ਚੰਡੀਗੜ੍ਹ: ਪੰਜਾਬੀ ਸੰਗੀਤ ਅਤੇ ਸਟੇਜ ਦੀ ਦੁਨੀਆਂ ਵਿੱਚ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਗਾਇਕ ਅਤੇ ਪ੍ਰੋਫਾਰਮਰ ਰਾਜਾ ਸੱਗੂ, ਜੋ ਆਪਣਾ ਨਵਾਂ ਗਾਣਾ 'ਕਾਲੀ ਗੱਡੀ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਦੀ ਸੁਰੀਲੀ ਅਵਾਜ਼ ਵਿੱਚ ਸਜਿਆ ਇਹ ਬੀਟ ਗੀਤ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਦੀ ਸ਼ਾਨ ਬਣਨ ਜਾ ਰਿਹਾ ਹੈ।
"ਯੂਅਰਜ ਰਾਜਾ ਸੱਗੂ ਸੰਗੀਤਕ" ਲੇਬਲ ਅਧੀਨ ਸੰਗੀਤ ਮਾਰਕੀਟ ਵਿੱਚ ਪੇਸ਼ ਕੀਤੇ ਜਾ ਰਹੇ ਇਸ ਗਾਣੇ ਨੂੰ 01 ਅਗਸਤ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ, ਜਿਸ ਦਾ ਸੰਗੀਤਕ ਵੀਡੀਓ ਵੀ ਕਾਫ਼ੀ ਵੱਡੇ ਪੱਧਰ ਉੱਪਰ ਫਿਲਮਾਇਆ ਗਿਆ ਹੈ।
ਹਾਲ ਹੀ ਵਿੱਚ ਜਾਰੀ ਹੋਏ ਆਪਣੇ ਹਿੰਦੀ ਗਾਣੇ 'ਕੈਸੇ ਹੁਆ' ਨੂੰ ਲੈ ਕੇ ਵੀ ਸੰਗੀਤਕ ਗਲਿਆਰਿਆਂ ਵਿੱਚ ਖਾਸੀ ਚਰਚਾ ਅਤੇ ਸਲਾਹੁਤਾ ਹਾਸਿਲ ਕਰ ਚੁੱਕੇ ਹਨ ਗਾਇਕ ਰਾਜਾ ਸੱਗੂ, ਜੋ ਇੰਨੀਂ ਦਿਨੀਂ ਸੰਗੀਤ ਜਗਤ ਵਿੱਚ ਕਾਫ਼ੀ ਸਰਗਰਮ ਅਤੇ ਮਸ਼ਰੂਫ ਨਜ਼ਰੀ ਆ ਰਹੇ ਹਨ।
'ਟਿਕਟ ਟੂ ਬਾਲੀਵੁੱਡ' ਨਾਲ ਬਤੌਰ ਲੀਡ ਐਕਟਰ ਹਿੰਦੀ ਸਿਨੇਮਾ ਵਿੱਚ ਵੀ ਆਪਣੀ ਅਪਣੀ ਸ਼ਾਨਦਾਰ ਮੌਜੂਦਗੀ ਦਰਜ ਕਰਵਾ ਚੁੱਕੇ ਹਨ ਗਾਇਕ-ਅਦਾਕਾਰ ਅਤੇ ਪ੍ਰੋਫਾਰਮਰ ਰਾਜਾ ਸੱਗੂ, ਜੋ ਸਟਾਰ ਪਲੱਸ ਦੇ ਪਾਪੂਲਰ ਰਿਐਲਟੀ ਸ਼ੋਅ ਹੈਲੋ ਕੋਣ, ਪਹਿਚਾਣ ਕੋਣ ਦੇ ਵਿਜੇਤਾ ਦਾ ਖਿਤਾਬ ਵੀ ਅਪਣੀ ਝੋਲੀ ਪਾ ਚੁੱਕੇ ਹਨ, ਜਿਸ ਤੋਂ ਇਲਾਵਾ ਸਲਮਾਨ ਖਾਨ ਦੇ ਸੁਪ੍ਰਸਿੱਧ ਟੌਕ ਸ਼ੋਅ ਦਸ ਕਾ ਦਮ ਵਿੱਚ ਵੀ ਉਨ੍ਹਾਂ ਦੀ ਉਪ-ਸਥਿਤੀ ਨੂੰ ਦਰਸ਼ਕਾਂ ਅਤੇ ਸ਼ੋਅ ਦੇ ਹੋਸਟ ਸਲਮਾਨ ਖਾਨ ਅਤੇ ਸੰਜੇ ਦੱਤ ਵੱਲੋਂ ਕਾਫ਼ੀ ਸਰਾਹਿਆ ਗਿਆ ਹੈ।
ਸੁਰਾਂ ਦੀ ਮਾਲਿਕਾ ਮੰਨੀ ਜਾਂਦੇ ਰਹੀ ਮਰਹੂਮ ਲਤਾ ਮੰਗੇਸ਼ਕਰ ਤੋਂ ਲੈ ਕੇ ਧਰਮਿੰਦਰ, ਆਮਿਰ ਖਾਨ, ਨਾਨਾ ਪਾਟੇਕਰ, ਸਲਮਾਨ ਖਾਨ, ਸੈਫ ਅਲੀ ਖਾਨ ਸਮੇਤ ਬੇਸ਼ੁਮਾਰ ਬਾਲੀਵੁੱਡ ਸਖ਼ਸ਼ੀਅਤਾਂ ਦੀ ਸਫਲਤਾਪੂਰਵਕ ਮਿਮਕਰੀ ਕਰ ਚੁੱਕੇ ਰਾਜਾ ਸੱਗੂ ਅੱਜਕੱਲ੍ਹ ਗਾਇਕੀ ਨੂੰ ਤਰਜ਼ੀਹ ਦਿੰਦੇ ਵਿਖਾਈ ਦੇ ਰਹੇ ਹਨ, ਜਿਸ ਦਾ ਇਜ਼ਹਾਰ ਬੈਕ-ਟੂ-ਬੈਕ ਸਾਹਮਣੇ ਆ ਰਹੇ ਉਨ੍ਹਾਂ ਦੇ ਟ੍ਰੈਕ ਭਲੀਭਾਂਤ ਕਰਵਾ ਰਹੇ ਹਨ।