ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਵਿਲੱਖਣ ਪਹਿਚਾਣ ਅਤੇ ਸ਼ਾਨਦਾਰ ਵਜੂਦ ਸਥਾਪਿਤ ਕਰਨ ਵਿੱਚ ਸਫ਼ਲ ਰਹੇ ਹਨ ਗਾਇਕ ਜੱਸੀ ਸੋਹਲ, ਜੋ ਬੀਤੇ ਦਿਨੀਂ ਰਿਲੀਜ਼ ਹੋਏ ਆਪਣੇ ਨਵੇਂ ਗਾਣੇ 'ਤੇਰੇ ਕਰਕੇ' ਨਾਲ ਸੰਗੀਤਕ ਗਲਿਆਰਿਆਂ ਵਿੱਚ ਮੁੜ ਚਰਚਾ ਦਾ ਕੇਂਦਰ-ਬਿੰਦੂ ਹੋਏ ਹਨ।
'ਜੇਐਸ ਮਿਊਜ਼ਿਕ ਲੇਬਲ' ਅਧੀਨ ਪੇਸ਼ ਕੀਤੇ ਗਏ ਉਕਤ ਟਰੈਕ ਦਾ ਸੰਗੀਤ ਬੀਟ ਕਿੰਗ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਇਸ ਦੇ ਬੋਲ ਮੋਨੇਵਾਲਾ ਨੇ ਰਚੇ ਹਨ, ਜਿੰਨਾਂ ਦੀ ਉਮਦਾ ਲੇਖਨ ਸ਼ੈਲੀ ਦਾ ਇਜ਼ਹਾਰ ਕਰਵਾਉਂਦੇ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਨੂੰ ਚਾਰ ਚੰਨ ਲਾਉਣ ਵਿੱਚ ਮਾਡਲ ਯਾਸ਼ਿਕਾ ਅਨੰਦ ਦੁਆਰਾ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ।
ਦੁਨੀਆਂ ਭਰ ਵਿੱਚ ਆਪਣੀ ਨਾਯਾਬ ਗਾਇਨ ਅਤੇ ਭੰਗੜਾ ਕਲਾ ਦਾ ਲੋਹਾ ਮਨਵਾਉਣ ਵਾਲੇ ਇਸ ਹੋਣਹਾਰ ਗਾਇਕ ਅਤੇ ਬਿਹਤਰੀਨ ਸਟੇਜ ਪ੍ਰੋਫਾਰਮਰ ਦੇ ਹੁਣ ਤੱਕ ਦੇ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਗੱਲ ਦਾ ਅਹਿਸਾਸ ਹੀ ਹੋ ਜਾਂਦਾ ਹੈ ਕਿ ਉਹ ਚੁਣਿੰਦਾ ਅਤੇ ਮਿਆਰੀ ਗਾਇਕੀ ਨੂੰ ਤਰਜ਼ੀਹ ਦੇਣਾ ਵਧੇਰੇ ਪਸੰਦ ਕਰਦੇ ਹਨ, ਜਿੰਨਾਂ ਅਪਣੀ ਜ਼ਿੰਦਗੀ ਵਿੱਚ ਸਾਹਮਣੇ ਆਈਆਂ ਕੁਝ ਗੰਭੀਰ ਤ੍ਰਾਸਦੀਆਂ ਦੇ ਬਾਵਜੂਦ ਗਾਇਕੀ ਖੇਤਰ ਵਿੱਚ ਕੁਝ ਕਰ ਗੁਜ਼ਰਣ ਦੇ ਆਪਣੇ ਇਰਾਦਿਆਂ ਨੂੰ ਕਦੇ ਵੀ ਡਾਵਾਂ ਡੋਲ ਨਹੀਂ ਹੋਣ ਦਿੱਤਾ ਅਤੇ ਹਰ ਮੁਸ਼ਕਿਲ ਪੜਾਅ ਦਾ ਸਾਹਮਣਾ ਬਹੁਤ ਹੀ ਹੌਂਸਲੇ ਅਤੇ ਪ੍ਰਪੱਕਤਾ ਨਾਲ ਕੀਤਾ, ਜਿਸ ਦੇ ਮੱਦੇਨਜ਼ਰ ਹੀ ਇਰਾਦਿਆਂ ਅਤੇ ਬਹੁ-ਕਲਾਵਾਂ ਦਾ ਧਨੀ ਇਹ ਅਜ਼ੀਮ ਫਨਕਾਰ ਅੱਜ ਉਹ ਮੁੜ ਸੰਗੀਤਕ ਖੇਤਰ ਵਿੱਚ ਧਰੂ ਤਾਰੇ ਵਾਂਗ ਅਪਣੀ ਅਲਹਦਾ ਹੋਂਦ ਦਾ ਅਹਿਸਾਸ ਕਰਵਾ ਰਿਹਾ ਹੈ।
ਮੂਲ ਰੂਪ ਵਿੱਚ ਜ਼ਿਲਾ ਜਲੰਧਰ ਦੇ ਪਿੰਡ ਅਠੋਲਾ ਨਾਲ ਸੰਬੰਧਤ ਅਤੇ ਇੱਕ ਸਾਧਾਰਨ ਕਿਸਾਨ ਪਰਿਵਾਰ ਨਾਲ ਵਾਵੁਸਤਾ ਰੱਖਦੇ ਇਸ ਬਾਕਮਾਲ ਗਾਇਕ ਨਾਲ ਉਨਾਂ ਦੇ ਜੀਵਨ ਅਤੇ ਕਰੀਅਰ ਮੁਹਾਜ਼ ਨੂੰ ਲੈ ਕੇ ਗੱਲਬਾਤ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਕਿ ਅਪਣੇ ਹੁਣ ਤੱਕ ਦੇ ਗਾਇਨ ਸਫ਼ਰ ਦੀ ਗੱਲ ਕਰਾਂ ਤਾਂ ਇਸ ਵਿੱਚ ਪਿਛਲੇ ਸਮੇਂ ਕੁਝ ਅਜਿਹਾ ਖਲਾਅ ਵੀ ਪੈਦਾ ਹੋਇਆ, ਜਿਸ ਨੇ ਲੰਮਾ ਸਮਾਂ ਸਿਰ ਨਹੀਂ ਚੁੱਕਣ ਦਿੱਤਾ ਜਿਸ ਦਾ ਕਾਰਨ ਮਾਤਾ-ਪਿਤਾ ਦਾ ਜਹਾਨੋਂ ਤੁਰ ਜਾਣਾ ਰਿਹਾ, ਜਿੰਨਾਂ ਦੇ ਸਿਰ ਤੋਂ ਉਠੇ ਸਾਏ ਨੇ ਜਿੰਦਗੀ ਵਿਚ ਅਜਿਹੀ ਟੀਸ ਦੇ ਦਿੱਤੀ ਹੈ, ਜਿਸ ਦਾ ਅਸਰ ਕਦੇ ਵੀ ਮਿਟ ਨਹੀਂ ਪਾਵੇਗਾ।
ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀਆਂ ਵੰਨਗੀਆਂ ਨੂੰ ਪ੍ਰਫੁੱਲਤਾ ਦੇਣ ਵਿੱਚ ਮੌਹਰੀ ਭੂਮਿਕਾ ਯੋਗਦਾਨ ਪਾ ਰਿਹਾ ਇਹ ਬਾ-ਕਮਾਲ ਗਾਇਕ। ਜੀਵਨ ਅਤੇ ਕਰੀਅਰ ਵਿੱਚ ਉਹਦੇ ਆਈਆਂ ਚੁਣੌਤੀਆਂ ਦੇ ਬਾਵਜੂਦ ਇੰਨੀਂ ਦਿਨੀਂ ਫਿਰ ਪੂਰੇ ਜੋਸ਼ੋ ਖਰੋਸ਼ ਨਾਲ ਆਪਣੀਆਂ ਅਗਾਮੀ ਯੋਜਨਾਵਾਂ ਨੂੰ ਅੰਜ਼ਾਮ ਦੇਣ ਵਿੱਚ ਜੁਟਿਆ ਨਜ਼ਰ ਆ ਰਿਹਾ ਹੈ, ਜਿੰਨਾਂ ਅਪਣੀਆਂ ਅਗਾਮੀ ਰਣਨੀਤੀਆਂ ਸੰਬੰਧੀ ਮਨੀ ਵਲਵਲੇ ਸਾਂਝੇ ਕਰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੱਖ-ਵੱਖ ਸੰਗੀਤਕ ਰੰਗਾਂ ਨਾਲ ਰੰਗੇ ਗਾਣੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਕਰਾਗਾਂ, ਜਿਸ ਦੇ ਨਾਲ ਹੀ ਪੰਜਾਬੀ ਸਿਨੇਮਾ ਖੇਤਰ ਵਿੱਚ ਬਤੌਰ ਅਦਾਕਾਰ ਕੁਝ ਅਜਿਹਾ ਖਾਸ ਕਰਨ ਦੀ ਕਵਾਇਦ ਜਾਰੀ ਹੈ, ਜੋ ਦਰਸ਼ਕਾਂ ਦੇ ਮਨਾਂ ਵਿੱਚ ਲੰਮੇਰੇ ਸਮੇਂ ਤੱਕ ਅਪਣੀ ਅਮਿਟ ਛਾਪ ਛੱਡ ਸਕੇ।
ਸੰਗੀਤਕ ਖੇਤਰ ਵਿੱਚ ਸੱਜਗਤਾਂ ਭਰੀਆਂ ਕੋਸ਼ਿਸ਼ਾਂ ਨੂੰ ਅੰਜ਼ਾਮ ਦਿੰਦੇ ਆ ਰਹੇ ਇਸ ਸੁਰੀਲੇ ਗਾਇਕ ਨਾਲ ਉਨਾਂ ਵੱਲੋ ਅਪਣਾਏ ਜਾਂਦੇ ਗਾਇਕੀ ਮਾਪਦੰਡਾਂ ਨੂੰ ਲੈ ਕੇ ਗੱਲ ਕੀਤੀ ਤਾਂ ਉਨਾਂ ਦੱਸਿਆ ਕਿ ਸਾਹਮਣੇ ਲਿਆਂਦੇ ਜਾ ਰਹੇ ਹਰ ਗਾਣੇ ਨੂੰ ਰਿਕਾਰਡਿੰਗ ਪੜਾਅ ਤੋਂ ਪਹਿਲਾਂ ਮਿਆਰ ਦੀ ਹਰ ਕਸਵੱਟੀ 'ਤੇ ਖਰਾ ਉਤਾਰਨ ਦੀ ਪੂਰੀ ਕੋਸ਼ਿਸ਼ ਕਰਦਾ ਹਾਂ ਤਾਂ ਕਿ ਹਰ ਵਰਗ ਦਰਸ਼ਕਾਂ ਦੇ ਨਾਲ ਪਰਿਵਾਰ ਵੀ ਇਸ ਨੂੰ ਇਕੱਠਿਆਂ ਬੈਠ ਸੁਣ ਅਤੇ ਵੇਖ ਸਕੇ।
ਪਿੰਡਾਂ ਦੀਆਂ ਸੱਥਾਂ ਤੋਂ ਲੈ ਕੇ ਵਿਦੇਸ਼ੀ ਵਿਹੜਿਆਂ ਤੱਕ ਆਪਣੀ ਗਾਇਕੀ ਅਤੇ ਭੰਗੜਾ ਕਲਾ ਦੀ ਅਨੂਠੀ ਧਾਂਕ ਜਮਾਉਣ ਵਾਲੇ ਇਸ ਸ਼ਾਨਦਾਰ ਗਾਇਕ ਨੇ ਦੱਸਿਆ ਕਿ ਜਲਦ ਹੀ ਉਹ ਵੱਖ-ਵੱਖ ਮੁਲਕਾਂ ਵਿੱਚ ਵੀ ਆਪਣੇ ਲਾਈਵ ਸ਼ੋਅਜ ਕਰਨ ਜਾ ਰਹੇ ਹਨ, ਜਿੰਨਾਂ ਦੀਆਂ ਤਿਆਰੀਆਂ ਵੀ ਅੱਜ ਕੱਲ੍ਹ ਜ਼ੋਰਾ-ਸ਼ੋਰਾ ਨਾਲ ਜਾਰੀ ਹਨ।