ਚੰਡੀਗੜ੍ਹ: ਪੰਜਾਬੀ ਫਿਲਮ ਇੰਡਸਟਰੀ ਵਿੱਚ ਅਦਾਕਾਰ ਦੇ ਤੌਰ ਉਤੇ ਮਾਣਮੱਤੀ ਪਹਿਚਾਣ ਸਥਾਪਿਤ ਕਰਨ ਵਿੱਚ ਸਫ਼ਲ ਰਹੇ ਹਨ ਅਦਾਕਾਰ ਨਵ ਬਾਜਵਾ, ਜੋ ਹੁਣ ਨਿਰਦੇਸ਼ਕ ਦੇ ਤੌਰ ਉਤੇ ਵੀ ਨਵੇਂ ਦਿਸਹਿੱਦੇ ਸਿਰਜਣ ਵੱਲ ਵੱਧ ਰਹੇ ਹਨ, ਜਿੰਨ੍ਹਾਂ ਦੀਆਂ ਇਸ ਦਿਸ਼ਾ ਵਿੱਚ ਸਿਰਜੀਆਂ ਜਾ ਰਹੀਆਂ ਮਜ਼ਬੂਤ ਪੈੜ੍ਹਾਂ ਦਾ ਹੀ ਪ੍ਰਭਾਵੀ ਇਜ਼ਹਾਰ ਕਰਵਾਉਣ ਜਾ ਰਹੀ ਉਨ੍ਹਾਂ ਦੀ ਬਤੌਰ ਨਿਰਦੇਸ਼ਕ ਨਵੀਂ ਪੰਜਾਬੀ ਫਿਲਮ 'ਮਧਾਣੀਆਂ', ਜੋ ਬੀਤੇ ਦਿਨੀਂ ਕੀਤੇ ਗਏ ਰਸਮੀ ਐਲਾਨ-ਨਾਮੇ ਬਾਅਦ ਆਨ ਫਲੌਰ ਪੜਾਅ ਦਾ ਹਿੱਸਾ ਬਣ ਚੁੱਕੀ ਹੈ।
'ਪ੍ਰਭ ਸਟੂਡਿਓਜ਼' ਅਤੇ 'ਨਵ ਬਾਜਵਾ ਫਿਲਮਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਦੋਨੋਂ ਜ਼ਿੰਮੇਵਾਰੀਆਂ ਨਵ ਬਾਜਵਾ ਸੰਭਾਲ ਰਹੇ ਹਨ, ਜੋ ਇਸ ਤੋਂ ਪਹਿਲਾਂ ਸਾਲ 2018 ਵਿੱਚ ਆਈ ਬਹੁ-ਚਰਚਿਤ ਅਤੇ ਸਾਇੰਸ ਫਿਕਸ਼ਨ ਪੰਜਾਬੀ ਫਿਲਮ 'ਰੇਡੂਆ' ਦਾ ਵੀ ਨਿਰਦੇਸ਼ਨ ਸਫਲਤਾਪੂਰਵਕ ਕਰ ਚੁੱਕੇ ਹਨ ਅਤੇ ਅੱਜਕੱਲ੍ਹ ਇਸੇ ਦੇ ਸੀਕਵਲ 'ਰੇਡੂਆ ਰਿਟਰਨਜ਼' ਨੂੰ ਵੀ ਫਿਲਮਕਾਰ ਵਜੋਂ ਅੰਜ਼ਾਮ ਦੇਣ ਵਿੱਚ ਜੁਟੇ ਹੋਏ ਹਨ।
ਓਧਰ ਉਕਤ ਸ਼ੁਰੂ ਹੋਈ ਨਵੀਂ ਫਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਦੀ ਗੱਲ ਕੀਤੀ ਜਾਵੇ ਤਾਂ ਪਰਿਵਾਰਿਕ-ਡਰਾਮਾ ਕਹਾਣੀ-ਸਾਰ ਅਧਾਰਿਤ ਇਸ ਫਿਲਮ ਵਿੱਚ ਜਿੱਥੇ ਦੇਵ ਖਰੌੜ ਅਤੇ ਨੀਰੂ ਬਾਜਵਾ ਨਾਲ ਲੀਡਿੰਗ ਕਿਰਦਾਰ ਵਿੱਚ ਨਜ਼ਰੀ ਪੈਣਗੇ ਅਦਾਕਾਰ ਨਵ ਬਾਜਵਾ, ਉੱਥੇ ਇੰਨ੍ਹਾਂ ਦੋਹਾਂ ਸਟਾਰਜ਼ ਨੂੰ ਪਹਿਲੀ ਵਾਰ ਇਕੱਠਿਆਂ ਨਿਰਦੇਸ਼ਨ ਕਰਨ ਦਾ ਮਾਣ ਵੀ ਹਾਸਿਲ ਕਰਨਗੇ, ਜਿੰਨ੍ਹਾਂ ਦੀ ਇਹ ਫਿਲਮ ਕਾਫ਼ੀ ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਹੈ।
ਪਾਲੀਵੁੱਡ ਦੀਆਂ ਕਈ ਅਰਥ-ਭਰਪੂਰ ਫਿਲਮਾਂ ਦਾ ਲੀਡ ਐਕਟਰ ਦੇ ਰੂਪ ਵਿੱਚ ਸ਼ਾਨਦਾਰ ਹਿੱਸਾ ਰਹੇ ਹਨ ਅਦਾਕਾਰ ਨਵ ਬਾਜਵਾ, ਜੋ ਬਹੁਤ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਪੰਜਾਬੀ ਸਿਨੇਮਾ ਦੇ ਮੋਹਰੀ ਕਤਾਰ ਐਕਟਰਜ਼ ਵਿੱਚ ਅਪਣੀ ਮੌਜ਼ੂਦਗੀ ਦਰਜ ਕਰਵਾਉਣ ਵਿੱਚ ਸਫ਼ਲ ਰਹੇ ਹਨ, ਜਿੰਨ੍ਹਾਂ ਦੀਆਂ ਹੁਣ ਤੱਕ ਸਾਹਮਣੇ ਆਈਆਂ ਫਿਲਮਾਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨ੍ਹਾਂ ਵਿੱਚ 'ਚੰਨ ਤਾਰਾ', 'ਪਿਓਰ', 'ਇਸ਼ਕਾ', 'ਫਤਹਿ ਪੰਜਾਬੀ', 'ਕਿੱਟੀ ਪਾਰਟੀ', 'ਕਿਰਦਾਰ ਏ ਸਰਦਾਰ', 'ਸਲਿਊਟ', 'ਕੁਕਨੂਸ', 'ਦਿਲ ਹੋਣਾ ਚਾਹੀਦਾ ਜਵਾਨ' ਆਦਿ ਸ਼ੁਮਾਰ ਰਹੀਆਂ ਹਨ, ਜਿੰਨ੍ਹਾਂ ਵਿੱਚ ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਸਰਾਹਿਆ ਗਿਆ।
ਇਹ ਵੀ ਪੜ੍ਹੋ: