ਜਾਮਨਗਰ: ਗੁਜਰਾਤ ਦੇ ਜਾਮਨਗਰ ਦੇ ਗੋਵਾਨਾ ਪਿੰਡ 'ਚ ਮੰਗਲਵਾਰ ਸ਼ਾਮ ਬੋਰਵੈੱਲ 'ਚ ਡਿੱਗੇ ਦੋ ਸਾਲ ਦੇ ਬੱਚੇ ਨੂੰ ਬੁੱਧਵਾਰ ਤੜਕੇ ਬਚਾਅ ਲਿਆ ਗਿਆ। ਨੌਂ ਘੰਟੇ ਤੋਂ ਵੱਧ ਦੇ ਅਪਰੇਸ਼ਨ ਤੋਂ ਬਾਅਦ ਅੱਜ ਤੜਕੇ ਉਸ ਨੂੰ ਸੁਰੱਖਿਅਤ ਢੰਗ ਨਾਲ ਬੋਰਵੈੱਲ ਤੋਂ ਬਾਹਰ ਕੱਢ ਲਿਆ ਗਿਆ। ਫਿਲਹਾਲ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਹ ਪਤਾ ਨਹੀਂ ਲੱਗ ਸਕਿਆ ਕਿ ਉਹ ਬੋਰਵੈੱਲ ਵਿੱਚ ਕਿਵੇਂ ਡਿੱਗਿਆ।
ਇਸ ਸਬੰਧੀ ਜਾਣਕਾਰੀ ਮੁਤਾਬਕ ਗੋਵਾਨਾ ਪਿੰਡ 'ਚ ਮੰਗਲਵਾਰ ਸ਼ਾਮ ਨੂੰ ਅਚਾਨਕ ਵੱਡੀ ਗਿਣਤੀ 'ਚ ਲੋਕ ਇਕ ਬੋਰਵੈੱਲ ਨੇੜੇ ਇਕੱਠੇ ਹੋ ਗਏ। ਬਾਅਦ ਵਿੱਚ ਪਤਾ ਲੱਗਿਆ ਕਿ ਇੱਕ ਦੋ ਸਾਲ ਦਾ ਬੱਚਾ ਇਸ ਵਿੱਚ ਡਿੱਗ ਗਿਆ ਸੀ। ਸਥਾਨਕ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਤੁਰੰਤ ਮੌਕੇ 'ਤੇ ਪਹੁੰਚ ਗਈ। ਬੱਚਾ ਸ਼ਾਮ ਕਰੀਬ 6:30 ਵਜੇ ਬੋਰਵੈੱਲ ਵਿੱਚ ਡਿੱਗ ਗਿਆ ਸੀ। ਸਥਿਤੀ ਦੇ ਮੱਦੇਨਜ਼ਰ, ਫਾਇਰ ਸਰਵਿਸਿਜ਼ ਵਿਭਾਗ ਦੀਆਂ ਦੋ ਟੀਮਾਂ ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸਡੀਆਰਐਫ) ਅਤੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਦੀਆਂ ਟੀਮਾਂ ਨੂੰ ਬਚਾਅ ਕਾਰਜ ਲਈ ਬੁਲਾਇਆ ਗਿਆ ਸੀ।
ਬਚਾਅ ਟੀਮ ਦੇ ਮੈਂਬਰਾਂ ਨੇ ਰਾਤ ਭਰ ਦੀ ਸਖ਼ਤ ਮਿਹਨਤ ਤੋਂ ਬਾਅਦ ਬੱਚੇ ਨੂੰ ਬਚਾਉਣ ਵਿੱਚ ਸਫਲਤਾ ਹਾਸਲ ਕੀਤੀ। ਜਨਵਰੀ ਦੇ ਸ਼ੁਰੂ ਵਿੱਚ, ਗੁਜਰਾਤ ਦੇ ਦਵਾਰਕਾ ਜ਼ਿਲ੍ਹੇ ਵਿੱਚ ਇੱਕ ਬੋਰਵੈੱਲ ਵਿੱਚ ਡਿੱਗਣ ਵਾਲੀ ਤਿੰਨ ਸਾਲ ਦੀ ਬੱਚੀ ਨੂੰ ਬਚਾਏ ਜਾਣ ਦੇ ਇੱਕ ਘੰਟੇ ਦੇ ਅੰਦਰ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਹੀ ਮੌਤ ਹੋ ਗਈ ਸੀ। ਲੜਕੀ, ਜਿਸ ਦੀ ਪਛਾਣ ਏਂਜਲ ਸਖਾਰਾ ਵਜੋਂ ਹੋਈ ਹੈ, ਉਸ ਨੂੰ ਅੱਠ ਘੰਟੇ ਦੇ ਲੰਬੇ ਆਪਰੇਸ਼ਨ ਤੋਂ ਬਾਅਦ ਬਚਾਇਆ ਗਿਆ ਅਤੇ ਖੰਭਾਲੀਆ ਕਸਬੇ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਲੋਕਾਂ ਨੇ ਇਸ ਘਟਨਾ ਲਈ ਬੋਰਵੈੱਲ ਨੂੰ ਅਸੁਰੱਖਿਅਤ ਢੰਗ ਨਾਲ ਖੁੱਲ੍ਹਾ ਛੱਡਣ ਦਾ ਦੋਸ਼ ਲਗਾਇਆ। ਲੋਕਾਂ ਨੇ ਕਿਹਾ ਕਿ ਪਹਿਲਾਂ ਵੀ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ, ਫਿਰ ਵੀ ਲੋਕ ਇਸ ਤੋਂ ਸਬਕ ਨਹੀਂ ਸਿੱਖਦੇ।