ਚੰਡੀਗੜ੍ਹ: ਲਗਭਗ ਡੇਢ ਸਾਲ ਪਹਿਲਾਂ 29 ਮਈ 2022 ਦੀ ਉਹ ਸ਼ਾਮ ਜਿਸ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ। ਉਸ ਸ਼ਾਮ ਪੰਜਾਬ ਨੇ ਕਾਫੀ ਸਾਰੀਆਂ ਚੀਜ਼ਾਂ ਗੁਆਈਆਂ। ਪ੍ਰਸ਼ੰਸਕਾਂ ਨੇ ਚੰਗਾ ਗਾਇਕ, ਮਾਤਾ-ਪਿਤਾ ਨੇ ਆਪਣਾ ਇੱਕਲੌਤਾ-ਹੋਣਹਾਰ ਅਤੇ ਸਟਾਰ ਪੁੱਤ ਅਤੇ ਦੋਸਤਾਂ ਨੇ ਆਪਣਾ ਜਿਗਰੀ ਯਾਰ...।
ਜੀ ਹਾਂ...ਤੁਸੀਂ ਸਮਝ ਗਏ ਹੋਵੇਗੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ, ਅਸੀਂ ਪੰਜਾਬ ਦੇ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਪੂਰੀ ਦੁਨੀਆਂ ਵਿੱਚ ਮਸ਼ਹੂਰ ਹੋਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਗੱਲ ਕਰ ਰਹੇ ਹਾਂ। ਸਿੱਧੂ ਮੂਸੇਵਾਲਾ ਦੀ ਮੌਤ ਨੇ ਉਹਨਾਂ ਦੀ ਮਾਂ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਨੂੰ ਬਿਲਕੁੱਲ ਤੋੜ ਕੇ ਰੱਖ ਦਿੱਤਾ ਸੀ, ਉਹਨਾਂ ਨੂੰ ਆਪਣਾ ਜੀਣ ਦਾ ਮਕਸਦ ਖਤਮ ਹੁੰਦਾ ਪ੍ਰਤੀਤ ਹੋਇਆ।
ਪਰ ਆਈਵੀਐੱਫ ਤਕਨੀਕ ਨੇ ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ। ਜੀ ਹਾਂ...ਬੀਤੀ 17 ਮਾਰਚ ਦੀ ਸਵੇਰ ਨੇ ਉਹਨਾਂ ਦੀ ਜ਼ਿੰਦਗੀ ਵਿੱਚ ਨਵੀਂ ਰੌਸ਼ਨੀ ਲਿਆ ਦਿੱਤੀ। ਮਰਹੂਮ ਗਾਇਕ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਇੱਕ ਬੇਟੇ ਨੂੰ ਜਨਮ ਦਿੱਤਾ। ਹਾਲਾਂਕਿ ਪਹਿਲਾਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਚਰਨ ਕੌਰ ਦੋ ਬੱਚਿਆਂ ਨੂੰ ਜਨਮ ਦੇਣ ਜਾ ਰਹੀ ਹੈ।
ਹੁਣ ਜਦੋਂ ਦਾ ਚਰਨ ਕੌਰ ਦੇ ਬੇਟਾ ਹੋਇਆ ਹੈ, ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਵਿੱਚ ਖੁਸ਼ੀ ਦੀ ਲਹਿਰ ਦੌੜੀ ਹੋਈ ਹੈ, ਉਹ ਕਈ ਤਰ੍ਹਾਂ ਦੀਆਂ ਚੀਜ਼ਾਂ ਨਾਲ ਆਪਣੀ ਖੁਸ਼ੀ ਵਿਅਕਤ ਕਰ ਰਹੇ ਹਨ, ਕੋਈ ਉਸ ਨੂੰ 'ਨਿੱਕਾ ਮੂਸੇਵਾਲਾ', ਕੋਈ 'ਸ਼ੁੱਭਦੀਪ ਸਿੰਘ' ਅਤੇ ਕੋਈ ਉਸ ਨੂੰ 'ਸ਼ੁੱਭਦੀਪ ਦੁਆਰਾ ਆ ਗਿਆ' ਕਹਿ ਕੇ ਆਪਣੇ ਉਤਸ਼ਾਹ ਨੂੰ ਬਿਆਨ ਕਰ ਰਿਹਾ ਹੈ।
ਪਰ ਸਭ ਤੋਂ ਖਾਸ ਗੱਲ ਇਹ ਹੈ ਕਿ ਸਭ ਦੇ ਮਨ ਵਿੱਚ ਇੱਕ ਹੀ ਸੁਆਲ ਹੈ ਕਿ ਉਸ ਬੱਚੇ ਦਾ ਨਾਂਅ ਕੀ ਹੋਵੇਗਾ। ਕੀ ਉਸ ਦਾ ਨਾਂਅ ਸ਼ੁੱਭਦੀਪ ਸਿੰਘ ਹੀ ਹੋਵੇਗਾ? ਹੁਣ ਇਸ ਆਰਟੀਕਲ ਵਿੱਚ ਅਸੀਂ ਤੁਹਾਡੀ ਇਸ ਉਲਝਣ ਨੂੰ ਸਾਫ਼ ਕਰ ਦਿੱਤਾ ਹੈ, ਕਿਉਂਕਿ ਅਸੀਂ ਤੁਹਾਨੂੰ ਇਸ ਮਰਹੂਮ ਗਾਇਕ ਦੇ ਛੋਟੇ ਭਰਾ ਦਾ ਨਾਂਅ ਦੱਸਣ ਜਾ ਰਹੇ ਹਾਂ।
ਕੀ ਹੈ ਮਰਹੂਮ ਗਾਇਕ ਦੇ ਛੋਟੇ ਭਰਾ ਦਾ ਨਾਂਅ: ਤਾਜ਼ਾ ਰਿਪੋਰਟਾਂ ਮੁਤਾਬਕ ਬਲਕੌਰ ਸਿੰਘ ਦੇ ਛੋਟੇ ਲਾਡਲੇ ਦਾ ਨਾਂਅ ਸੁਖਦੀਪ ਸਿੰਘ ਹੈ। ਹੁਣ ਇਥੇ ਜੇਕਰ ਸੁਖਦੀਪ ਸ਼ਬਦ ਦੇ ਅਰਥ ਦੀ ਗੱਲ ਕਰੀਏ ਤਾਂ ਇਸ ਦਾ ਮਤਲਬ ਸੁਖ ਅਤੇ ਖੁਸ਼ੀ ਦੇ ਦੀਪ ਜਗਾਉਣ ਵਾਲਾ।
ਕਾਬਿਲੇਗੌਰ ਹੈ ਕਿ 17 ਮਾਰਚ ਦੀ ਸਵੇਰ ਨੂੰ ਗਾਇਕ ਮੂਸੇਵਾਲਾ ਦੇ ਪਿਤਾ ਨੇ ਇੱਕ ਪੋਸਟ ਰਾਹੀਂ ਆਪਣੇ ਘਰ ਆਈ ਖੁਸ਼ੀ ਨੂੰ ਸਾਂਝਾ ਕੀਤਾ ਸੀ, ਉਹਨਾਂ ਕਿਹਾ ਸੀ, 'ਸ਼ੁਭਦੀਪ ਨੂੰ ਚਾਹੁੰਣ ਵਾਲੀਆਂ ਲੱਖਾਂ ਕਰੋੜਾਂ ਰੂਹਾਂ ਦੀਆਂ ਅਸੀਸਾਂ ਨਾਲ ਅਕਾਲ ਪੁਰਖ ਨੇ ਸਾਡੀ ਝੋਲੀ ਵਿੱਚ ਸ਼ੁਭ ਦਾ ਛੋਟਾ ਵੀਰ ਪਾਇਆ ਹੈ। ਵਾਹਿਗੁਰੂ ਦੀਆਂ ਬਖਸ਼ਿਸ਼ਾਂ ਸਦਕਾ ਪਰਿਵਾਰ ਤੰਦਰੁਸਤ ਹੈ ਅਤੇ ਸਾਰੇ ਸ਼ੁੱਭ-ਚਿੰਤਕਾਂ ਦੇ ਅਥਾਹ ਪਿਆਰ ਲਈ ਸ਼ੁਕਰਗੁਜ਼ਾਰ ਹਾਂ।'