ਚੰਡੀਗੜ੍ਹ: ਦਿਲ ਲੂਮੀਨਾਟੀ ਟੂਰ ਨੂੰ ਲੈ ਦੁਨੀਆ ਭਰ ਵਿੱਚ ਚਰਚਾ, ਸਫ਼ਲਤਾ ਅਤੇ ਸਲਾਹੁਤਾ ਹਾਸਿਲ ਕਰ ਰਹੇ ਦਿਲਜੀਤ ਦੁਸਾਂਝ ਨੂੰ ਚੰਡੀਗੜ੍ਹ ਸ਼ਰਤਾਂ ਅਧੀਨ ਸ਼ੋਅ ਕਰਨਾ ਰਾਸ ਨਹੀਂ ਆਇਆ ਅਤੇ ਇਸੇ ਮੱਦੇਨਜ਼ਰ ਉਨ੍ਹਾਂ ਵੱਲੋਂ ਇਧਰਲੇ ਪਾਸੇ ਕੰਸਰਟ ਨਾ ਕਰਨ ਦੇ ਲਏ ਫੈਸਲੇ ਨੇ ਗਾਇਕੀ ਸ਼ੋਅ ਫੀਲਡ ਵਿਚਲੀਆਂ ਪ੍ਰਸਾਸ਼ਨਿਕ ਕਮੀਆਂ ਨੂੰ ਵੀ ਭਲੀਭਾਂਤ ਉਜਾਗਰ ਕਰ ਦਿੱਤਾ ਹੈ, ਜਿਸ ਦੇ ਚੱਲਦਿਆਂ ਬਦਲ ਰਹੀ ਇੰਨ੍ਹਾਂ ਕੰਸਰਟ ਦ੍ਰਿਸ਼ਾਂਵਲੀ ਨੂੰ ਭਾਂਪਦਿਆਂ ਇੰਟਰਨੈਸ਼ਨਲ ਗਾਇਕ ਟ੍ਰਾਈਸਿਟੀ 'ਚ ਸ਼ੋਅਜ ਕਰਨ ਤੋਂ ਦੂਰੀ ਬਣਾਉਂਦੇ ਨਜ਼ਰੀ ਆਉਣ ਲੱਗੇ ਹਨ।
ਉਕਤ ਸੰਬੰਧਤ ਸ਼ੋਅਜ਼ ਕਰਵਾਉਣ ਵਾਲੀਆਂ ਕੁਝ ਪ੍ਰਬੰਧਨ ਟੀਮਾਂ ਦੇ ਸਾਹਮਣੇ ਆਈ ਪ੍ਰਤੀਕਿਰਿਆਵਾਂ ਅਨੁਸਾਰ ਕੰਸਰਟ ਲਈ ਐਨਓਸੀ ਅਤੇ ਅਗਾਊਂ ਮਨਜ਼ੂਰੀ ਆਦਿ ਦੇਣ ਲਈ ਬਹੁਤੇ ਵਿਭਾਗ ਕਥਿਤ ਰੂਪ ਵਿੱਚ ਪਰਮਿਟ ਜਾਰੀ ਕਰਨ ਦੀ ਆਖ਼ਰੀ ਤਰੀਕ ਤੱਕ ਉਨ੍ਹਾਂ ਨੂੰ ਲਟਕਾਂਉਦੇ ਰਹਿੰਦੇ ਹਨ ਤਾਂ ਜੋ ਜਿਆਦਾ ਤੋਂ ਜਿਆਦਾ ਮੁਫ਼ਤ ਪਾਸ ਦਿਵਾਉਣ ਲਈ ਜ਼ੋਰ ਪਾਇਆ ਜਾ ਸਕੇ।
ਇਸੇ ਅਧੀਨ ਇਹ ਵੀ ਜਾਣਕਾਰੀ ਭਰੋਸੇਯੋਗ ਸੂਤਰਾਂ ਤੋਂ ਸਾਹਮਣੇ ਆਈ ਹੈ ਕਿ ਦਿਲਜੀਤ ਦੁਸਾਂਝ ਦੇ ਉਕਤ ਸ਼ੋਅ ਲਈ ਪੰਜ ਹਜ਼ਾਰ ਪਾਸ ਦੀ ਮੰਗ ਸੰਬੰਧਤ ਪ੍ਰਬੰਧਨ ਟੀਮ ਪਾਸੋਂ ਕੀਤੀ ਗਈ। ਇਸ ਤੋਂ ਇਲਾਵਾ ਪ੍ਰਸਾਸ਼ਨਿਕ ਅਧਿਕਾਰੀਆਂ ਅਤੇ ਸੁਰੱਖਿਆ ਅਮਲੇ ਵੱਲੋਂ ਵੀ ਕਥਿਤ ਤੌਰ ਉਤੇ ਅਪਣੇ ਚਹੇਤਿਆਂ ਅਤੇ ਪਰਿਵਾਰਿਕ ਮੈਂਬਰਾਂ ਨੂੰ ਬਿਨ੍ਹਾਂ ਟਿਕਟਾਂ ਜਾਂ ਪਾਸਾਂ ਦੇ ਅੰਦਰ ਦਾਖ਼ਲ ਕਰਵਾਇਆ ਗਿਆ, ਜਿਸ ਕਾਰਨ ਵਧੀ ਦਰਸ਼ਕ ਤਾਦਾਦ ਨੇ ਅਸਲ ਰੂਪ ਵਿੱਚ ਮਹਿੰਗੇ ਭਾਅ ਟਿਕਟਾਂ ਲੈਣ ਵਾਲਿਆ ਨੂੰ ਵੀ ਕੰਸਰਟ ਤੋਂ ਵਾਂਝਿਆ ਕਰ ਦਿੱਤਾ, ਜੋ ਬੇਪਨਾਹ ਭੀੜ ਕਾਰਨ ਸ਼ੋਅ ਸਥਲ ਅੰਦਰ ਦਾਖ਼ਲ ਹੀ ਨਹੀਂ ਹੋ ਸਕੇ।
ਓਧਰ ਉਕਤ ਅਧੀਨ ਹੀ ਅਪਣਾ ਨਾਂਅ ਸਾਹਮਣੇ ਨਾਂਅ ਲਿਆਉਣ ਦੀ ਕੋਸ਼ਿਸ਼ ਕਰਦਿਆਂ ਇੰਟਰਨੈਸ਼ਨਲ ਗਾਇਕੀ ਖੇਤਰ ਨਾਲ ਜੁੜੀਆਂ ਕੁਝ ਪ੍ਰਬੰਧਨ ਟੀਮਾਂ ਨੇ ਦੱਸਿਆ ਕਿ ਪੰਜਾਬੀ ਗਾਇਕ ਅੱਜਕੱਲ੍ਹ ਵਿਦੇਸ਼ਾਂ ਵਿੱਚ ਸ਼ੋਅਜ਼ ਕਰਨਾ ਜਿਆਦਾ ਪਸੰਦ ਕਰਨ ਲੱਗੇ ਹਨ, ਕਿਉਂਕਿ ਓਧਰਲੇ ਪਾਸੇ ਇਸ ਸੰਬੰਧਤ ਢੁੱਕਵਾਂ ਅਤੇ ਅਤਿ ਸਹਿਯੋਗੀ ਮਾਹੌਲ ਉਪਲਬਧ ਹੈ, ਕਿਉਂਕਿ ਇਹ ਸ਼ੋਅ ਕਿਸੇ ਵੀ ਸ਼ਹਿਰ ਜਾਂ ਰਾਜ ਲਈ ਵਾਧੂ ਟੈਕਸ ਤਾਂ ਪੈਦਾ ਕਰਦੇ ਹੀ ਹਨ, ਨਾਲ ਹੀ ਸਥਾਨਕ ਵਰਕਰਾਂ ਨੂੰ ਕੰਮ ਦੇ ਅਵਸਰ ਵੀ ਪ੍ਰਦਾਨ ਕਰਦੇ ਹਨ ਅਤੇ ਇੰਨ੍ਹਾਂ ਨਾਲ ਹੋਟਲਾਂ, ਰੈਸਟੋਰੈਂਟਾਂ ਜਾਂ ਹੋਰ ਸ਼ਾਪਿੰਗ ਮਾਲਾਂ ਦੇ ਕਾਰੋਬਾਰ ਵਿੱਚ ਵੀ ਵਾਧਾ ਹੁੰਦਾ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਚੰਡੀਗੜ੍ਹ ਵਿੱਚ ਸੰਪੰਨ ਹੋਏ ਇਕੱਲੇ ਦਿਲਜੀਤ ਦੁਸਾਂਝ ਦੇ ਸ਼ੋਅ ਤੋਂ ਜੀਐਸਟੀ ਵਿੱਚ 2 ਕਰੋੜ ਰੁਪਏ ਤੋਂ ਵੱਧ ਰਾਸ਼ੀ ਮਿਲਣ ਦੀ ਉਮੀਦ ਹੈ। ਜਦਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਸਤਿੰਦਰ ਸਰਤਾਜ ਨੇ ਸ਼ੋਅ ਦਾ ਵੀ ਜੀਐਸਟੀ ਦੇ ਰੂਪ ਵਿੱਚ 3.80 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਸੀ।
ਪਰ ਇਸ ਦੇ ਬਾਵਜੂਦ ਬੇਲੋੜੀ ਪ੍ਰਸਾਸ਼ਨਿਕ ਵਿਵਸਥਾ ਨੇ ਗਾਇਕਾਂ ਦੇ ਮਨਾਂ ਵਿੱਚ ਦਰਦ ਪੈਦਾ ਕਰ ਦਿੱਤਾ ਹੈ, ਜਿਸ ਦੀ ਦਿਲਜੀਤ ਦੁਸਾਂਝ ਨੇ ਵੀ ਭਰੀ ਸਟੇਜ ਤੋਂ ਤਿੱਖੀ ਆਲੋਚਨਾ ਕੀਤੀ, ਜਿਸ ਦੇ ਪ੍ਰਭਾਵ ਸਵਰੂਪ ਕਈ ਹੋਰਨਾਂ ਇੰਟਰਨੈਸ਼ਨਲ ਜਾਂ ਬਾਲੀਵੁੱਡ ਗਾਇਕਾਂ, ਜੋ ਇੱਧਰ ਸ਼ੋਅਜ਼ ਰੂਪਰੇਖਾ ਉਲੀਕ ਰਹੇ ਸਨ, ਉਨ੍ਹਾਂ ਨੇ ਅਪਣੀਆਂ ਸ਼ੋਅਜ਼ ਤਜ਼ਵੀਜ਼ਾਂ ਰੱਦ ਕਰ ਦਿੱਤੀਆਂ ਹਨ ਅਤੇ ਢੁੱਕਵਾਂ ਮਾਹੌਲ ਪ੍ਰਦਾਨ ਕਰਵਾਏ ਜਾਣ ਦੀ ਮੰਗ ਵੀ ਉਠਾਈ ਹੈ।
ਇਹ ਵੀ ਪੜ੍ਹੋ: