ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਲਈ ਬਣਾਈ ਗਈ ਪਹਿਲੀ ਡਾਰਕ ਜੋਨ ਫਿਲਮ ਰਿਲੀਜ਼ ਲਈ ਤਿਆਰ ਹੈ, ਜਿਸ ਦੀ ਪਹਿਲੀ ਝਲਕ ਅੱਜ ਜਾਰੀ ਕਰ ਦਿੱਤੀ ਗਈ ਹੈ, ਜੋ ਜਲਦ ਸਾਹਮਣੇ ਆਉਣ ਜਾ ਰਹੀ ਹੈ। 'ਆਰਡੀਕੇ' ਦੇ ਬੈਨਰ ਹੇਠ ਬਣਾਈ ਗਈ ਇਸ ਬਿੱਗ ਸੈੱਟਅੱਪ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਵਿਸ਼ਾਲ ਕੌਸ਼ਿਕ ਵੱਲੋਂ ਕੀਤਾ ਗਿਆ ਹੈ, ਜੋ ਬਤੌਰ ਅਦਾਕਾਰ ਕਈ ਚਰਚਿਤ ਹਿੰਦੀ, ਪੰਜਾਬੀ ਫਿਲਮਾਂ ਅਤੇ ਵੈੱਬ ਸੀਰੀਜ਼ ਦਾ ਸ਼ਾਨਦਾਰ ਅਤੇ ਪ੍ਰਭਾਵੀ ਹਿੱਸਾ ਰਹੇ ਹਨ।
ਨਿਰਮਾਤਾ ਰਿਪੂਦਮਨ, ਹਰਪਾਲ ਸਿੰਘ ਅਤੇ ਸ਼ਿਖਾ ਯਾਦਵ ਵੱਲੋਂ ਨਿਰਮਿਤ ਕੀਤੀ ਗਈ ਉਕਤ ਫਿਲਮ ਦੇ ਕ੍ਰਿਏਟਿਵ ਨਿਰਦੇਸ਼ਕ ਗੁਰਪ੍ਰੀਤ ਤੋਤੀ ਹਨ, ਜੋ ਇਸ ਆਫ ਬੀਟ ਫਿਲਮ ਵਿੱਚ ਮਹੱਤਵਪੂਰਨ ਭੂਮਿਕਾ ਵੀ ਨਿਭਾਉਂਦੇ ਨਜ਼ਰੀ ਪੈਣਗੇ।
ਪੰਜਾਬ ਦੇ ਮਾਲਵਾ ਤੋਂ ਇਲਾਵਾ ਰਾਜਸਥਾਨ ਦੇ ਜੈਪੁਰ ਆਦਿ ਹਿੱਸਿਆਂ ਵਿੱਚ ਫਿਲਮਾਈ ਗਈ ਉਕਤ ਫਿਲਮ ਦੁਆਰਾ ਦੋ ਨਵੇਂ ਚਿਹਰੇ ਇੰਦਰਜੀਤ ਅਤੇ ਸੁੱਚੀ ਬਿਰਗੀ ਲੀਡ ਅਤੇ ਖੂਬਸੂਰਤ ਜੋੜੀ ਵਜੋਂ ਦਰਸ਼ਕਾਂ ਦੇ ਸਨਮੁੱਖ ਹੋਣਗੇ, ਜਿਸ ਤੋਂ ਇਲਾਵਾ ਨਿਰਦੇਸ਼ਕ ਵਿਸ਼ਾਲ ਕੌਸ਼ਿਕ ਵੀ ਮਹੱਤਵਪੂਰਨ ਭੂਮਿਕਾਵਾਂ ਨਿਭਾਉਂਦੇ ਨਜ਼ਰੀ ਪੈਣਗੇ, ਜੋ ਪਹਿਲੇ ਵਾਰ ਅਜਿਹੇ ਨਿਵੇਕਲੇ ਰੋਲ ਵਿੱਚ ਵਿਖਾਈ ਦੇਣਗੇ, ਜਿਸ ਤਰ੍ਹਾਂ ਦਾ ਕਿਰਦਾਰ ਉਨ੍ਹਾਂ ਵੱਲੋਂ ਅਪਣੀ ਕਿਸੇ ਫਿਲਮ ਵਿੱਚ ਅਦਾ ਨਹੀਂ ਕੀਤਾ ਗਿਆ।
ਸਿਨੇਮਾ ਗਲਿਆਰਿਆਂ ਵਿੱਚ ਨਿਰਮਾਣ ਪੜ੍ਹਾਅ ਤੋਂ ਹੀ ਚਰਚਾ ਦਾ ਕੇਂਦਰ ਬਿੰਦੂ ਬਣਦੀ ਆ ਰਹੀ ਅਤੇ ਬਹੁ-ਭਾਸ਼ਾਵਾਂ 'ਚ ਸਾਹਮਣੇ ਲਿਆਂਦੀ ਜਾ ਰਹੀ ਇਸ ਫਿਲਮ ਦਾ ਅਦਾਕਾਰ ਮਿੰਟੂ ਕਾਪਾ ਵੀ ਖਾਸ ਆਕਰਸ਼ਨ ਹੋਣਗੇ, ਜਿੰਨ੍ਹਾਂ ਦੁਆਰਾ ਪਹਿਲੀ ਵਾਰ ਅਪਣੀ ਹਾਲੀਆਂ ਇਮੇਜ਼ ਤੋਂ ਇਕਦਮ ਲਾਂਭੇ ਹੋ ਕੇ ਵੱਖਰੇ ਜੌਨਰ ਦਾ ਕਿਰਦਾਰ ਅਦਾ ਕੀਤਾ ਗਿਆ ਹੈ।
ਓਧਰ ਇਸ ਫਿਲਮ ਦੁਆਰਾ ਸਿਨੇਮਾ ਖੇਤਰ ਵਿੱਚ ਬਤੌਰ ਨਿਰਦੇਸ਼ਕ ਨਵੀਂ ਪਾਰੀ ਵੱਲ ਵਧਣ ਜਾ ਰਹੇ ਅਦਾਕਾਰ ਵਿਸ਼ਾਲ ਕੌਸ਼ਿਕ ਦੇ ਹੁਣ ਤੱਕ ਦੇ ਸਿਨੇਮਾ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਗੱਲ ਦਾ ਅਹਿਸਾਸ ਸਹਿਜੇ ਹੀ ਹੋ ਜਾਂਦਾ ਹੈ ਕਿ ਉਹ ਗਿਣਤੀ ਦੀ ਬਜਾਏ ਸੋਹਣੇ ਵਰਕ ਵਿੱਚ ਜਿਆਦਾ ਵਿਸ਼ਵਾਸ਼ ਰੱਖਦੇ ਹਨ ਅਤੇ ਇਹੀ ਕਾਰਨ ਹੈ ਕਿ ਉਨ੍ਹਾਂ ਚੁਣਿੰਦਾ ਫਿਲਮਾਂ ਦੀ ਚੋਣ ਨੂੰ ਹੀ ਜਿਆਦਾ ਤਰਜ਼ੀਹ ਦਿੱਤੀ ਹੈ, ਜਿੰਨ੍ਹਾਂ ਵੱਲੋਂ ਕੀਤੀਆਂ ਗਈਆਂ ਫਿਲਮਾਂ ਅਤੇ ਵੈੱਬ ਸੀਰੀਜ਼ ਵਿੱਚ ਕ੍ਰਮਵਾਰ 'ਰਫ਼ਤਾਰ', 'ਮਿਲਤਾ ਹੈ ਚਾਂਸ ਬਾਏ ਚਾਂਸ', 'ਸ਼ਿਕਾਰੀ', 'ਚੋਬਰ' ਆਦਿ ਸ਼ੁਮਾਰ ਰਹੀਆਂ ਹਨ।
ਇਹ ਵੀ ਪੜ੍ਹੋ: