ਚੰਡੀਗੜ੍ਹ: ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣੇ ਹਾਜ਼ਰ-ਜੁਆਬੀ ਅੰਦਾਜ਼ ਲਈ ਜਾਣੀ ਜਾਂਦੀ ਨਿਰਮਲ ਰਿਸ਼ੀ ਇਸ ਸਮੇਂ ਕਈ ਫਿਲਮਾਂ ਨੂੰ ਲੈ ਕੇ ਸੁਰਖ਼ੀਆਂ ਵਿੱਚ ਹੈ, ਆਪਣੇ ਕੰਮ ਦੇ ਨਾਲ-ਨਾਲ ਅਦਾਕਾਰਾ ਇਸ ਸਮੇਂ ਇੱਕ ਹੋਰ ਚੀਜ਼ ਕਾਰਨ ਵੀ ਸਭ ਦੇ ਕੇਂਦਰ ਵਿੱਚ ਬਣੀ ਹੋਈ ਹੈ ਅਤੇ ਉਹ ਹੈ ਅਦਾਕਾਰਾ ਦੁਆਰਾ ਵਿਆਹ ਨਾ ਕਰਵਾਉਣਾ। ਹਾਲ ਹੀ ਵਿੱਚ ਅਦਾਕਾਰਾ ਨੇ ਵਿਆਹ ਨਾ ਕਰਵਾਉਣ ਦਾ ਕਾਰਨ ਦੱਸਿਆ ਹੈ।
ਕਿਸ ਕਾਰਨ ਕਰਕੇ ਤਮਾਮ ਉਮਰ ਇੱਕਲੀ ਰਹੀ ਨਿਰਮਲ ਰਿਸ਼ੀ
ਇੱਕ ਇੰਟਰਵਿਊ ਵਿੱਚ ਦਿੱਗਜ ਅਦਾਕਾਰਾ ਤੋਂ ਪੁੱਛਿਆ ਗਿਆ ਕਿ ਆਖਿਰਕਾਰ ਉਨ੍ਹਾਂ ਨੇ ਵਿਆਹ ਕਿਉਂ ਨਹੀਂ ਕਰਵਾਇਆ? ਇਸ ਗੱਲ ਤਾਂ ਜੁਆਬ ਦਿੰਦੇ ਹੋਏ ਅਦਾਕਾਰਾ ਨੇ ਦੱਸਿਆ
'ਇਸ ਫੈਸਲੇ ਵਿੱਚ ਮੇਰੇ ਨਾਲ ਕਦੇ ਵੀ ਜ਼ਬਰਦਸਤੀ ਨਹੀਂ ਹੋਈ ਸੀ, ਇਹ ਫੈਸਲਾ ਸਿਰਫ਼ ਮੇਰਾ ਸੀ, ਕਿਉਂਕਿ ਮੈਂ ਸੋਚਦੀ ਸੀ ਕਿ ਕੁੜੀਆਂ ਦਾ ਕਦੇ ਵੀ ਆਪਣਾ ਕੋਈ ਘਰ ਨਹੀਂ ਹੁੰਦਾ। ਕੁੜੀਆਂ ਨੂੰ ਹਮੇਸ਼ਾ ਕਿਹਾ ਜਾਂਦਾ ਹੈ ਕਿ ਇਹ ਸਹੁਰਾ ਘਰ ਹੈ ਅਤੇ ਇਹ ਪੇਕਾ ਘਰ ਹੈ, ਜਦੋਂ ਭਰਾ ਨਾਲ ਲੜਾਈ ਹੁੰਦੀ ਹੈ ਤਾਂ ਉਹ ਘਰ ਤੋਂ ਦੂਰ ਕਰ ਦਿੰਦੇ ਹਨ ਅਤੇ ਜਦੋਂ ਪਤੀ ਨਾਲ ਹੁੰਦੀ ਹੈ ਤਾਂ ਉਹ ਘਰੋਂ ਕੱਢ ਦਿੰਦਾ ਹੈ।'
ਅਦਾਕਾਰਾ ਨੇ ਕਿਹਾ, 'ਮੈਂ ਫੈਸਲਾ ਕਰ ਲਿਆ ਸੀ ਕਿ ਮੈਂ ਕਦੇ ਵੀ ਆਪਣੇ ਮਾਤਾ-ਪਿਤਾ ਦਾ ਘਰ ਨਹੀਂ ਛੱਡਾਂਗੀ। ਫਿਰ ਮੇਰੇ ਭਰਾ ਅਤੇ ਭਾਬੀ ਨੂੰ ਬੁਰਾ ਲੱਗਣ ਲੱਗਿਆ। ਮੈਂ ਫੈਸਲਾ ਕੀਤਾ ਕਿ ਮੈਂ ਇਕੱਲੀ ਰਹਾਂਗੀ। ਪਿਆਰ ਵਿੱਚ ਮੈਨੂੰ ਕੋਈ ਕਿੰਨੀ ਵੀ ਮਨਾਉਣ ਦੀ ਕੋਸ਼ਿਸ਼ ਕਰੇ, ਮੈਂ ਵਿਆਹ ਨਹੀਂ ਕਰਾਂਗੀ।'
ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਨੇ ਸ਼ੁਰੂ ਵਿੱਚ ਇੱਕ ਅਧਿਆਪਕ ਵਜੋਂ ਕੰਮ ਕੀਤਾ ਸੀ ਅਤੇ ਆਪਣੇ ਕਰੀਅਰ ਦੀ ਸ਼ੁਰੂਆਤ 40 ਸਾਲ ਦੀ ਉਮਰ ਵਿੱਚ ਕੀਤੀ ਸੀ। ਤੁਹਾਡੇ ਵਿੱਚੋਂ ਬਹੁਤ ਘੱਟ ਨੂੰ ਪਤਾ ਹੋਵੇਗਾ ਕਿ ਅਦਾਕਾਰਾ ਆਮਿਰ ਖਾਨ ਦੀ ਫਿਲਮ 'ਦੰਗਲ' ਵਿੱਚ ਵੀ ਭੂਮਿਕਾ ਨਿਭਾ ਚੁੱਕੀ ਹੈ।
ਇਸ ਦੌਰਾਨ ਜੇਕਰ ਵਰਕਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਇਸ ਸਮੇਂ ਗਿੱਪੀ ਗਰੇਵਾਲ ਦੀ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਨੂੰ ਲੈ ਕੇ ਸੁਰਖ਼ੀਆਂ ਬਟੋਰ ਰਹੀ ਹੈ। ਇਹ ਫਿਲਮ 6 ਸਤੰਬਰ ਨੂੰ ਦੁਨੀਆਂ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦਾ ਟ੍ਰੇਲਰ ਪਹਿਲਾਂ ਹੀ ਰਿਲੀਜ਼ ਹੋ ਚੁੱਕਿਆ ਹੈ।
ਇਹ ਵੀ ਪੜ੍ਹੋ: