ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਮੌਜੂਦਾ ਮੁਹਾਂਦਰੇ ਨੂੰ ਹੋਰ ਚਾਰ-ਚੰਨ ਲਾਉਣ 'ਚ ਇਸ ਖਿੱਤੇ ਵਿੱਚ ਨਿੱਤਰੀਆਂ ਨਵ ਪ੍ਰਤਿਭਾਵਾਂ ਅਹਿਮ ਭੂਮਿਕਾ ਨਿਭਾ ਰਹੀਆਂ ਹਨ, ਜਿੰਨ੍ਹਾਂ ਵਿੱਚ ਹੀ ਅਪਣੇ ਨਾਂਅ ਦਾ ਮਾਣਮੱਤਾ ਸ਼ੁਮਾਰ ਕਰਵਾਉਣ ਵੱਲ ਤੇਜ਼ੀ ਨਾਲ ਅੱਗੇ ਵੱਧ ਰਹੇ ਹਨ ਨੌਜਵਾਨ ਫਿਲਮਕਾਰ ਨਸੀਬ ਰੰਧਾਵਾ, ਜੋ ਅਪਣੀ ਨਵੀਂ ਅਤੇ ਅਰਥ-ਭਰਪੂਰ ਪੰਜਾਬੀ ਫਿਲਮ 'ਰਿਸ਼ਤੇ ਨਾਤੇ' ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿਸ ਦੀ ਪਹਿਲੀ ਝਲਕ ਅਤੇ ਰਿਲੀਜ਼ ਮਿਤੀ ਜਾਰੀ ਕਰ ਦਿੱਤੀ ਗਈ ਹੈ।
'ਸਤਰੰਗ ਇੰਟਰਟੇਨਮੈਂਟ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਮਾਣ ਕਸ਼ਮੀਰ ਸਿੰਘ ਸੋਹਲ ਅਤੇ ਕੁਲਜੀਤ ਸਿੰਘ ਖਾਲਸਾ ਵੱਲੋਂ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਜ਼ਿੰਮੇਵਾਰੀ ਨੂੰ ਨਸੀਬ ਰੰਧਾਵਾ ਵੱਲੋਂ ਅੰਜ਼ਾਮ ਦਿੱਤਾ ਗਿਆ ਹੈ।
ਲੰਦਨ ਦੀਆਂ ਮਨਮੋਹਕ ਲੋਕੇਸ਼ਨਜ਼ ਉਪਰ ਫਿਲਮਾਈ ਗਈ ਇਸ ਫਿਲਮ ਦੁਆਰਾ ਇੱਕ ਹੋਰ ਨਵੇਂ ਚਿਹਰੇ ਵਜੋਂ ਪਾਲੀਵੁੱਡ ਵਿੱਚ ਅਪਣੀ ਸ਼ਾਨਦਾਰ ਮੌਜ਼ੂਦਗੀ ਦਰਜ ਕਰਵਾਉਣ ਜਾ ਰਹੇ ਹਨ ਅਦਾਕਾਰ ਰਘੂਬੀਰ ਸੋਹਲ, ਜਿੰਨ੍ਹਾਂ ਦੇ ਚਰਚਿਤ ਅਦਾਕਾਰਾ ਲਵ ਗਿੱਲ ਨਜ਼ਰ ਆਵੇਗੀ।
ਪਰਿਵਾਰਿਕ ਡਰਾਮਾ ਕਹਾਣੀ-ਸਾਰ ਅਧਾਰਿਤ ਇਸ ਫਿਲਮ ਵਿੱਚ ਸ਼ਾਮਿਲ ਹੋਰਨਾਂ ਕਲਾਕਾਰਾਂ ਦੀ ਗੱਲ ਕਰੀਏ ਤਾਂ ਇੰਨ੍ਹਾਂ ਵਿੱਚ ਮਲਕੀਤ ਰੌਣੀ, ਪਰਮਿੰਦਰ ਗਿੱਲ, ਸਾਜਾਬ ਮਿਰਜ਼ਾ, ਰਵਿੰਦਰ ਮੰਡ, ਸੁਨੀਤਾ ਧੀਰ, ਪ੍ਰੀਤੋ ਯੂਕੇ, ਲਵ ਕੌਰ, ਨਵਤੇਜ ਅਟਵਾਲ ਆਦਿ ਸ਼ੁਮਾਰ ਹਨ।
24 ਜਨਵਰੀ 2025 ਨੂੰ ਵਰਲਡ-ਵਾਈਡ ਰਿਲੀਜ਼ ਕੀਤੀ ਜਾ ਰਹੀ ਇਸ ਫਿਲਮ ਦੇ ਸਟੋਰੀ-ਸਕ੍ਰੀਨ ਪਲੇਅ ਅਤੇ ਡਾਇਲਾਗ ਲੇਖਕ ਸਤਨਾਮ ਬੁਗਰਾ, ਅਡੀਸ਼ਨਲ ਸਕ੍ਰੀਨ ਪਲੇਅ ਅਤੇ ਡਾਇਲਾਗ ਲੇਖਕ ਬਲਜੀਤ ਬਲ, ਬੇਅੰਤ ਸੰਧੂ, ਡੀਓਪੀ ਕਮਲ ਹੰਸ, ਸੰਪਾਦਕ ਸਾਦਿਕ ਅਲੀ ਸ਼ੇਖ ਅਤੇ ਬੀ ਰਾਮਪਾਲ, ਕੋਰਿਓਗ੍ਰਾਫ਼ਰ ਸੈਮਨ ਅਤੇ ਕਾਸਟਿਊਮ ਡਿਜ਼ਾਈਨਰ ਮਨਪ੍ਰੀਤ ਕੌਰ ਯੂਕੇ ਹਨ।
ਇਹ ਵੀ ਪੜ੍ਹੋ: