ਚੰਡੀਗੜ੍ਹ: ਪਾਲੀਵੁੱਡ 'ਚ ਬਤੌਰ ਸਪੋਰਟਿੰਗ ਅਦਾਕਾਰ ਅਪਣੇ ਸਿਨੇਮਾ ਕਰੀਅਰ ਦਾ ਅਗਾਜ਼ ਕਰਨ ਵਾਲੇ ਧੀਰਜ ਕੁਮਾਰ ਹੁਣ ਸੋਲੋ ਹੀਰੋ ਦੇ ਰੂਪ ਵਿੱਚ ਅਪਣਾ ਵਜ਼ੂਦ ਵਿਸ਼ਾਲ ਕਰਦੇ ਜਾ ਰਹੇ ਹਨ, ਜਿੰਨ੍ਹਾਂ ਵੱਲੋਂ ਉੱਚ ਮੁਕਾਮ ਹਾਸਿਲ ਕਰਨ ਵੱਲ ਵਧਾਏ ਜਾ ਰਹੇ ਇੰਨ੍ਹਾਂ ਕਦਮਾਂ ਦਾ ਹੀ ਅਹਿਸਾਸ ਕਰਵਾਉਣ ਜਾ ਰਹੀ ਹੈ ਉਨ੍ਹਾਂ ਦੀ ਨਵੀਂ ਪੰਜਾਬੀ ਫਿਲਮ 'ਸੋਚ ਤੋਂ ਪਰੇ', ਜਿਸ ਦੀ ਪਹਿਲੀ ਝਲਕ ਅਤੇ ਰਿਲੀਜ਼ ਮਿਤੀ ਅੱਜ ਜਾਰੀ ਕਰ ਦਿੱਤੀ ਗਈ ਹੈ।
'ਹਿਊਮਨ ਮੋਸ਼ਨ ਪਿਕਚਰਜ਼' ਅਤੇ 'ਫਿਲਮ ਪ੍ਰੋਡਿਊਸਰ ਆਫ਼ ਯੂਕੇ' ਵੱਲੋਂ ਪੇਸ਼ ਇਸ ਖੂਬਸੂਰਤ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਪੰਕਜ ਵਰਮਾ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਸਤਿੰਦਰ ਸਰਤਾਜ ਸਟਾਰਰ ਪੰਜਾਬੀ ਫਿਲਮ 'ਇੱਕੋ ਮਿੱਕੇ' ਸਮੇਤ ਉਨ੍ਹਾਂ ਦੇ ਕਈ ਸ਼ਾਨਦਾਰ ਮਿਊਜ਼ਿਕ ਵੀਡੀਓ ਦਾ ਵੀ ਫਿਲਮਾਂਕਣ ਕਰ ਚੁੱਕੇ ਹਨ।
'ਯੂਨਾਈਟਡ ਕਿੰਗਡਮ' ਦੀਆਂ ਮਨਮੋਹਕ ਲੋਕੇਸ਼ਨਜ਼ ਉਪਰ ਫਿਲਮਬੱਧ ਕੀਤੀ ਗਈ ਇਸ ਫਿਲਮ ਵਿੱਚ ਧੀਰਜ ਕੁਮਾਰ ਅਤੇ ਇਸ਼ਾ ਰਿਖੀ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜੋ ਇਸ ਫਿਲਮ ਦੁਆਰਾ ਪਹਿਲੀ ਵਾਰ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ।
ਪੰਜਾਬੀ ਸਿਨੇਮਾ ਦੀ ਇੱਕ ਨਿਵੇਕਲੀ ਪੇਸ਼ਕਸ਼ ਵਜੋਂ ਸਾਹਮਣੇ ਲਿਆਂਦੀ ਜਾ ਰਹੀ ਇਸ ਫਿਲਮ ਦਾ ਨਿਰਮਾਣ ਸੁਰਿੰਦਰ ਸੋਹਣਪਾਲ, ਇੰਦਰ ਨਾਗਰਾ ਅਤੇ ਸ਼ਿਵ ਧੀਮਾਨ ਦੁਆਰਾ ਕੀਤਾ ਗਿਆ, ਜਿੰਨ੍ਹਾਂ ਵੱਲੋਂ ਬਿੱਗ ਸੈੱਟਅੱਪ ਅਧੀਨ ਬਣਾਈ ਗਈ ਇਸ ਫਿਲਮ ਵਿੱਚ ਰਘੂਵੀਰ ਬੋਲੀ, ਯਾਸਿਰ ਹੁਸੈਨ, ਸੰਜੂ ਸੋਲੰਕੀ, ਬਲਵਿੰਦਰ ਕੌਰ, ਜਸਵੀਰ ਗਿੱਲ, ਦੀਸ਼ ਸੰਧੂ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਹਨ।
ਹਾਲ ਹੀ ਵਿੱਚ ਰਿਲੀਜ਼ ਹੋਈਆਂ 'ਵਾਰਨਿੰਗ 2', 'ਤਬਾਹ' ਜਿਹੀਆਂ ਕਈ ਚਰਚਿਤ ਫਿਲਮਾਂ ਦਾ ਹਿੱਸਾ ਰਹੇ ਧੀਰਜ ਕੁਮਾਰ ਅਗਾਮੀ ਦਿਨੀਂ ਕਈ ਹੋਰ ਵੱਡੀਆਂ ਫਿਲਮਾਂ ਵਿੱਚ ਵੀ ਅਪਣੀ ਪ੍ਰਭਾਵੀ ਸਕ੍ਰੀਨ ਮੌਜ਼ੂਦਗੀ ਦਾ ਇਜ਼ਹਾਰ ਦਰਸ਼ਕਾਂ ਨੂੰ ਕਰਵਾਉਣਗੇ, ਜਿੰਨ੍ਹਾਂ ਦੇ ਅਗਾਮੀ ਪ੍ਰੋਜੈਕਟਸ ਵਿੱਚ 'ਸ਼ੌਕੀ ਸਰਦਾਰ', 'ਮਝੈਲ' ਅਤੇ 'ਗੈਂਗਲੈਂਡ' ਸ਼ੁਮਾਰ ਹਨ।
ਇਹ ਵੀ ਪੜ੍ਹੋ: