ਚੰਡੀਗੜ੍ਹ: ਬਾਲੀਵੁੱਡ ਦੇ ਮਸ਼ਹੂਰ ਅਤੇ ਦਿੱਗਜ ਅਦਾਕਾਰ ਅਸ਼ੋਕ ਸਰਾਫ ਨੂੰ ਉਨਾਂ ਦੇ ਮਰਾਠੀ ਸਿਨੇਮਾ ਵਿੱਚ ਪਾਏ ਜਾ ਰਹੇ ਮਾਣਮੱਤੇ ਯੋਗਦਾਨ ਦੇ ਚੱਲਦਿਆਂ 'ਮਹਾਰਾਸ਼ਟਰ ਭੂਸ਼ਣ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ ਹੈ, ਜਿੰਨਾ ਨੂੰ ਮਿਲੀ ਇਸ ਅਹਿਮ ਉਪਲਬੱਧੀ 'ਤੇ ਹਿੰਦੀ ਸਿਨੇਮਾ ਸ਼ਖਸ਼ੀਅਤਾਂ ਵੱਲੋ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ।
ਓਧਰ ਇਸੇ ਸੰਬੰਧੀ ਇਸ ਅਜ਼ੀਮ ਅਦਾਕਾਰ ਨੂੰ ਵਧਾਈ ਦਿੰਦਿਆ ਮਰਾਠੀ ਸਿਨੇਮਾ ਨਾਲ ਜੁੜੇ ਅਤੇ ਉਥੇ ਦੀਆਂ ਅਹਿਮ ਹਸਤੀਆਂ ਵਿੱਚ ਸ਼ੁਮਾਰ ਕਰਵਾਉਂਦੇ ਰਿਦਮ ਵਾਘੋਲੀਕਰ ਨੇ ਕਿਹਾ ਕਿ 'ਸਰਾਫ ਜੀ ਦੀਆਂ ਫਿਲਮਾਂ ਮਨੁੱਖੀ ਤਜ਼ਰਬਿਆਂ ਦਾ ਇੱਕ ਅਨੂਠਾ ਅਹਿਸਾਸ ਕਰਵਾਉਣ ਵਿੱਚ ਸਫ਼ਲ ਰਹੀਆਂ ਹਨ, ਜੋ ਹਾਸੇ, ਹੰਝੂਆਂ ਅਤੇ ਆਤਮ-ਵਿਸ਼ਵਾਸ ਦਾ ਬਹੁਤ ਖੂਬਸੂਰਤੀ ਨਾਲ ਭਾਵਨਾਤਮਕ ਪ੍ਰਗਟਾਵਾ ਕਰਦੀਆਂ ਆ ਰਹੀਆਂ ਹਨ। ਏਨਾ ਹੀ ਨਹੀਂ ਮਰਾਠੀ ਫਿਲਮ ਇੰਡਸਟਰੀ ਨੂੰ ਨਵੀਆਂ ਉੱਚਾਈਆਂ ਦੇਣ ਅਤੇ ਇਸ ਸਨਅਤ ਦੇ ਮਾਣ ਵਿੱਚ ਵਾਧਾ ਕਰਨ ਵਿੱਚ ਵੀ ਉਨਾਂ ਅਹਿਮ ਭੂਮਿਕਾ ਨਿਭਾਈ ਹੈ।'
ਉਨਾਂ ਅੱਗੇ ਕਿਹਾ ਕਿ 'ਅਸ਼ੋਕ ਸਰਾਫ ਜੀ ਦੀ ਪ੍ਰਤਿਭਾ ਪ੍ਰੇਰਨਾ ਦਾ ਪ੍ਰਤੀਕ ਹੈ, ਜੋ ਹਰ ਵਰਗ ਦੇ ਲੋਕਾਂ ਚਾਹੇ ਉਹ ਬਜ਼ੁਰਗ ਹੋਣ ਜਾਂ ਨੌਜਵਾਨ ਦਾ ਉਨਾਂ ਦੀਆਂ ਫਿਲਮਾਂ ਨਾਲ ਜੁੜਾਵ ਮਹਿਸੂਸ ਕਰਵਾਉਣ ਵਿੱਚ ਅਹਿਮ ਮੋਹਰੀ ਰੋਲ ਅਦਾ ਕਰਦੀਆਂ ਹਨ।
ਉਨਾਂ ਕਿਹਾ ਕਿ ਹਿੰਦੀ ਸਿਨੇਮਾ ਦਾ ਇਹ ਨਾਯਾਬ ਚਿਹਰਾ ਸਿਰਫ਼ ਕੰਮ ਹੀ ਨਹੀਂ ਕਰਦਾ ਬਲਕਿ ਉਹ ਪਾਤਰਾਂ ਵਿੱਚ ਜੀਵਨ ਦਾ ਸਾਹ ਲੈਂਦਾ ਹੈ, ਉਹ ਸਾਡੀਆਂ ਯਾਦਾਂ ਦਾ ਇੱਕ ਅਨਿੱਖੜਵਾਂ ਅੰਗ ਹਨ।' ਉਨਾਂ ਸਰਾਫ ਦੇ ਸਰਵਉੱਚ ਸਨਮਾਨ 'ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਅੱਗੇ ਕਿਹਾ ਕਿ "ਅਸ਼ੋਕ ਸਰਾਫ ਜੀ ਦੀ ਸਿਨੇਮਿਕ ਯਾਤਰਾ ਮਹਾਨ ਹੈ ਅਤੇ ਮਹਾਰਾਸ਼ਟਰ ਭੂਸ਼ਣ ਮਰਾਠੀ ਫਿਲਮ ਭਾਈਚਾਰੇ ਵਿੱਚ ਉਹਨਾਂ ਦੇ ਅਥਾਹ ਯੋਗਦਾਨ ਲਈ ਇੱਕ ਢੁਕਵੀਂ ਸ਼ਰਧਾਂਜਲੀ ਹੈ। ਜੋ ਹਰੇਕ ਭੂਮਿਕਾ ਵਿੱਚ ਸਾਡੇ ਜੀਵਨ ਦਾ ਇੱਕ ਹਿੱਸਾ ਬਣਦੇ ਹਨ। ਉਨਾਂ ਦਾ ਨਿਭਾਇਆ ਹਰ ਕਿਰਦਾਰ ਅਪਣੀ ਗੂੰਜ ਅਤੇ ਵਿਲੱਖਣਤਾ ਦਾ ਇਜ਼ਹਾਰ ਕਰਵਾਉਂਦਾ ਹੈ ਕਿਉਂਕਿ ਉਸਦੇ ਕਿਰਦਾਰ ਇਮਾਨਦਾਰੀ ਦਾ ਪ੍ਰਗਟਾਵਾ ਕਰਦੇ ਹਨ।
ਮਾਇਆਨਗਰੀ ਮੁੰਬਈ ਵਿੱਚ ਮਜ਼ਬੂਤ ਪੈੜਾਂ ਸਥਾਪਿਤ ਕਰ ਚੁੱਕੇ ਅਤੇ ਪਿਛਲੇ ਕਈ ਵਰ੍ਹਿਆਂ ਤੋਂ ਸਿਨੇਮਾ ਦੀ ਦੁਨੀਆਂ 'ਚ ਅਪਣੀ ਸ਼ਾਨਦਾਰ ਮੌਜੂਦਗੀ ਲਗਾਤਾਰ ਦਰਜ ਕਰਵਾਉਣ ਵਿੱਚ ਸਫ਼ਲ ਰਹੇ ਹਨ ਇਹ ਬਿਹਤਰੀਨ ਅਤੇ ਬਹੁਪੱਖੀ ਅਦਾਕਾਰ, ਜਿੰਨਾਂ ਨੂੰ ਉਨਾਂ ਦੀ ਹਾਲ ਹੀ ਦਿਨਾਂ ਵਿੱਚ ਰਿਲੀਜ਼ ਹੋਈ ਰਿਤੇਸ਼ ਦੇਸ਼ਮੁਖ ਸਟਾਰਰ ਫਿਲਮ 'ਵੇਡ' ਵਿਚਲੀ ਭੂਮਿਕਾ ਲਈ ਵੀ ਕਾਫ਼ੀ ਸਰਾਹਿਆ ਗਿਆ ਹੈ। ਉਨਾਂ ਦੇ ਅਗਾਮੀ ਅਹਿਮ ਫਿਲਮ ਪ੍ਰੋਜੈਕਟਾਂ ਵਿੱਚ 'ਸੈਂਟੀਮੈਂਟਲ' ਵੀ ਸ਼ਾਮਿਲ ਹੈ, ਜਿਸ ਵਿੱਚ ਉਹ ਬਹੁਤ ਹੀ ਪ੍ਰਭਾਵੀ ਕਿਰਦਾਰ ਅਦਾ ਕਰਨ ਜਾ ਰਹੇ ਹਨ।