ਚੰਡੀਗੜ੍ਹ: ਸੁਫ਼ਨੇ ਤਾਂ ਹਰ ਕੋਈ ਵੇਖਦਾ ਹੈ, ਪਰ ਇੰਨ੍ਹਾਂ ਨੂੰ ਤਾਬੀਰ ਦੇ ਪਾਉਣ ਦਾ ਹੌਂਸਲਾ ਉਹੀ ਕਰ ਵਿਖਾਉਂਦਾ ਹੈ, ਜੋ ਦ੍ਰਿੜ੍ਹ ਇਰਾਦਿਆਂ ਨਾਲ ਆਪਣੀ ਮੰਜ਼ਿਲ ਵੱਲ ਲਗਾਤਾਰ ਵੱਧਦਾ ਰਹਿੰਦਾ ਹੈ ਅਤੇ ਕੁਝ ਅਜਿਹੇ ਹੀ ਜੁਝਾਰੂ ਜਜ਼ਬੇ ਰੱਖਣ ਵਾਲਿਆਂ ਵਿੱਚੋ ਇੱਕ ਨਵੀਂ ਉਦਾਹਰਣ ਬਣ ਕੇ ਸਾਹਮਣੇ ਆਇਆ ਹੈ ਹੋਣਹਾਰ ਗਾਇਕ ਸੱਬਾ ਮਰਾੜ, ਜਿਸ ਦਾ ਗਾਣਾ 'ਫ਼ਲਾਈ ਕਰਕੇ' ਇੰਨੀਂ ਦਿਨੀਂ ਸੰਗੀਤਕ ਗਲਿਆਰਿਆਂ ਵਿੱਚ ਖਾਸੀ ਧੱਕ ਪਾ ਰਿਹਾ ਹੈ।
'ਸਪੀਡ ਰਿਕਾਰਡਸ ਕੰਪਨੀ' ਵੱਲੋਂ ਵੱਡੇ ਪੱਧਰ ਉਪਰ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਗਏ ਉਕਤ ਟਰੈਕ ਨੇ ਕੁਝ ਹੀ ਦਿਨਾਂ ਵਿੱਚ ਚਾਰ ਮਿਲੀਅਨ ਤੋਂ ਵੀ ਵੱਧ ਵਿਊਅਰਸ਼ਿਪ ਹਾਸਿਲ ਕਰਨ ਦਾ ਮਾਣ ਆਪਣੀ ਝੋਲੀ ਪਾ ਲਿਆ ਹੈ, ਜਿਸ ਵਿੱਚ ਸੱਬਾ ਮਰਾੜ ਨਾਲ ਸਹਿ ਗਾਇਕਾ ਦੇ ਤੌਰ ਉਤੇ ਜੈਸਮੀਨ ਅਖ਼ਤਰ ਵੱਲੋਂ ਆਪਣੀ ਆਵਾਜ਼ ਦਿੱਤੀ ਗਈ ਹੈ, ਜਿਸ ਦੇ ਕਰੀਅਰ ਨੂੰ ਗਤੀ ਅਤੇ ਉਹ ਸ਼ਾਨਦਾਰ ਮੁਕਾਮ ਦੇਣ ਵਿੱਚ ਉਕਤ ਗਾਣੇ ਨੇ ਅਹਿਮ ਭੂਮਿਕਾ ਨਿਭਾਈ ਹੈ, ਜਿਸ ਦੀ ਤਾਂਘ ਇਹ ਚਰਚਿਤ ਗਾਇਕਾ ਪਿਛਲੇ ਲੰਮੇਂ ਸਮੇਂ ਤੋਂ ਕਰ ਰਹੀ ਸੀ।
ਦੁਨੀਆਂ ਭਰ ਵਿੱਚ ਪਸੰਦ ਕੀਤੇ ਜਾ ਰਹੇ ਅਤੇ ਟੌਪ ਸੰਗੀਤਕ ਚਾਰਟਾਂ ਉਤੇ ਛਾਏ ਉਕਤ ਗਾਣੇ ਦੇ ਕੰਪੋਜ਼ਰ ਅਤੇ ਗੀਤਕਾਰ ਵੀ ਸੱਬਾ ਮਰਾੜ ਖੁਦ ਹਨ, ਜਿੰਨ੍ਹਾਂ ਦੀ ਗਾਇਕੀ ਨੂੰ ਨਵੇਂ ਅਯਾਮ ਦੇਣ ਵਿੱਚ ਵੀ ਇਹ ਗਾਣਾ ਕਾਫ਼ੀ ਸਹਾਈ ਸਾਬਿਤ ਹੋ ਰਿਹਾ ਹੈ, ਜਿਸ ਦੀ ਅਪਾਰ ਮਕਬੂਲੀਅਤ ਨੇ ਉਸ ਨੂੰ ਮੋਹਰੀ ਕਤਾਰ ਗਾਇਕਾ ਵਿੱਚ ਲਿਆ ਖੜਾ ਕੀਤਾ ਹੈ।
ਬੇਹੱਦ ਸੰਘਰਸ਼ ਭਰਿਆ ਰਿਹਾ ਹੈ ਇਸ ਮਾਣਮੱਤੇ ਗਾਇਕ ਦਾ ਸਫ਼ਰ: ਮਾਲਵੇ ਦੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅਧੀਨ ਆਉਂਦੇ ਨਿੱਕੇ ਜਿਹੇ ਪਿੰਡ ਮਰਾੜ ਕਲਾਂ ਵਾਲਾ ਵਿਖੇ ਇੱਕ ਗਰੀਬ ਪਰਿਵਾਰ ਵਿੱਚ ਜਨਮਿਆ ਸੱਬਾ ਉਰਫ਼ ਸਤਪਾਲ ਸਿੰਘ, ਜਿਸ ਦੇ ਪਿਤਾ ਕੰਬਾਈਨ ਡਰਾਈਵਰ ਹਨ ਅਤੇ ਮਾਤਾ ਘਰੇਲੂ ਮਹਿਲਾ।
ਬਚਪਨ ਤੋਂ ਹੀ ਗਾਉਣ ਦੇ ਸ਼ੌਕੀਨ ਰਹੇ ਇਸ ਪ੍ਰਤਿਭਾਵਾਨ ਨੌਜਵਾਨ ਦਾ ਹੁਣ ਤੱਕ ਦਾ ਜਿਆਦਾਤਰ ਜੀਵਨ ਨਾਨਕੇ ਪਿੰਡ ਗੋਲੇਵਾਲਾ (ਜ਼ਿਲ੍ਹਾ ਫ਼ਰੀਦਕੋਟ) ਵਿਖੇ ਬੀਤਿਆ, ਜਿੱਥੋਂ ਦੇ ਹੀ ਸਰਕਾਰੀ ਸਕੂਲ ਵਿੱਚ ਉਸਨੇ ਅਪਣੀ ਪੜ੍ਹਾਈ ਪੂਰੀ ਕੀਤੀ ਅਤੇ ਇੱਥੋਂ ਹੀ ਉਸ ਦੇ ਗਾਇਕੀ ਸੁਫਨਿਆਂ ਨੂੰ ਉਹ ਪਰਵਾਜ਼ ਮਿਲੀ, ਜਿਸ ਦੀ ਆਸ ਉਹ ਹਮੇਸ਼ਾ ਕਰਦਾ ਰਹਿੰਦਾ ਸੀ।
ਪਰਿਵਾਰ ਦੀ ਨਹੀਂ ਰਹੀ ਸੀ ਕਦੇ ਗਾਇਕ ਬਣਾਉਣ ਦੀ ਇੱਛਾ: ਸਕੂਲ ਵਿੱਚ ਹੋਣ ਵਾਲੀਆਂ ਬਾਲ ਸਭਾਵਾਂ ਅਤੇ ਪ੍ਰੋਗਰਾਮ ਵਿੱਚ ਗਾਇਕ ਦੇ ਤੌਰ ਉਤੇ ਹਮੇਸ਼ਾ ਵੱਧ ਚੜ੍ਹ ਕੇ ਸ਼ਮੂਲੀਅਤ ਦਰਜ ਕਰਵਾਉਣ ਵਾਲੇ ਗਾਇਕ ਸੱਬਾ ਦੇ ਮਾਪੇ ਉਸ ਨੂੰ ਫੌਜ ਜਾਂ ਪੁਲਿਸ ਵਿੱਚ ਭਰਤੀ ਹੋਇਆ ਵੇਖਣਾ ਚਾਹੁੰਦੇ ਸਨ, ਪਰ ਉਸ ਦੀ ਨਾਨੀ ਉਸ ਦੀ ਗਾਇਕੀ ਕਲਾ ਵਿੱਚ ਕਾਫ਼ੀ ਰੁਚੀ ਰੱਖਦੀ ਸੀ, ਜੋ ਉਸ ਨੂੰ ਇਸ ਦਿਸ਼ਾ ਵਿੱਚ ਸੰਘਰਸ਼ਸ਼ੀਲ ਰਹਿਣ ਲਈ ਪ੍ਰੇਰਿਤ ਵੀ ਕਰਦੀ ਰਹਿੰਦੀ ਸੀ, ਹਾਲਾਂਕਿ ਅੱਜ ਉਸ ਦੇ ਜਹਾਨੋਂ ਤੁਰ ਜਾਣ ਦਾ ਕਾਫ਼ੀ ਮਲਾਲ ਕਰਦਾ ਹੈ ਇਹ ਗਾਇਕ, ਜਿਸ ਅਨੁਸਾਰ ਅੱਜ ਉਹ ਨਾਲ ਹੁੰਦੀ ਤਾਂ ਉਸ ਉਤੇ ਕਾਫ਼ੀ ਮਾਣ ਮਹਿਸੂਸ ਕਰਦੀ।
ਆਖਰ ਇੰਝ ਲੱਗਿਆ ਸੁਫ਼ਨਿਆਂ ਨੂੰ ਬੂਰ: ਪਰਿਵਾਰ ਦਾ ਸਹਾਰਾ ਬਣਨ ਲਈ ਮਿਹਨਤ ਮਜ਼ਦੂਰੀ ਕਰ ਰਿਹਾ ਸੱਬਾ ਮਰਾੜ ਇੱਕ ਦਿਨ ਕਿਸੇ ਦੀ ਕਾਰ ਨੂੰ ਧੋ ਰਿਹਾ ਸੀ ਤਾਂ ਅਚਾਨਕ ਕਾਰ ਮਾਲਿਕ ਨੇ ਉਸਦੀ ਮਨ ਨੂੰ ਮੋਹ ਲੈਣ ਵਾਲੇ ਬੋਲ ਸੁਣੇ ਅਤੇ ਉਹ ਇਸ ਸ਼ਾਨਦਾਰ ਗਾਇਕ ਦੀ ਕਲਾ ਤੋਂ ਅਜਿਹਾ ਪ੍ਰਭਾਵਿਤ ਹੋਇਆ ਕਿ ਉਸਨੇ ਸੱਬਾ ਮਰਾੜ ਦਾ ਗਾਣਾ ਰਿਕਾਰਡ ਕਰਵਾਉਣ ਦਾ ਝੱਟ ਫੈਸਲਾ ਲੈ ਲਿਆ। ਸੋ ਇਸ ਅਜੀਬ ਇਤਫ਼ਾਕ ਨਾਲ ਉਸ ਦੀ ਜ਼ਿੰਦਗੀ ਅਤੇ ਗਾਇਕੀ ਕਰੀਅਰ ਨੇ ਅਜਿਹੀ ਰਫ਼ਤਾਰ ਫੜੀ ਕਿ ਉਸ ਨੇ ਫਿਰ ਪਿੱਛੇ ਮੁੜ ਕੇ ਨਹੀਂ ਵੇਖਿਆ।
ਇਹ ਵੀ ਪੜ੍ਹੋ: