੀਵੁੱਡ ਗਲਿਆਰਿਆਂ ਵਿੱਚ ਚਰਚਾ ਦਾ ਕੇਂਦਰ ਬਣੀ ਇਸ ਫਿਲਮ ਨੂੰ ਬਾਕਸ ਆਫਿਸ ਉਤੇ ਸ਼ਾਨਦਾਰ ਓਪਨਿੰਗ ਮਿਲੀ ਹੈ, ਜਿਸ ਵਿੱਚ ਸਵਿੰਦਰਪਾਲ ਵਿੱਕੀ ਨੇ ਦਿੱਗਜ ਐਕਟਰਜ਼ ਦੀ ਮੌਜੂਦਗੀ ਦੇ ਬਾਵਜੂਦ ਅਪਣੇ ਪ੍ਰਭਾਵੀ ਵਜੂਦ ਦਾ ਇਜ਼ਹਾਰ ਕਰਵਾਉਣ ਵਿੱਚ ਬਾਖੂਬੀ ਸਫਲਤਾ ਹਾਸਿਲ ਕੀਤੀ ਹੈ।
ਪਾਲੀਵੁੱਡ ਵਿੱਚ ਛੋਟੀਆਂ-ਛੋਟੀਆਂ ਭੂਮਿਕਾਵਾਂ ਤੱਕ ਸੀਮਿਤ ਕੀਤੇ ਜਾਂਦੇ ਰਹੇ ਇਸ ਹੋਣਹਾਰ ਅਦਾਕਾਰ ਦੀ ਇਸ ਗੱਲੋਂ ਵੀ ਤਾਰੀਫ਼ ਕੀਤੀ ਜਾਣੀ ਬਣਦੀ ਹੈ ਕਿ ਉਨ੍ਹਾਂ ਨੇ ਸਮੇਂ ਦਰ ਸਮੇਂ ਮਿਲੇ ਨਿੱਕੇ-ਨਿੱਕੇ ਰੋਲਜ਼ ਨੂੰ ਵੀ ਆਪਣੇ ਉਮਦਾ ਅਭਿਨੈ ਨਾਲ ਯਾਦਗਾਰੀ ਬਣਾਉਣ ਵਿੱਚ ਕਦੇ ਕੋਈ ਕੋਰ ਕਸਰ ਬਾਕੀ ਨਹੀਂ ਛੱਡੀ ਅਤੇ ਇਸੇ ਦੇ ਸਿਲੇ ਵਜੋਂ ਹੀ ਬਾਲੀਵੁੱਡ ਅੱਜ ਉਨ੍ਹਾਂ ਨੂੰ ਹੱਥੀ ਛਾਵਾਂ ਕਰ ਰਿਹਾ ਹੈ, ਜਿਸ ਦਾ ਭਲੀਭਾਂਤ ਪ੍ਰਗਟਾਵਾ ਕਰਵਾ ਰਹੀਆਂ ਹਨ, ਉਨ੍ਹਾਂ ਨੂੰ ਲਗਾਤਾਰ ਮਿਲ ਰਹੀਆਂ ਵੱਡੀਆਂ ਅਤੇ ਮਲਟੀ-ਸਟਾਰਰ ਫਿਲਮਾਂ, ਜਿਸ ਵਿੱਚ ਉਨ੍ਹਾਂ ਨੂੰ ਬੇਹੱਦ ਪ੍ਰਭਾਵਸਾਲੀ ਰੋਲਜ਼ ਦਾ ਹਿੱਸਾ ਬਣਾਇਆ ਜਾ ਰਿਹਾ ਹੈ।
- ਅਨੰਤ-ਰਾਧਿਕਾ ਦਾ ਪ੍ਰੀ-ਵੈਡਿੰਗ ਫੰਕਸ਼ਨ, ਰਣਬੀਰ-ਆਲੀਆ ਅਤੇ ਧੋਨੀ ਸਮੇਤ ਇਹ ਹਸਤੀਆਂ ਇਟਲੀ ਲਈ ਰਵਾਨਾ - Anant Radhika Pre Wedding Bash
- KKR ਦੀ ਜਿੱਤ ਤੋਂ ਬਾਅਦ ਇਮੋਸ਼ਨਲ ਹੋਇਆ 'ਬਾਦਸ਼ਾਹ' ਦਾ ਪਰਿਵਾਰ, ਨਹੀਂ ਰੁਕੇ ਪਿਉ-ਧੀ ਦੇ ਹੰਝੂ - IPL 2024 KKR Champion
- ਇਸ ਫਿਲਮ ਨਾਲ ਮੁੜ ਚਰਚਾ 'ਚ ਆਈ ਅਦਾਕਾਰਾ ਰਾਜਵੀਰ ਕੌਰ, ਅਹਿਮ ਭੂਮਿਕਾ 'ਚ ਆਵੇਗੀ ਨਜ਼ਰ - Rode College
ਹਾਲੀਆਂ ਸਮੇਂ ਦੌਰਾਨ ਨੈੱਟਫਲਿਕਸ ਦੀ ਬਹੁ-ਚਰਚਿਤ ਸੀਰੀਜ਼ 'ਕੋਹਰਾ', ਦਿਲਜੀਤ ਦੁਸਾਂਝ, ਅਰਜੁਨ ਰਾਮਪਾਲ ਸਟਾਰਰ 'ਪੰਜਾਬ 95' ਤੋਂ ਇਲਾਵਾ ਰਣਦੀਪ ਹੁੱਡਾ ਨਾਲ 'ਕੈਟ' ਜਿਹੀ ਬਿਹਤਰੀਨ ਵੈਬ ਸੀਰੀਜ਼ ਦਾ ਵੀ ਸ਼ਾਨਦਾਰ ਹਿੱਸਾ ਰਹੇ ਹਨ ਇਹ ਬਿਹਤਰੀਨ ਐਕਟਰ, ਜੋ ਹਿੰਦੀ ਸਿਨੇਮਾ ਖੇਤਰ ਪੜਾਅ ਦਰ ਪੜਾਅ ਅਪਣੀਆਂ ਪੈੜਾਂ ਹੋਰ ਮਜ਼ਬੂਤ ਕਰਦੇ ਜਾ ਰਹੇ ਹਨ।
ਅੰਤਰਰਾਸ਼ਟਰੀ ਫਿਲਮ ਸਾਮਰੋਹਾਂ ਵਿੱਚ ਸਰਾਹੀ ਗਈ ਪੰਜਾਬੀ ਫਿਲਮ 'ਚੌਥੀ ਕੂਟ' ਤੋਂ ਇਲਾਵਾ ਕਈ ਅਹਿਮ ਪੰਜਾਬੀ ਫਿਲਮਾਂ ਦਾ ਹਿੱਸਾ ਰਹੇ ਇਹ ਪ੍ਰਤਿਭਾਸ਼ਾਲੀ ਐਕਟਰ ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਵੱਡੀਆਂ ਹਿੰਦੀ ਫਿਲਮਾਂ ਅਤੇ ਵੈੱਬ ਸੀਰੀਜ਼ ਦਾ ਵੀ ਹਿੱਸਾ ਬਣਨ ਜਾ ਰਹੇ ਹਨ।