ਚੰਡੀਗੜ੍ਹ: ਪੰਜਾਬ ਦੀ ਇਤਿਹਾਸਿਕ ਅਤੇ ਪਵਿੱਤਰ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਨਾਲ ਸੰਬੰਧਤ ਕਲਾਕਾਰਾਂ ਦੀ ਪੰਜਾਬੀ ਸਿਨੇਮਾ ਅਤੇ ਮੰਨੋਰੰਜਨ ਉਦਯੋਗ ਵਿੱਚ ਧਾਂਕ ਪਿਛਲੇ ਲੰਮੇਂ ਤੋਂ ਕਾਇਮ ਹੈ, ਜਿਸ ਨੂੰ ਹੀ ਲਗਾਤਾਰਤਾ ਦੇਣ ਅਤੇ ਹੋਰ ਮਾਣ ਭਰੇ ਅਯਾਮ ਦੇਣ ਵਿੱਚ ਇੰਨੀਂ ਦਿਨੀਂ ਅਹਿਮ ਭੂਮਿਕਾ ਨਿਭਾ ਰਹੀ ਹੈ ਮਾਡਲ ਅਤੇ ਅਦਾਕਾਰਾ ਮਨੂ ਗਿੱਲ, ਜੋ ਮਿਊਜ਼ਿਕ ਵੀਡੀਓਜ਼ ਖੇਤਰ ਦਾ ਚਰਚਿਤ ਚਿਹਰਾ ਬਣਦੀ ਜਾ ਰਹੀ ਹੈ।
ਪੰਜਾਬ ਦੇ ਕਈ ਨਾਮਵਰ ਗਾਇਕ-ਗਾਇਕਾਵਾਂ ਨਾਲ ਸੰਬੰਧਤ ਮਿਊਜ਼ਿਕ ਵੀਡੀਓਜ਼ ਵਿੱਚ ਫੀਚਰਿੰਗ ਕਰ ਚੁੱਕੀ ਇਸ ਹੋਣਹਾਰ ਅਦਾਕਾਰਾ ਨੇ ਆਪਣੀ ਕਰੀਅਰ ਵੱਲ ਨਜ਼ਰਸਾਨੀ ਕਰਵਾਉਂਦਿਆਂ ਦੱਸਿਆ ਕਿ ਪ੍ਰਮਾਤਮਾ ਦੀ ਨਵਾਜਿਸ਼ ਅਤੇ ਚਾਹੁੰਣ ਵਾਲਿਆ ਦੀ ਸ਼ੁਕਰਗੁਜ਼ਾਰ ਹਾਂ ਕਿ ਕਰੀਅਰ ਦੇ ਹੁਣ ਤੱਕ ਦੇ ਪੜਾਅ ਦੌਰਾਨ ਬੇਸ਼ੁਮਾਰ ਸ਼ਾਨਦਾਰ ਮਿਊਜ਼ਿਕ ਵੀਡੀਓਜ਼ ਦਾ ਹਿੱਸਾ ਬਣਨ ਦਾ ਅਵਸਰ ਮਿਲਿਆ ਹੈ, ਜਿੰਨਾਂ ਵਿੱਚ ਕਮਲ ਖਾਨ ਦਾ 'ਹਿੱਟ ਫੈਕਟਰੀ' ਮਿਊਜ਼ਿਕ ਦੁਆਰਾ ਵੱਡੇ ਪੱਧਰ 'ਤੇ ਜਾਰੀ ਕੀਤਾ ਗਿਆ 'ਰਾਸਤੇ' ਵੀ ਸ਼ੁਮਾਰ ਰਿਹਾ, ਜੋ ਕਾਮਯਾਬੀ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਿਹਾ।
ਗੁਰੂ ਕੀ ਨਗਰੀ ਦਾ ਨਾਂਅ ਹੋਰ ਰੁਸ਼ਨਾਉਣ ਦੀ ਤਾਂਘ ਰੱਖਦੀ ਇਹ ਪ੍ਰਤਿਭਾਵਾਨ ਮਾਡਲ-ਅਦਾਕਾਰਾ ਅਨੁਸਾਰ ਐਕਟਿੰਗ ਦਾ ਸ਼ੌਂਕ ਬਚਪਨ ਤੋਂ ਮਨ 'ਤੇ ਹਾਵੀ ਰਹਿਣ ਲੱਗ ਪਿਆ ਸੀ, ਜਿਸ ਨੂੰ ਹੋਰ ਪ੍ਰਪੱਕਤਾ ਅਤੇ ਉਤਸ਼ਾਹ ਦੇਣ ਵਿੱਚ ਮਾਪਿਆ ਅਤੇ ਅਧਿਆਪਕਾਂ ਨੇ ਅਹਿਮ ਭੂਮਿਕਾ ਨਿਭਾਈ, ਜਿੰਨਾਂ ਵੱਲੋ ਸਮੇਂ ਦਰ ਸਮੇਂ ਦਿੱਤੇ ਯੋਗ ਮਾਰਗ-ਦਰਸ਼ਨ ਅਤੇ ਵਧਾਏ ਮਨੋਬਲ ਸਦਕਾ ਹੀ ਅਪਣੇ ਇਸ ਮਨਪਸੰਦ ਖੇਤਰ ਵਿੱਚ ਕੁਝ ਕਰ ਗੁਜ਼ਰਣ ਦੇ ਅਪਣੇ ਸੁਫਨਿਆਂ ਨੂੰ ਤਾਬੀਰ ਦੇ ਪਾ ਰਹੀ ਹਾਂ।
ਇਸ ਦੇ ਬਾਵਜੂਦ ਮੇਰੀ ਸੋਚ 'ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ' ਦੇ ਨਾਲ ਤੇ ਹੀ ਕੇਂਦਰਿਤ ਰਹਿੰਦੀ ਹੈ ਹਮੇਸ਼ਾ, ਇਸ ਲਈ ਆਪਣੇ ਸਾਹਮਣੇ ਆਉਣ ਵਾਲੇ ਮਿਊਜ਼ਿਕ ਵੀਡੀਓਜ਼ ਪ੍ਰੋਜੈਕਟਸ ਵਿੱਚੋਂ ਕੇਵਲ ਉਨਾਂ ਨੂੰ ਹੀ ਕਰਨਾ ਜਿਆਦਾ ਪਸੰਦ ਕਰਦੀ ਆ ਰਹੀ ਹਾਂ, ਜਿੰਨਾਂ ਵਿੱਚ ਬਤੌਰ ਐਕਟ੍ਰੈਸ ਕੁਝ ਵੱਖਰਾ ਅਤੇ ਨਿਵੇਕਲਾ ਕਰਨ ਨੂੰ ਮਿਲੇ ਅਤੇ ਅਪਣਾਏ ਜਾਣ ਵਾਲੇ ਇੰਨਾਂ ਮਾਪਦੰਡਾਂ ਦਾ ਸਿਲਸਿਲਾ ਆਉਣ ਵਾਲੇ ਦਿਨਾਂ ਵਿਚ ਵੀ ਇਸੇ ਤਰਾਂ ਬਰਕਰਾਰ ਰਹੇਗਾ।'
ਸੰਗੀਤਕ ਵੀਡੀਓਜ਼ ਦੇ ਖੇਤਰ ਵਿੱਚ ਚੋਖਾ ਨਾਮਣਾ ਖੱਟਣ ਬਾਅਦ ਹੁਣ ਸਿਨੇਮਾ ਦੇ ਖੇਤਰ ਵਿੱਚ ਵੀ ਨਿਵੇਕਲੀ ਪਹਿਚਾਣ ਸਥਾਪਤੀ ਵੱਲ ਕਦਮ ਅੱਗੇ ਵਧਾ ਚੁੱਕੀ ਇਸ ਬਿਹਤਰੀਨ ਅਦਾਕਾਰਾ ਨੇ ਅਪਣੀਆਂ ਅਗਾਮੀ ਯੋਜਨਾਵਾਂ ਸੰਬੰਧੀ ਚਰਚਾ ਕਰਦਿਆਂ ਦੱਸਿਆ ਕਿ ਉਸ ਦਾ ਅਗਲਾ ਨਿਸ਼ਾਨਾ ਕੁਝ ਅਜਿਹੀਆਂ ਫਿਲਮਾਂ ਦਾ ਹਿੱਸਾ ਬਣਨ ਦਾ ਹੈ, ਜਿਨਾਂ ਵਿੱਚ ਨਿਭਾਏ ਕਿਰਦਾਰ ਲੰਮੇਂ ਸਮੇਂ ਤੱਕ ਅਪਣੀ ਅਮਿਟ ਛਾਪ ਦਰਸ਼ਕਾਂ ਦੇ ਮਨਾਂ 'ਚ ਛੱਡ ਸਕਣ।